31 ਦਸੰਬਰ 1925 ਇਕ ਮੁਸਲਮਾਨ ਫ਼ਕੀਰ ਦੀ ਸੇਵਾ ਦਰਬਾਰ ਸਾਹਿਬ (ਲੇਖਕ ਬਲਦੀਪ ਸਿੰਘ ਰਾਮੂਵਾਲੀਆ) 
ਦਸੰਬਰ 1925 ਈਸਵੀ ਨੂੰ , ਦਿੱਲੀ ਆਲੇ ਸਰਦਾਰ ਧਰਮ ਸਿੰਘ (ਠੇਕੇਦਾਰ) ਹੁਣਾਂ ਦੇ ਸੱਦੇ ਤੇ ਰਾਗੀ ਭਾਈ ਹੀਰਾ ਸਿੰਘ (ਪੰਥ ਰਤਨ) ਭਰਥਪੁਰ ਗਏ ਸਨ , ਉਥੋਂ ਅੱਗੇ ਪ੍ਰਚਾਰ ਕਰਦੇ ਕਰਦੇ ਗਵਾਲੀਅਰ ਦੀ ਸੰਗਤ ਦੇ ਸੱਦੇ ਉੱਤੇ ਉਥੇ ਪਹੁੰਚੇ ਤਾਂ ਇਕ ਮੁਸਲਮਾਨ ਫ਼ਕੀਰ , ਹਾਜੀ ਮੁਹੰਮਦ ਮਸਕੀਨ (ਜਿਸਦਾ ਪਿੱਛਾ ਤੇ ਲਾਹੌਰ ਦਾ ਸੀ , ਪਰ ਜੀਵਨ ਦਾ ਬਹੁਤਾ ਸਮਾਂ ਮੱਕੇ ਮਦੀਨੇ ਬਤੀਤ ਕੀਤਾ ਸੀ ) ਨੇ ਜਦ ਭਾਈ ਸਾਹਿਬ ਦਾ ਕੀਰਤਨ ਸੁਣਿਆ ਤਾਂ ਇਹ ਇਹਨਾਂ ਵੱਲ ਖਿੱਚਿਆ ਗਿਆ। ਗੱਲਬਾਤ ਕਰਨ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੇ ਪ੍ਰੇਮ ਦੀਆਂ ਤਰੰਗਾਂ ਇਸ ਮੁਸਲਮਾਨ ਫ਼ਕੀਰ ਦੇ ਦਿਲ ਵਿਚ ਮਚਲਣ ਲਗੀਆਂ ਅਤੇ ਇਹ ਭਾਈ ਸਾਹਿਬ ਸਮੇਤ ਦਰਬਾਰ ਸਾਹਿਬ ਅੰਮ੍ਰਿਤਸਰ ਇਕ ਕੀਮਤੀ ਚੌਰ ਸਾਹਿਬ ਲੈ ਕੇ ਹਾਜ਼ਰ ਹੋਇਆ।
31 ਦਸੰਬਰ 1925 ਈਸਵੀ ਵਾਲੇ ਦਿਨ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਬਹੁ ਭਾਰੀ ‘ਕੱਠ ਸਜਿਆ।ਇਸ ਵਿੱਚ ਹਾਜੀ ਮੁਹੰਮਦ ਮਸਕੀਨ ਵੀ ਹਾਜ਼ਰ ਸੀ। ਜਿਸ ਵਿਚ ਕੀਰਤਨ ਦੀ ਸਮਾਪਤੀ ਮਗਰੋਂ ਰਾਗੀ ਭਾਈ ਹੀਰਾ ਸਿੰਘ ਜੀ ਹੁਣਾਂ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ….
” ਇਹ ਮੁਸਲਮਾਨ ਫਕੀਰ ਜੋ ਮੇਰੇ ਨਾਲ ਬੈਠੇ ਹਨ, ਦੁਨੀਆਂ ਦਾ ਬੜਾ ਚੱਕਰ ਕਟ ਚੁਕੇ ਹਨ। ਹੁਣ ਗੁਰੂ ਨਾਨਕ ਦੇਵ ਜੀ ਦੇ ਪ੍ਰੇਮ ਰੰਗ ਵਿਚ ਰੱਤੇ , ਇਹ ਇਥੇ ਪੁਜੇ ਹਨ। ਪੰਜ ਸਾਲ ਤੇ ਸਤ ਮਹੀਨੇ ਲਗਾਤਾਰ ਪ੍ਰੇਮ ਸੇਵਾ ਕਰਕੇ ਇਨ੍ਹਾਂ ਨੇ ਚੰਦਨ ਦਾ ਚੌਰ ਤਿਆਰ ਕੀਤਾ ਹੈ, ਜਿਸ ਦੀਆਂ ਵਾਲ ਵਰਗੀਆਂ ਇਕ ਲੱਖ ਪੰਜਤਾਲੀ ਹਜ਼ਾਰ ਤਾਰਾਂ ਹਨ, ਨੌ ਮਣ ਚੌਦਾਂ ਸੇਰ ਚੰਦਨ ਵਿਚੋਂ ਇਹ ਤਾਰਾਂ ਤਿਆਰ ਹੋਈਆਂ ਹਨ।ਹਾਜੀ ਮੁਹੰਮਦ ਮਸਕੀਨ ਜੀ ਇਹ ਚੌਰ ਸ੍ਰੀ ਦਰਬਾਰ ਸਾਹਿਬ ਜੀ ਦੀ ਭੇਟਾ ਕਰਨ ਪੁਜੇ ਹਨ….”
ਫੇਰ ਹਾਜੀ ਜੀ ਦੁਆਰਾ ਤਿਆਰ ਕੀਤੇ ਚੌਰ ਦੇ ਦਰਸ਼ਨ, ਦੀਵਾਨ ਦਾ ਹਿੱਸਾ ਬਣੀ ਸੰਗਤ ਨੂੰ ਕਰਵਾਏ ਗਏ। ਇਸਦੀ ਮੁੱਠ ਚੰਦਨ ਦੀ ਹੈ ਤੇ ਇਸਤੇ ਇਸਨੂੰ ਬਨਾਉਣ ਦੀ ਸਮਾਗਰੀ ਅਤੇ ਬਨਾਉਣ ਵਾਲੇ ਦਾ ਨਾਮ ਉਰਦੂ ਵਿਚ ਉਕਰਿਆ ਹੋਇਆ ਹੈ।
ਦਰਬਾਰ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਾਜੀ ਮੁਹੰਮਦ ਮਸਕੀਨ ਜੀ ਨੂੰ 101 ਮੋਹਰਾਂ ਅਤੇ 160 ਰੁਪਏ ਕੀਮਤ ਦਾ ਧੁਸਾ, ਇਕ ਬਨਾਰਸੀ ਰੇਸ਼ਮੀ ਦੁਪਟਾ ਅਤੇ ਇਕ ਖਦਰ ਦਾ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ; ਇਹਨਾਂ ਸਨਮਾਨ ਚਿੰਨ੍ਹਾਂ ਨੂੰ ਉਨ੍ਹਾਂ ਆਪਣੇ ਨੇਤ੍ਰਾਂ ਨਾਲ ਛੁਹਾਇਆ।
ਫਿਰ ਜਦ ਹਾਜੀ ਜੀ ਨੇ ਸੰਗਤ ਦਾ ਧੰਨਵਾਦ ਕੀਤਾ ਤਾਂ ਕਿਹਾ ਕਿ…..” ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਮਨ ਨੂੰ ਸ਼ਾਂਤੀ ਪੁਜੀ ਹੈ ਅਤੇ ਆਪਣੇ ਆਪ ਹੀ ਮਨ ਵਿਚੋਂ ਇਹ ਆਵਾਜ਼ ਨਿਕਲ ਉਠੀ ਹੈ ਕਿ ਜਿਸ ਧਾਰਮਿਕ ਅਸਥਾਨ ਦੀ ਭਾਲ ਵਿਚ ਦੁਨੀਆਂ ਦਾ ਚੱਕਰ ਕੱਟਿਆ ਹੈ, ਚੰਗੇ ਭਾਗਾਂ ਨੂੰ ਸ੍ਰੀ ਅੰਮ੍ਰਿਤਸਰ ਪਹੁੰਚ ਕੇ ਉਸਦੇ ਦਰਸ਼ਨ ਹੋਏ ਹਨ। ਸ੍ਰੀ ਦਰਬਾਰ ਸਾਹਿਬ ਹੀ ਸਹੀ ਮਾਇਨਿਆਂ ਵਿਚ ਖੁਦਾ ਦਾ ਘਰ ਹੈ ।”
ਬਲਦੀਪ ਸਿੰਘ ਰਾਮੂੰਵਾਲੀਆ
