ਪੱਟੀ 22 ਦਸੰਬਰ ( ਅਹਿਮਦਪੁਰ) ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ -ਇ-ਦਸਤਾਰ ਲਹਿਰ ਪੰਜਾਬ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਦੀ ਲਸਾਨੀ ਸ਼ਹਾਦਤ ਨੂੰ ਮਨਾਉਂਦਿਆਂ ਹੋਇਆ ਸ਼ਹੀਦੀ ਸਪਤਾਹ ਦੀ ਆਰੰਭਤਾ ਸਮੇਂ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੱਟੀ ਦੀ ਮੈਨੇਜਮੈਂਟ , ਮੈਡਮ ਪ੍ਰਿੰਸੀਪਲ ਅਤੇ ਸਿਖਜ ਫਾਰ ਹਮਿਊਨਟੀ ਦੇ ਵਿਸ਼ੇਸ਼ ਸਹਿਯੋਗ ਸਦਕਾ ” ਊੜਾ ਜੂੜਾ ਸਿਖੀ ਸੰਭਾਲ ਪ੍ਰੋਗਰਾਮ” ਗੁਰੂ ਨਾਨਕ ਆਡੀਟੋਰੀਅਮ ਪੱਟੀ ਵਿਖੇ ਕੀਤਾ ਗਿਆ ਜਿਸ ਵਿੱਚ ਤਰਨ ਤਾਰਨ ਜਿਲੇ ਦੇ ਵੱਖ-ਵੱਖ ਸਕੂਲਾਂ ਬੀਐਸ ਸੀਨੀਅਰ ਸੈਕੈਂਡਰੀ ਸਕੂਲ ਨੰਦਪੁਰ, ਬਾਬਾ ਬਸਤਾ ਸਿੰਘ ਸੀਨੀਅਰ ਸੈਕੈਂਡਰੀ ਸਕੂਲ ਕੈਰੋ, ਜੈਨ ਮਾਡਲ ਸਕੂਲ ਪੱਟੀ, ਬੀਬੀ ਰਜਨੀ ਸੀਨੀਅਰ ਸੈਕੈਂਡਰੀ ਸਕੂਲ ਪੱਟੀ, ਬਲਜੀਤ ਮੈਮੋਰੀਅਲ ਸਕੂਲ ਕਾਹਲਵਾਂ , ਸਰਬਜੀਤ ਮੈਮੋਰੀਅਲ ਸਕੂਲ ਲਾਲਪੁਰ , ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸਕੈਂਡਰੀ ਸਕੂਲ ਪੱਟੀ ਅਤੇ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ 92 ਬੱਚਿਆਂ ਨੇ ਆਪਣੇ 200 ਮਾਤਾ ਪਿਤਾ ਦੇ ਨਾਲ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਸੰਗੀਤ ਅਧਿਆਪਕ ਮੈਡਮ ਹਰਪ੍ਰੀਤ ਕੌਰ, ਭਾਈ ਬਹਾਲ ਸਿੰਘ ਅਤੇ ਬੱਚਿਆਂ ਵੱਲੋਂ ਕੀਤੀ ਗਈ। ਉਪਰੰਤ ਬੇਟੀ ਬਬਲੀਨ ਕੌਰ ਅਤੇ ਛੇਵੀਂ ਡੀ ਕਲਾਸ ਦੀ ਬੱਚੀ ਦੇ ਵੱਲੋਂ ਚੜਦੀ ਕਲਾ ਵਾਲੀਆਂ ਕਵਿਤਾਵਾਂ ਅਤੇ ਪੰਜਵੀਂ ਜਮਾਤ ਦੇ ਬੱਚਿਆਂ ਵੱਲੋਂ ਕਹਾਣੀ ਰੂਪ ਵਿੱਚ ਕੋਰਿਓਗ੍ਰਾਫੀ ਪੇਸ਼ ਕੀਤੀ ਗਈ। ਸਕੂਲ ਦੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਜਸਵੀਰ ਕੌਰ ਸੈਣੀ ਜੀ ਵੱਲੋਂ ਸੋਸਾਇਟੀ ਦੇ ਸਮੁੱਚੇ ਮੈਂਬਰ ਸਾਹਿਬਾਨ ਅਤੇ ਵੱਖ-ਵੱਖ ਪਿੰਡਾਂ ਸ਼ਹਿਰਾਂ ਤੋਂ ਬੱਚਿਆਂ ਸਮੇਤ ਪਹੁੰਚੇ ਹੋਏ ਮਾਤਾ ਪਿਤਾ ਨੂੰ ਜੀਉ ਆਇਆ ਆਖਦਿਆਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਣ ਲਈ ਬੇਨਤੀ ਕੀਤੀ।ਇਸ ਵਿੱਚ ਬੱਚਿਆਂ ਦੇ ਦੋ ਗਰੁੱਪ ਪੰਜ ਤੋਂ ਸੱਤ ਸਾਲ ਅਤੇ ਅੱਠ ਤੋਂ ਨੌ ਸਾਲ ਬਣਾਏ ਗਏ ਜਿਸ ਵਿੱਚ ਬੱਚਿਆਂ ਦੇ ਮਾਤਾ ਨੇ ਸਟੇਜ ਤੇ ਆ ਕੇ ਬੜੇ ਪਿਆਰ ਨਾਲ ਉਹਨਾਂ ਦੇ ਕੇਸਾਂ ਨੂੰ ਗੁੰਦਿਆ ਸਵਾਰਿਆ ਅਤੇ ਪਿਤਾ ਦੇ ਵੱਲੋਂ ਸੁਚੱਜੇ ਤਰੀਕੇ ਦੇ ਨਾਲ ਉਸ ਦੇ ਸਿਰ ਦੇ ਉੱਪਰ ਦਸਤਾਰ ਤੇ ਦੁਮਾਲਾ ਸਜਾਇਆ ਗਿਆ। ਬੱਚਿਆਂ ਦੀਆਂ ਸੂਰਤਾਂ ਨੂੰ ਵੇਖ ਕੇ ਅੱਗੇ ਬੈਠੀ ਹੋਈ ਸੰਗਤ ਨੂੰ ਆਨੰਦਪੁਰ ਦਾ ਨਜ਼ਾਰਾ ਅੱਖੀਆਂ ਦੇ ਸਾਹਮਣੇ ਦਿਖਾਈ ਦਿੱਤਾ। ਜਿਵੇਂ ਕਲਗੀਧਰ ਪਿਤਾ ਆਪ ਖੁਦ ਬੱਚਿਆਂ ਨੂੰ ਮਾਰਸ਼ਲ ਆਰਟ ਗਤਕਾ ਕਵੀਸ਼ਰੀ ਗੁਰਬਾਣੀ ਅਤੇ ਕਵਿਤਾਵਾਂ ਦੀ ਸਿਖਲਾਈ ਦੇ ਰਹੇ ਹੋਣ। ਸਟੇਜ ਸੰਚਾਲਕ ਦੀ ਭੂਮਿਕਾ ਸੁਸਾਇਟੀ ਦੇ ਸਕੱਤਰ ਭਾਈ ਨਿਰਮਲ ਸਿੰਘ ਸੁਰ ਸਿੰਘ ਨੇ ਬਾਖੂਬੀ ਨਿਭਾਈ। ਬੱਚਿਆਂ ਨੂੰ ਸਵਾਲ ਪੁੱਛਣ ਦੀ ਸੇਵਾ ਸੁਸਾਇਟੀ ਦੇ ਵਾਈਸ ਕਨਵੀਨਰ ਭਾਈ ਹਰਜੀਤ ਸਿੰਘ ਆਸਟਰੇਲੀਆ ਦੇ ਵੱਲੋਂ ਕੀਤੀ ਗਈ, ਜਿਸ ਦੀ ਜਜਮੈਂਟ ਸਿੱਖ ਮਿਸ਼ਨਰੀ ਕਾਲਜ ਸਰਕਲ ਭਿੱਖੀਵਿੰਡ ਦੇ ਇੰਚਾਰਜ ਗਿਆਨੀ ਭਗਵਾਨ ਸਿੰਘ ਅਤੇ ਗਿਆਨੀ ਕਰਮ ਸਿੰਘ ਅਹਿਮਦਪੁਰ , ਦਸਤਾਰ ਕੋਚ ਹਰਪ੍ਰੀਤ ਸਿੰਘ ਪੱਟੀ, ਹਰਜੀਤ ਸਿੰਘ ਲਹਿਰੀ, ਜਗਦੀਸ਼ ਸਿੰਘ ਭਿੱਖੀਵਿੰਡ, ਤਾਜਵੀਰ ਸਿੰਘ ਭਿੱਖੀਵਿੰਡ ਨੇ ਕੀਤੀ।ਇਸ ਪ੍ਰੋਗਰਾਮ ਵਿੱਚ ਉਚੇਚੇ ਤੌਰ ਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਵਾਈਸ ਪ੍ਰਿੰਸੀਪਲ ਗਿਆਨੀ ਸੁਖਵਿੰਦਰ ਸਿੰਘ ਦਦੇਹਰ, ਉੱਘੇ ਕਵੀ ਜਸਵਿੰਦਰ ਸਿੰਘ ਅਮਰਕੋਟ ਅਤੇ ਚੀਫ ਖਾਲਸਾ ਦੀਵਾਨ ਲੋਕਲ ਕਮੇਟੀ ਤਰਨ ਤਾਰਨ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਜੀ ਢਿੱਲੋਂ ਨੇ ਸ਼ਮੂਲੀਅਤ ਕੀਤੀ। ਉਨਾਂ ਨੇ ਬੱਚਿਆਂ ਦੇ ਮਾਤਾ ਪਿਤਾ ਨਾਲ ਸਾਹਿਬਜਾਦਿਆਂ ਦੀ ਪਵਿੱਤਰ ਸ਼ਹਾਦਤ ਨੂੰ ਸਾਂਝੀਆਂ ਕਰਦਿਆਂ ਇਸ ਗੱਲ ਦਾ ਅਹਿਸਾਸ ਕਰਵਾਇਆ ਕਿ ਅਸੀਂ ਬੱਚੇ ਦੇ ਜਨਮ ਤੋਂ ਲੈ ਕੇ ਉਹਦੀ ਸਫਲਤਾ ਤੱਕ ਹਰੇਕ ਤਰ੍ਹਾਂ ਦੀ ਸੁੱਖ ਸਹੂਲਤ ਉਸ ਨੂੰ ਦੇਣ ਦੇ ਲਈ ਤਤਪਰ ਰਹਿੰਦੇ ਹਾਂ ਯਤਨਸ਼ੀਲ ਰਹਿੰਦੇ ਹਾਂ ਪਰ ਜਦੋਂ ਨੈਤਿਕ ਕਦਰਾਂ ਕੀਮਤਾਂ ਅਤੇ ਧਰਮ ਦੀ ਸਿਖਲਾਈ ਦੇਣ ਦੀ ਗੱਲ ਹੁੰਦੀ ਹੈ ਅਸੀਂ ਦੂਸਰਿਆਂ ਤੇ ਨਿਰਭਰ ਹੋ ਜਾਂਦੇ ਹਾਂ ਜਦ ਕਿ ਇਹ ਸਿਖਲਾਈ ਦੇਣੀ ਵੀ ਸਾਡਾ ਮੁਢਲਾ ਫਰਜ਼ ਹੈ। ਉਨਾਂ ਨੇ ਬੱਚਿਆਂ ਦੇ ਮਾਤਾ ਪਿਤਾ ਨੂੰ ਸੰਬੋਧਨ ਹੁੰਦਿਆਂ ਇਹ ਵੀ ਕਿਹਾ ਕਿ ਬੱਚਿਆਂ ਨੂੰ ਸਮਾਜਿਕ ਕੁਰੀਤੀਆਂ ਤੋਂ ਬਚਾਉਣ ਲਈ ਅਸੀਂ ਖੁਦ ਆਪਣਾ ਬਣਦਾ ਰੋਲ ਨਿਭਾਈਏ ਅਤੇ ਇਹਨਾਂ ਦੇ ਲਈ ਰੋਲ ਮਾਡਲ ਬਣ ਕੇ ਇੱਕ ਮਿਸਾਲ ਪੈਦਾ ਕਰੀਏ ਕਿ ਸਮਾਜ ਨੂੰ ਇਸ ਤਰਾਂ ਦੇ ਲੋਕਾਂ ਦੀ ਲੋੜ ਹੈ। ਸਮਾਜ ਵਿੱਚ ਲੁਟੇਰੇ ਨਸ਼ਈ ਅਤੇ ਹੋਰ ਨਕਾਰਾਤਮਕ ਕਾਰਜ ਕਰਨ ਵਾਲੇ ਲੋਕਾਂ ਦੀ ਅੱਗੇ ਹੀ ਭਰਮਾਰ ਹੈ ਪਰ ਲੋੜ ਸਮਾਜ ਲਈ ਸਕਾਰਾਤਮਕ ਕਾਰਜ ਲਈ ਰੋਲ ਮਾਡਲ ਬਣਨ ਦੀ ਹੈ। ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੱਟੀ ਦੇ ਮੈਂਬਰ ਇੰਚਾਰਜ ਗੁਰਬੀਰ ਸਿੰਘ ਢਿੱਲੋਂ, ਸਰਬਜੀਤ ਸਿੰਘ ਅਤੇ ਤਰਲੋਕ ਸਿੰਘ ਨੇ ਸੁਸਾਇਟੀ ਵੱਲੋਂ ਕੀਤੇ ਗਏ ਇਸ ਕਾਰਜ ਦੀ ਬਹੁਤ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੇ ਕਿਸੇ ਵੀ ਕਾਰਜ ਨੂੰ ਕਰਨ ਦੇ ਲਈ ਆਪਣਾ ਭਰਪੂਰ ਸਹਿਯੋਗ ਦੇਣ ਦਾ ਭਰੋਸਾ ਦਵਾਇਆ। ਉਹਨਾਂ ਕਿਹਾ ਕਿ ਇਹੋ ਜਿਹੇ ਕਾਰਜ ਸਮੇਂ ਦੀ ਮੁੱਖ ਲੋੜ ਹਨ ਤਾਂ ਹੀ ਅਸੀਂ ਸਿੱਖੀ ਨੂੰ ਚੜ੍ਹਦੀ ਕਲਾ ਦੇ ਵਿੱਚ ਲਿਜਾਣ ਦੇ ਲਈ ਆਪਣਾ ਬਣਦਾ ਰੋਲ ਅਦਾ ਕਰ ਸਕਦੇ ਹਾਂ। ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸੀਨੀਅਰ ਅਕਾਊਂਟੈਂਟ ਪਰਮਜੀਤ ਸਿੰਘ ਆਹੂਜਾ ਤਰਨ ਤਾਰਨ,ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਪੱਟੀ, ਧਰਮਵੀਰ ਸਿੰਘ ਪਟਵਾਰੀ, ਅਮਰਜੀਤ ਸਿੰਘ ਐਚਕੇ, ਹੀਰੋ ਹਾਂਡਾ ਏਜੰਸੀ ਪੱਟੀ ਦੇ ਸਰਪ੍ਰਸਤ, ਸੁਰਜੀਤ ਸਿੰਘ ਕੈਨੇਡਾ ਇਲਾਕੇ ਦੀਆਂ ਸੰਗਤਾਂ ਵੱਲੋਂ ਬਹੁਤ ਹੀ ਸਹਿਯੋਗ ਤਨ ਮਨ ਧਨ ਨਾਲ ਦਿੱਤਾ ਗਿਆ। ਸੁਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ ਜਰਮਨ, ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ, ਮੀਤ ਪ੍ਰਧਾਨ ਭਾਈ ਹੀਰਾ ਸਿੰਘ ਸੋਹਲ, ਖਜਾਨਚੀ ਭਾਈ ਮਨਦੀਪ ਸਿੰਘ ਘੋਲੀਆਂ ਕਲਾਂ, ਜੋਨਲ ਇੰਚਾਰਜ ਭਿਖੀਵਿੰਡ ਭਾਈ ਗੁਰਜੰਟ ਸਿੰਘ, ਭਾਈ ਸੁਖਵਿੰਦਰ ਸਿੰਘ ਪ੍ਰਚਾਰਕ ਅਤੇ ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ ਨੇ ਇਸ ਸਮਾਗਮ ਵਿੱਚ ਬੱਚਿਆਂ ਸਮੇਤ ਪਹੁੰਚੇ ਹੋਏ ਮਾਤਾ ਪਿਤਾ ਅਤੇ ਸਹਿਯੋਗ ਦੇਣ ਵਾਲੇ ਵੀਰਾਂ ਭੈਣਾਂ ਦਾ, ਮੁੱਖ ਬੁਲਾਰਿਆਂ ਦਾ, ਪੱਤਰਕਾਰ ਭਰਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹੋ ਜਿਹੇ ਕਾਰਜ ਆਪ ਸਭਨਾਂ ਦੇ ਸਹਿਯੋਗ ਬਿਨਾਂ ਸਫਲ ਬਣਾਉਣੇ ਬਹੁਤ ਮੁਸ਼ਕਿਲ ਹਨ। ਅਸੀਂ ਆਪ ਜੀ ਦਾ ਧੰਨਵਾਦ ਕਰਦੇ ਹਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਪ ਜੀ ਦੀ ਕਾਮਯਾਬੀ ਲਈ ਅਰਦਾਸ ਕਰਦੇ ਹਾਂ। ਇਸ ਮੌਕੇ ਮਨੁੱਖਤਾ ਦੀ ਸੇਵਾ ਖੂਨ ਦਾਨ ਕਮੇਟੀ ਵੱਲੋਂ ਮਾਸਟਰ ਸਰਬਜੀਤ ਸਿੰਘ, ਗੁਰਦੇਵ ਸਿੰਘ, ਮੈਡਮ ਗੁਰਬੀਰ ਕੌਰ, ਮੈਡਮ ਰਮਨਦੀਪ ਕੌਰ, ਮੈਡਮ ਸੰਗੀਤ ਕੌਰ, ਦਿਲਬਾਗ ਸਿੰਘ ਪ੍ਰਚਾਰਕ, ਅਜੀਤ ਸਿੰਘ ਘਰਿਆਲਾ ਪੱਤਰਕਾਰ ਸਪੋਕਸਮੈਨ ਅਖਬਾਰ, ਕੁਲਵਿੰਦਰ ਪਾਲ ਸਿੰਘ ਕਾਲੇਕੇ ਪੱਤਰਕਾਰ ਅਜੀਤ ਅਖਬਾਰ, ਹਰਭਜਨ ਸਿੰਘ ਦੇਸ਼ ਸੇਵਕ ਅਖਬਾਰ, ਤਜਿੰਦਰ ਸਿੰਘ ਪੱਤਰਕਾਰ ਪਹਿਰੇਦਾਰ ਅਖਬਾਰ, ਗੁਰਦਿਆਲ ਸਿੰਘ ਸੁਰ ਸਿੰਘ ਸੁਰਖਾਬ ਰਹਿਮਤ ਚੈਨਲ, ਭਲਵਿੰਦਰ ਸਿੰਘ ਹੱਕ ਸੱਚ ਲੋਕ ਚੈਨਲ ਕੈਨੇਡਾ, ਸਰਬਜੀਤ ਸਿੰਘ ਚੈਨਲ ਨਿਊਜ਼ 24 ਅਤੇ ਇਲਾਕੇ ਦੀਆਂ ਸੰਗਤਾਂ ਬੱਚੇ ਹਾਜਰ ਸਨ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।