ਜਰਮਨੀ 13 ਜਨਵਰੀ : ਮਹਾਨ ਸ਼ਹੀਦ ਭਾਈ ਫੌਜਾ ਸਿੰਘ ਜੀ ਦੀ ਸਿੰਘਣੀ ਬੀਬੀ ਅਮਰਜੀਤ ਕੌਰ ਅਕਾਲ ਚਲਾਣ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਰਲਡ ਸਿੱਖ ਪਾਰਲੀਮੈਂਟ ਦੇ ਕੋਅਰਡੀਨੇਟਰ ਭਾਈ ਹਿੰਮਤ ਸਿੰਘ ਅਮਰੀਕਾ, ਕੋ-ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਜਰਮਨੀ, ਮੁੱਖ ਬੁਲਾਰੇ ਭਾਈ ਜੋਗਾ ਸਿੰਘ, ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ ਇੰਗਲੈਂਡ, ਭਾਈ ਜਤਿੰਦਰ ਸਿੰਘ ਜਰਮਨੀ, ਭਾਈ ਜਸਵਿੰਦਰ ਸਿੰਘ,ਹਰਜੋਤ ਸਿੰਘ ਸੰਧੂ ਹਾਲੈਂਡ,ਭਾਈ ਪਿ੍ਰਤਪਾਲ ਸਿੰਘ ਸਵਿਟਜ਼ਰਲੈਂਡ ਨੇ ਪ੍ਰੈੱਸ ਦੇ ਨਾਂ ਜਾਰੀ ਬਿਆਨ ਕਰਦਿਆਂ ਹੋਇਆਂ
ਕਿਹਾ ਕਿ ਸਿੱਖੀ ਸਿਦਕ ਅਤੇ ਦ੍ਰਿੜਤਾ ਦੀ ਮਿਸਾਲ ਬੀਬੀ ਅਮਰਜੀਤ ਕੌਰ ਨੇ ਆਪਣਾ ਸਾਰਾ ਜੀਵਨ ਪੰਥ ਦੀ ਸੇਵਾ ਕਰਦਿਆਂ ਬਿਤਾਇਆ । ਬੀਬੀ ਅਮਰਜੀਤ ਕੌਰ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਤੇ ਹਸਪਤਾਲ ਵਿੱਚ ਦਾਖਲ ਸਨ ।
1978 ਦੀ ਵਿਸਾਖੀ ਵਾਲੇ ਦਿਨ ਗੁਰੂ ਦੋਖੀ ਨਕਲੀ ਨਿਰੰਕਾਰੀਆਂ ਦੇ ਗੁਰਬਾਣੀ ਅਤੇ ਗੁਰੂ ਸਾਹਿਬਾਨ ਪ੍ਰਤੀ ਕੂੜ ਪ੍ਰਚਾਰ ਨੂੰ ਰੋਕਣ ਗਏ ਸਿੰਘਾਂ ਦੀ ਅਗਵਾਈ ਭਾਈ ਫੌਜਾ ਸਿੰਘ ਜੀ ਕਰ ਰਹੇ ਸਨ ਅਤੇ ਉਹਨਾਂ ਨੇ ਆਪਣੇ ਸਾਥੀ ਸਿੰਘਾਂ ਨਾਲ ਸ਼ਹੀਦੀਆਂ ਪਰਾਪਤ ਕੀਤੀਆਂ ਸਨ । ਇਸ ਸਾਕੇ ਦੇ ਰੋਹ ਵਿੱਚੋਂ ਮੌਜੂਦਾ ਸਿੱਖ ਸੰਘਰਸ਼ ਦਾ ਅਰੰਭ ਹੋਇਆ ਸੀ ।
ਬੀਬੀ ਅਮਰਜੀਤ ਕੌਰ ਜੀ ਨੇ ਭਾਈ ਫੌਜਾ ਸਿੰਘ ਜੀ ਦਾ ਸਦਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ । ਜਦੋਂ ਭਾਈ ਸਾਹਿਬ ਸਿੱਖੀ ਦਾ ਪ੍ਰਚਾਰ ਕਰਦੇ ਸਨ ਤਾਂ ਬੀਬੀ ਅਮਰਜੀਤ ਕੌਰ ਨੇ ਇਸ ਸੇਵਾ ਵਿੱਚ ਉਨ੍ਹਾਂ ਦਾ ਸਾਥ ਦਿੱਤਾ । ਭਾਈ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਵੀ ਬੀਬੀ ਜੀ ਪੰਥਕ ਸਰਗਰਮੀਆਂ ਵਿੱਚ ਭਾਗ ਰਹਿੰਦੇ ਰਹੇ । 1978 ਵਿੱਚ ਭਾਈ ਫੌਜਾ ਸਿੰਘ ਦੀ ਸ਼ਹੀਦੀ ਤੋਂ ਬਾਅਦ ਭਾਰਤ ਸਰਕਾਰ ਖਿਲਾਫ ਸਿੱਖਾਂ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਬੀਬੀ ਜੀ ਅਗਵਾਈ ਕਰਦੇ ਰਹੇ ਤੇ ਉਹਨਾਂ ਨੇ ਸਿੱਖਾਂ ਖਿਲਾਫ ਹੋ ਰਹੇ ਜ਼ੁਲਮਾਂ ਖਿਲਾਫ ਨਿਡਰਤਾ ਅਤੇ ਦ੍ਰਿੜਤਾ ਨਾਲ ਅਵਾਜ਼ ਉਠਾਈ ।
ਬੀਬੀ ਅਮਰਜੀਤ ਕੌਰ ਜੀ ਦੇ ਬੋਲ ਅਤੇ ਸੇਵਾ ਸਰਕਾਰ ਨੂੰ ਚੁੱਭਦੀ ਸੀ ਤੇ ਸੰਨ 1984 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਭਾਰਤ ਸਰਕਾਰ ਦੇ ਹਮਲੇ ਤੋਂ ਬਾਅਦ ਬੀਬੀ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਤਸ਼ੱਦਦ ਦਾ ਨਿਸ਼ਾਨਾ ਬਣਾਇਆ । ਬੀਬੀ ਜੀ ਨੂੰ ਵੀ ਪੰਜਾਬ ਤੋਂ ਲੈ ਕੇ ਰਾਜਸਥਾਨ ਦੀਆਂ ਜੇਲ੍ਹਾਂ ਵਿੱਚ ਨਜ਼ਰਬੰਦ ਰੱਖਿਆ ਗਿਆ ਪਰ ਬੀਬੀ ਜੀ ਨੇ ਖਿੜੇ ਮੱਥੇ ਸਰਕਾਰੀ ਜ਼ੁਲਮ ਦਾ ਸਾਹਮਣਾ ਕੀਤਾ । ਜੇਲ੍ਹ ਵਿੱਚੋਂ ਰਿਹਾਈ ਤੋਂ ਬਾਅਦ ਵੀ ਬੀਬੀ ਅਮਰਜੀਤ ਕੌਰ ਜੀ ਪੰਥਕ ਸੇਵਾ ਵਿੱਚ ਸ਼ਾਮਲ ਰਹੇ । ਮੌਜੂਦਾ ਸਿੱਖ ਸੰਘਰਸ਼ ਦੇ ਸ਼ਹੀਦਾਂ ਸਿੰਘਾਂ ਦੇ ਪਰਿਵਾਰਾਂ ਦੀ ਦੇਖਭਾਲ ਲਈ ਸਭ ਤੋਂ ਪਹਿਲਾਂ ਬੀਬੀ ਜੀ ਨੇ ‘ਭਾਈ ਫੌਜਾ ਸਿੰਘ ਟਰੱਸਟ’ ਬਣਾਇਆ ਤੇ ਪਰਿਵਾਰਾਂ ਦੀ ਦੇਖਭਾਲ ਕਰਦੇ ਰਹੇ ।
ਬੀਬੀ ਅਮਰਜੀਤ ਕੌਰ ਸਾਰੀ ਉਮਰ ਚੜ੍ਹਦੀ ਕਲਾ ਵਿੱਚ ਪੰਥ ਦੀ ਸੇਵਾ ਕਰਦੇ ਰਹੇ । ਉਨ੍ਹਾਂ ਦੀ ਸਿਦਕ ਅਤੇ ਪੰਥਕ ਸੇਵਾ ਮਿਸਾਲੀ ਸੀ । ਉਨ੍ਹਾਂ ਦਾ ਜੀਵਨ ਅਤੇ ਸੇਵਾ ਸਿੱਖਾਂ ਦੀ ਆਜ਼ਦੀ ਲਈ ਜੂਝਦੇ ਹਰ ਮਾਈ ਭਾਈ ਲਈ ਪ੍ਰੇਰਨਾ ਦਾ ਸਰੋਤ ਹੈ । ਵਰਲਡ ਸਿੱਖ ਪਾਰਲੀਮੈਂਟ ਅਰਦਾਸ ਕਰਦੀ ਹੈ ਕਿ ਗੁਰੂ ਸਾਹਿਬ ਬੀਬੀ ਜੀ ਦੀ ਸੇਵਾ ਥਾਂਇ ਪਾਉਣ ਅਤੇ ਆਪਣੇ ਬੀਬੀ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









