ਅੰਮ੍ਰਿਤਸਰ, 12 ਦਸੰਬਰ (ਖਿੜਿਆ ਪੰਜਾਬ): ਖ਼ਾਲਿਸਤਾਨੀ ਚਿੰਤਕ ਭਾਈ ਸਰਬਜੀਤ ਸਿੰਘ ਘੁਮਾਣ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸਿੱਖ ਸੰਗਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਪੁੱਛਣ ਕਿ ਕੀ ਹੁਣ ਤਨਖ਼ਾਹ ਭੁਗਤਣ ਮਗਰੋਂ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀ ਦੁੱਧ ਧੋਤੇ ਹਨ ? ਕੀ ਹੁਣ ਉਹਨਾਂ ਉੱਤੇ ਦੋਸ਼ ਨਹੀਂ ਕਿ ਸਿੱਖਾਂ ਦੇ ਕਾਤਲ ਪੁਲਸੀਆਂ ਨੂੰ ਸਜ਼ਾਵਾਂ ਦੇਣ ਦੀ ਥਾਂ ਤਰੱਕੀਆਂ ਦਿੱਤੀਆਂ ? ਕੀ ਹੁਣ ਉਹਨਾਂ ਉੱਤੇ ਦੋਸ਼ ਨਹੀਂ ਕਿ ਸੌਦਾ ਸਾਧ ਖ਼ਿਲਾਫ਼ ਦਰਜ ਕੇਸ ਵਾਪਸ ਲਿਆ ? ਕੀ ਹੁਣ ਉਹਨਾਂ ਉੱਤੇ ਜਥੇਦਾਰਾਂ ਨੂੰ ਚੰਡੀਗੜ੍ਹ ਸੱਦ ਕੇ ਡੇਰਾ ਸਿਰਸਾ ਦੇ ਮੁਖੀ ਨੂੰ ਮਾਫ਼ੀ ਦੇਣ ਦਾ ਦੋਸ਼ ਖਤਮ ਹੈ ? ਕੀ ਹੁਣ ਉਹਨਾਂ ਉੱਤੇ ਦੋਸ਼ ਖ਼ਤਮ ਹੈ ਕਿ ਬੁਰਜ ਜਵਾਹਰਕੇ ਤੋ ਚੋਰੀ ਪਾਵਨ ਸਰੂਪ ਅਤੇ ਬਰਗਾੜੀ ਕਾਂਡ ਦੀ ਜਾਂਚ ਨਹੀ ਕਰਵਾਈ। ਕੀ ਬਰਗਾੜੀ ਕਾਂਡ ਮਗਰੋਂ ਇਨਸਾਫ਼ ਮੰਗਦੀ ਸੰਗਤ ਉੱਤੇ ਲਾਠੀਚਾਰਜ ਅਤੇ ਬਹਿਬਲ ਵਿੱਚ ਗੋਲ਼ੀ ਚਲਾ ਕੇ ਦੋ ਸਿੰਘ ਕਤਲ ਕਰਨ ਦਾ ਕੋਈ ਦੋਸ਼ ਨਹੀਂ ? ਕੀ ਸੌਦਾ ਸਾਧ ਦੀ ਮਾਫ਼ੀ ਜਾਇਜ ਦਰਸਾਉਣ ਲਈ ਗੁਰੂ ਕੀ ਗੋਲਕ ਦੀ ਦੁਰਵਰਤੋਂ ਦਾ ਦੋਸ਼ ਖਤਮ ਹੈ, ਕੀ ਹੁਣ ਉਹਨਾਂ ਦੇ ਪਾਪ ਇਤਿਹਾਸ ਵਿੱਚੋਂ ਖਤਮ ਨੇ ? ਕੀ ਹੁਣ ਕੋਈ ਉਹਨਾਂ ਦੇ ਗੁਨਾਹ ਦੀ ਗੱਲ ਹੀ ਨਹੀ ਕਰ ਸਕਦਾ ? ਬਾਦਲ ਦਲ ਇਕਬਾਲੇ ਜੁਰਮ ਨੂੰ ਖ਼ਾਲਸਾ ਪੰਥ ਉੱਤੇ ਅਹਿਸਾਨ ਬਣਾ ਕੇ ਕਿਉਂ ਪੇਸ਼ ਕਰਦਾ ਹੈ ? ਬਾਦਲ ਦਲ ਨੂੰ ਹੁਣ ਤਨਖ਼ਾਹ ਭੁਗਤਣ ਮਗਰੋਂ ਸਿੱਖ ਕੌਮ ਦੀ ਰਾਜਸੀ ਅਗਵਾਈ ਕਰਨ ਦਾ ਹੱਕ ਮਿਲ ਗਿਆ ਹੈ ? ਬਾਦਲ ਦਲ ਵਾਂਗ ਹੋਰ ਪਾਪ ਕਰਨ ਵਾਲੇ, ਸਿੱਖਾਂ ਦੇ ਕਤਲ ਕਰਨ ਵਾਲੇ ਵੀ ਇਸੇ ਤਰ੍ਹਾਂ ਬਖਸ਼ੇ ਜਾਣਗੇ ? ਜਿਹੋ ਜਿਹੇ ਅੱਤਿਆਚਾਰ, ਪਾਪ ਤੇ ਗੁਨਾਹ ਸੁਖਬੀਰ ਸਿੰਘ ਬਾਦਲ ਤੇ ਉਸਦੇ ਸਾਥੀਆਂ ਨੇ ਕੀਤੇ ਨੇ ਕੀ ਸਿੱਖ ਇਤਿਹਾਸ ਵਿੱਚ ਕਿਸੇ ਹੋਰ ਸਿੱਖ ਨੇ ਕੀਤੇ ਹਨ ? ਜਿਹੜੇ ਸਿੱਖਾਂ ਨੇ ਇਹ ਜ਼ੁਲਮ ਝੱਲਿਆ ਉਹਨਾਂ ਦੀ ਕੀ ਇਸ ਤਨਖਾਹ ਨਾਲ ਤਸੱਲੀ ਹੋ ਸਕਦੀ ਹੈ ? ਬਾਦਲ ਸੈਨਾ ਧੱਕੇ ਨਾਲ ਸਿੱਖ ਕੌਮ ਤੋਂ ਕਿਵੇਂ ਮਨਵਾ ਸਕਦੀ ਹੈ ਕਿ ਜੋ ਤਨਖਾਹ ਲੱਗਣੀ ਸੀ ਲੱਗ ਗਈ, ਭੁਗਤਣੀ ਸੀ ਭੁਗਤ ਲਈ, ਹੁਣ ਇਹੀ ਸਬਰ ਕਰਨਾ ਪਵੇਗਾ ? ਖ਼ਾਲਸਾ ਪੰਥ ਕਿਉਂ ਬਾਦਲਕਿਆਂ ਨੂੰ ਮੱਸੇ ਰੰਘੜ ਵਰਗੇ ਪਾਪ ਕਰਨ ਬਦਲੇ ਮਾਫ਼ ਕਰ ਦੇਵੇ ਜਦਕਿ ਉਹ ਹੁਣ ਵੀ ਹੰਕਾਰ ਨਾਲ ਭਰੇ ਫਿਰਦੇ ਨੇ। ਸੁਖਬੀਰ ਅਤੇ ਸਾਥੀ ਤਨਖਾਹ ਭੁਗਤਣ ਮੌਕੇ ਵੀ ਸਿੱਖ ਜਜ਼ਬਾਤਾਂ ਨੂੰ ਲਲਕਾਰਦੇ ਤੇ ਵੰਗਾਰਦੇ ਰਹੇ ਤੇ ਹੁਣ ਵੀ ਕੋਈ ਕਸਰ ਨਹੀ ਛੱਡ ਰਹੇ। ਕੌਮ ਪ੍ਰਸਤ ਸਿੱਖਾਂ ਪ੍ਰਤੀ ਨਫਰਤ ਅਤੇ ਕੁੜੱਤਣ ਨਾਲ ਭਰੇ ਬਾਦਲ ਦਲ ਵਾਲੇ ਕਿਉਂ ਐਨੇ ਮਹਾਨ ਸਿੱਖ ਬਣਾ ਕੇ ਉਭਾਰੇ ਜਾ ਰਹੇ ਨੇ ? ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਸਿੱਖ ਜਜ਼ਬਾਤਾਂ ਦੀ ਥਾਂ ਬਾਦਲ ਦਲ ਦੇ ਸਿਆਸੀ ਮਨੋਰਥਾਂ ਵੱਲ ਕਿਉਂ ਧਿਆਨ ਦੇ ਰਹੇ ਹਨ ?
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।