ਨਵੀਂ ਦਿੱਲੀ 12 ਅਗਸਤ (ਮਨਪ੍ਰੀਤ ਸਿੰਘ ਖਾਲਸਾ):- 15 ਅਗਸਤ ਨੂੰ ਹਿੰਦੁਸਤਾਨ ਤਾਂ ਆਜ਼ਾਦ ਹੋ ਗਿਆ ਪਰ ਇਸ ਲਈ ਵੱਡਾ ਸੰਘਰਸ਼ ਕਰਣ ਵਾਲੇ ਅਤੇ 92% ਸ਼ਹੀਦੀਆਂ ਦੇਣ ਦੇ ਨਾਲ ਕਾਲੇ ਪਾਣੀਆਂ ਵਰਗੀਆਂ ਅਤਿ ਕਠੋਰ ਸਜ਼ਾਵਾਂ ਭੁਗਤਨ ਵਾਲੇ ਹਿੰਦੁਸਤਾਨ ਦੀ ਸੱਤਾ ਸੰਭਾਲਣ ਵਾਲਿਆਂ ਕੋਲੋਂ ਜ਼ਰਾਇਮਪੇਸ਼ਾ ਕਰਾਰ ਦੇ ਦਿੱਤੇ ਗਏ । ਸਿੱਖਾਂ ਨਾਲ ਆਜ਼ਾਦੀ ਦੀ ਪ੍ਰਾਪਤੀ ਤੋਂ ਪਹਿਲਾਂ ਕੀਤੇ ਗਏ ਵਾਅਦੇ ਇਹ ਕਹਿ ਕੇ “ਵੋਹ ਵਕਤ ਕੁਝ ਓਰ ਥਾ ਓਰ ਅਬ ਵਕਤ ਕੁਝ ਓਰ ਹੈ” ਦੇਸ਼ ਅੰਦਰ ਦੂਜੇ ਦਰਜੇ ਦੇ ਸ਼ਹਿਰੀ ਹੋਣ ਦੇ ਨਾਲ ਉਨ੍ਹਾਂ ਵਲੋਂ ਕੀਤੀਆਂ ਕੁਰਬਾਣੀਆਂ ਦਾ ਮੁੱਲ ਅਕਿਰਤਘਣਤਾ ਨਾਲ ਦਿੱਤਾ ਗਿਆ । 15 ਅਗਸਤ ਨੂੰ, ਜਦੋਂ ਹਿੰਦੁਸਤਾਨ ਆਪਣੀ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਹੈ, ਦੁਨੀਆ ਭਰ ਦੇ ਸਿੱਖ ਟੁੱਟੇ ਹੋਏ ਵਾਅਦਿਆਂ, ਬੇਇਨਸਾਫ਼ੀਆਂ ਅਤੇ ਦਹਾਕਿਆਂ ਦੇ ਜ਼ੁਲਮ ਨੂੰ ਯਾਦ ਕਰਦੇ ਹਨ ਜਿਨ੍ਹਾਂ ਦਾ ਸਾਡੇ ਲੋਕਾਂ ਨੇ ਸਾਹਮਣਾ ਕੀਤਾ ਹੈ। ਸਾਡੇ ਲਈ, ਇਹ ਦਿਨ ਕੋਈ ਜਸ਼ਨ ਨਹੀਂ ਹੈ – ਇਹ ਇੱਕ ਕਾਲਾ ਦਿਨ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਗਿਆਨੀ ਮਾਲਕ ਸਿੰਘ ਜੋ ਕਿ ਇਸ ਸਮੇਂ ਕੈਨੇਡਾ ਅੰਦਰ ਪ੍ਰਚਾਰ ਫੇਰੀ ਤੇ ਵਿਚਰ ਰਹੇ ਹਨ ਨੇ ਕਿਹਾ ਕਿ ਸਰਕਾਰਾਂ ਵਲੋਂ ਮਨਾਏ ਜਾਂਦੇ ਇਹੋ ਜਿਹੀ ਆਜ਼ਾਦੀ ਦੇ ਜਸ਼ਨਾ ਦਾ ਸਮੂਹ ਸਿੱਖਾਂ ਨੂੰ ਬਾਈਕਾਟ ਕਰਣਾ ਚਾਹੀਦਾ ਹੈ ਤੇ ਕੌਮੀ ਘਰ ਦੀ ਪ੍ਰਾਪਤੀ ਲਈ ਹੰਭਲਾ ਮਾਰਨਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਸਮੁਚੇ ਪੰਥ ਨੂੰ ਇਕ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਇਕਠੀਆਂ ਹੁੰਦਿਆਂ ਲੰਮੇ ਸਮੇਂ ਤੋਂ ਵੱਖ ਵੱਖ ਜੇਲ੍ਹਾਂ ਅੰਦਰ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਇਕ ਵੱਡਾ ਸੰਘਰਸ਼ ਛੇੜਨ ਦੀ ਸਖ਼ਤ ਲੋੜ ਹੈ ਇਸ ਲਈ ਐਸਜੀਪੀਸੀ, ਦਿੱਲੀ ਕਮੇਟੀ ਤੇ ਹਰਿਆਣਾ ਕਮੇਟੀ ਦੇ ਨਾਲ ਸਿੱਖ ਪੰਥ ਦੀਆਂ ਰਾਜਸੀ, ਧਾਰਮਿਕ, ਟਕਸਾਲਾਂ, ਨਿਹੰਗ ਜੱਥੇਬੰਦੀਆਂ ਦੇ ਨਾਲ ਫੈਡਰੇਸ਼ਨਾਂ ਨੂੰ ਵੀਂ ਅੱਗੇ ਆਣ ਦੀ ਲੋੜ ਹੈ ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।