ਫਰੈਂਕਫਰਟ 18 ਮਈ: ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਅਮਰੀਕਾ, ਕੋ-ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ , ਭਾਈ ਜਤਿੰਦਰ ਸਿੰਘ ਜਰਮਨੀ, ਮੁੱਖ ਬੁਲਾਰੇ ਭਾਈ ਜੋਗਾ ਸਿੰਘ, ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ ਇੰਗਲੈਂਡ, ਭਾਈ ਮਨਬੀਰ ਸਿੰਘ ਸੰਧੂ ਭਾਈ ਭਗਤ ਸਿੰਘ ਕਨੇਡਾ ,ਭਾਈ ਪਿ੍ਰਤਪਾਲ ਸਿੰਘ ਸਵਿਟਜ਼ਰਲੈਂਡ , ਜਸਵਿੰਦਰ ਸਿੰਘ ਹਾਲੈਡ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਕਰਦਿਆਂ ਹੋਇਆਂ ਕਿਹਾ ਕਿ ਭਾਰਤ ਦੀ ਹਿੰਦੂਵਾਦੀ ਹਕੂਮਤ ਵੱਲੋਂ ਸਿੱਖ ਕੌਮ ਨੂੰ ਉਨ੍ਹਾਂ ਦੇ ਪਾਕਿਸਤਾਨ ਸਥਿਤ ਪਾਵਨ ਗੁਰਧਾਮਾਂ, ਖਾਸ ਕਰਕੇ ਸ੍ਰੀ ਕਰਤਾਰਪੁਰ ਸਾਹਿਬ, ਦੇ ਦਰਸ਼ਨਾਂ ਤੋਂ ਰੋਕਣ ਲਈ ਘੜੀਆਂ ਜਾ ਰਹੀਆਂ ਘਿਨਾਉਣੀਆਂ ਸਾਜ਼ਿਸ਼ਾਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਇੱਕ ਮਾਸੂਮ ਸਿੱਖ ਨੌਜਵਾਨ ਨੂੰ ਬੇਬੁਨਿਆਦ ਤਰੀਕੇ ਨਾਲ ‘ਪਾਕਿ ਜਾਸੂਸ’ ਕਰਾਰ ਦੇ ਕੇ ਗ੍ਰਿਫ਼ਤਾਰ ਕਰਨਾ, ਇਸੇ ਸਾਜ਼ਿਸ਼ ਦਾ ਇੱਕ ਹਿੱਸਾ ਹੈ ਜਿਸਦਾ ਮਕਸਦ ਸਿੱਖ ਸੰਗਤਾਂ ਵਿੱਚ ਡਰ ਅਤੇ ਸਹਿਮ ਪੈਦਾ ਕਰਨਾ ਹੈ ਤਾਂ ਜੋ ਉਹ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਤੋਂ ਗੁਰੇਜ਼ ਕਰਨ।
ਵਰਲਡ ਸਿੱਖ ਪਾਰਲੀਮੈਂਟ ਸਪੱਸ਼ਟ ਕਰਦੀ ਹੈ ਕਿ ਇਹ ਕਾਰਵਾਈ ਕੋਈ ਇਤਫ਼ਾਕ ਨਹੀਂ ਬਲਕਿ ਇੱਕ ਗਿਣੀ-ਮਿੱਥੀ ਸਾਜ਼ਿਸ਼ ਹੈ ਜੋ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਸਿੱਖ ਕੌਮ ਵੱਲੋਂ ਭਾਰਤ ਪਾਕਿਸਤਾਨ ਦਰਮਿਆਨ ਜੰਗਬੰਦੀ ਤੋਂ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਸੰਗਤਾਂ ਲਈ ਮੁੜ ਖੋਲ੍ਹਣ ਦੀ ਜ਼ੋਰਦਾਰ ਮੰਗ ਕੀਤੀ ਜਾ ਰਹੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਮੇਤ ਸਮੁੱਚੀ ਸਿੱਖ ਕੌਮ ਨੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਸੁਖਾਵੇਂ ਹੋ ਰਹੇ ਹਾਲਾਤਾਂ ਦੇ ਮੱਦੇਨਜ਼ਰ ਇਸ ਲਾਂਘੇ ਨੂੰ ਤੁਰੰਤ ਖੋਲ੍ਹਣ ਦੀ ਅਪੀਲ ਕੀਤੀ ਹੈ। ਪਰ ਭਾਰਤੀ ਹਕੂਮਤ, ਜੋ ਹਮੇਸ਼ਾ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਸਿੱਖਾਂ ਦੇ ਪਾਕਿਸਤਾਨ ਨਾਲ ਇਤਿਹਾਸਕ ਸਬੰਧਾਂ ਨੂੰ ਕੁਚਲਣ ਲਈ ਤੱਤਪਰ ਰਹਿੰਦੀ ਹੈ, ਅਜਿਹੇ ਨੀਵੇਂ ਹੱਥਕੰਡਿਆਂ ‘ਤੇ ਉਤਰ ਆਈ ਹੈ।
ਇਸ ਤੋਂ ਵੀ ਵੱਡਾ ਪੱਖਪਾਤ ਹੈ ਕਿ ਇੱਕ ਪਾਸੇ ਭਾਰਤ ਸਰਕਾਰ ਆਪਣੇ ਵਪਾਰਕ ਹਿੱਤਾਂ ਲਈ ਵਾਹਗਾ ਸਰਹੱਦ ਨੂੰ ਖੋਲ੍ਹਣ ਲਈ ਤਿਆਰ ਹੈ, ਪਰ ਦੂਜੇ ਪਾਸੇ ਸਿੱਖਾਂ ਨੂੰ ਉਨ੍ਹਾਂ ਦੇ ਪਾਵਨ ਅਸਥਾਨਾਂ ਦੇ ਦਰਸ਼ਨਾਂ ਤੋਂ ਰੋਕਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ। ਇਸ ਲਈ ਸਰਕਾਰ ਪੱਖੀ ਅਖਬਾਰਾਂ ਅਤੇ ਪੱਤਰਕਾਰਾਂ ਵੱਲੋਂ ਮੋਹਰੀ ਭੂਮਿਕਾ ਨਿਭਾਈ ਜਾ ਰਹੀ ਹੈ । ਸਿੱਖਾਂ ਦੇ ਧਾਰਮਿਕ ਹੱਕਾਂ ਨਾਲੋਂ ਵਪਾਰ ਨੂੰ ਤਰਜੀਹ ਦੇਣਾ ਭਾਰਤੀ ਹਕੂਮਤ ਅਤੇ ਉਹਨਾਂ ਦੇ ਹਥ ਠੋਕੇ ਪੱਤਰਕਾਰਾਂ ਦੀ ਘਟੀਆ ਮਾਨਸਿਕਤਾ ਦਾ ਪ੍ਰਤੱਖ ਪ੍ਰਮਾਣ ਹੈ।
ਭਾਰਤ ਸਰਕਾਰ ਆਪਣੇ ਸੌੜੇ ਕੌਮੀ ਮੁਫਾਦਾਂ ਨੂੰ ਮੁੱਖ ਰੱਖ ਕੇ ਪਾਕਿਸਤਾਨ ਵਿਰੁੱਧ ਜੰਗ ਦਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਸਿੱਖ ਕੌਮ, ਜਿਸਨੇ ਵੰਡ ਅਤੇ ਯੁੱਧਾਂ ਦਾ ਸਭ ਤੋਂ ਵੱਧ ਸੰਤਾਪ ਭੋਗਿਆ ਹੈ, ਹਮੇਸ਼ਾ ਅਮਨ, ਸ਼ਾਂਤੀ ਅਤੇ ਆਪਸੀ ਭਾਈਚਾਰੇ ਦੀ ਗੱਲ ਕਰਦੀ ਹੈ। ਪੰਜਾਬ ਦੀ ਧਰਤੀ ਹਮੇਸ਼ਾ ਜੰਗਾਂ ਦਾ ਅਖਾੜਾ ਬਣੀ ਹੈ ਅਤੇ ਸਿੱਖਾਂ ਨੇ ਇਸਦੀ ਭਾਰੀ ਕੀਮਤ ਚੁਕਾਈ ਹੈ। ਸਿੱਖਾਂ ਦੀ ਸ਼ਾਂਤੀ ਅਤੇ ਸੁਖਾਵੇਂ ਸਬੰਧਾਂ ਦੀ ਵਕਾਲਤ ਭਾਰਤੀ ਹਕੂਮਤ ਦੇ ਪਾਕਿਸਤਾਨ ਵਿਰੁੱਧ ਨਫ਼ਰਤੀ ਬਿਰਤਾਂਤ ਅਤੇ ਖੂਨੀ ਜੰਗ ਦੇ ਰਾਜਨੀਤਿਕ ਏਜੰਡੇ ਨਾਲ ਮੇਲ ਨਹੀਂ ਖਾਂਦੀ, ਇਸ ਲਈ ਸਿੱਖਾਂ ਨੂੰ ਗਿਣੀ ਮਿੱਥੀ ਸਾਜ਼ਿਸ਼ ੳਨੁਸਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਬੇਕਸੂਰ ਸਿੱਖ ਨੌਜਵਾਨਾਂ ਨੂੰ ਬਿਨਾਂ ਕਿਸੇ ਠੋਸ ਸਬੂਤ ਦੇ ‘ਜਾਸੂਸ’ ਗਰਦਾਨ ਕੇ ਗ੍ਰਿਫ਼ਤਾਰ ਕਰਨਾ ਅਤੇ ਉਨ੍ਹਾਂ ਵਿਰੁੱਧ ਮੀਡੀਆ ਰਾਹੀਂ ਇੱਕ ਨਕਾਰਾਤਮਕ ਪ੍ਰਚਾਰ ਮੁਹਿੰਮ ਚਲਾਉਣਾ, ਸਿੱਖ ਕੌਮ ਵਿੱਚ ਡਰ ਅਤੇ ਬੇਭਰੋਸਗੀ ਪੈਦਾ ਕਰਨ ਦੀ ਸ਼ਰ੍ਹੇਆਮ ਕੋਸ਼ਿਸ਼ ਹੈ। ਇਸਦਾ ਮਕਸਦ ਸਿੱਖਾਂ ਨੂੰ ਉਨ੍ਹਾਂ ਦੇ ਧਾਰਮਿਕ ਅਸਥਾਨਾਂ ਨਾਲੋਂ ਤੋੜਨਾ ਅਤੇ ਪਾਕਿਸਤਾਨ ਨਾਲ ਕਿਸੇ ਵੀ ਤਰ੍ਹਾਂ ਦੇ ਸੰਪਰਕ ਨੂੰ ਖ਼ਤਰਨਾਕ ਸਾਬਤ ਕਰਨਾ ਹੈ।
ਵਰਲਡ ਸਿੱਖ ਪਾਰਲੀਮੈਂਟ ਸਪੱਸ਼ਟ ਕਰਦੀ ਹੈ ਕਿ ਸਿੱਖ ਕੌਮ ਭਾਰਤੀ ਹਕੂਮਤ ਦੀਆਂ ਅਜਿਹੀਆਂ ਕੋਝੀਆਂ ਚਾਲਾਂ ਵਿੱਚ ਆਉਣ ਵਾਲੀ ਨਹੀਂ ਹੈ। ਅਸੀਂ ਆਪਣੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਦੇ ਹੱਕ ਲਈ ਅਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਪੱਕੇ ਤੌਰ ‘ਤੇ ਅਤੇ ਬਿਨਾਂ ਕਿਸੇ ਬੰਦਿਸ਼ ਦੇ ਖੋਲ੍ਹਣ ਲਈ ਆਪਣਾ ਸੰਘਰਸ਼ ਜਾਰੀ ਰੱਖਾਂਗੇ। ਭਾਰਤੀ ਹਕੂਮਤ ਵੱਲੋਂ ਫੈਲਾਏ ਜਾ ਰਹੇ ਡਰ, ਨਫ਼ਰਤੀ ਬਿਰਤਾਂਤ ਅਤੇ ਜੰਗਬਾਜ਼ੀ ਦਾ ਸਿੱਖ ਕੌਮ ਹਮੇਸ਼ਾ ਡਟ ਕੇ ਮੁਕਾਬਲਾ ਕਰੇਗੀ। ਸਾਡਾ ਮਕਸਦ ਖਿੱਤੇ ਵਿੱਚ ਅਮਨ, ਸ਼ਾਂਤੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੇ ਸਿਧਾਂਤ ਅਨੁਸਾਰ ਮਾਨਵਤਾ ਦੀ ਭਲਾਈ ਹੈ, ਜਿਸਨੂੰ ਕੋਈ ਵੀ ਹਕੂਮਤ ਦਬਾ ਨਹੀਂ ਸਕਦੀ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









