ਬਟਾਲਾ 11 ਅਕਤੂਬਰ(ਖਿੜਿਆ ਪੰਜਾਬ ) ਤਵਾਰੀਖ਼ ਪਿਛਲਝਾਤ ਜ਼ਰੀਏ ਨਿਕਟ/ਦੂਰ ਭੂਤ ਨੂੰ ਢੂੰਡਣ, ਬਿਆਨਣ, ਵਿਆਖਿਆਉਣ ਤੇ ਦਰਸਾਉਣ ਦਾ ਵਸੀਲਾ ਤੇ ਆਧਾਰ ਮੁਹੱਈਆ ਕਰਵਾਉਂਦੀ ਹੈ। ਬੀਤਿਆ ਸਾਰਾ ਕਾਸਾ ਇਤਿਹਾਸ ਨਹੀਂ ਅਖਵਾ ਸਕਦਾ ਹੁੰਦਾ ਤੇ ਨਾ ਹੀ ਇਤਿਹਾਸ ਦੇ ਪੰਨੇ ਸਮੱਗਰ ਵਰਤਾਰਿਆਂ ਨੂੰ ਸਾਂਭਣ ਲਈ ਪੂਰਨ ਪਾਬੰਦ ਤੇ ਮੁਸਤੈਦ ਹੁੰਦੇ ਹਨ। ਮਹਿਜ਼ ਕੁਝ ਕੁ ਪਾਤਰ ਤੇ ਉਨ੍ਹਾਂ ਨਾਲ ਜੁੜੀਆਂ ਘਟਨਾਵਾਂ ਹੀ ਕੋਈ ਨਾ ਕੋਈ ਸਮਾਜਿਕ ਅਥਵਾ ਧਾਰਮਿਕ ਸੰਦਰਭ ਗ੍ਰਹਿਣ ਕਰਦੀਆਂ, ਸਦੈਵ ਕਾਲ ਲਈ ਲੋਕ ਮਾਨਸਿਕਤਾ ਵਿੱਚ ਗਹਿਰੀਆਂ ਉਕਰੀਆਂ ਜਾਂਦੀਆਂ ਹਨ। ਇਉਂ ਕੁਝ ਕੁ ਬਿਰਤਾਂਤ ਜਾਂ ਵਾਕਿਆਤ ਲਿਖਤ ਦਾ ਚੋਲਾ ਪਹਿਨ ਲੈਂਦੇ ਹਨ ਅਤੇ ਕੁਝ ਕੁ ਪਰੰਪਰਕ ਰੂਪ ਵਿੱਚ ਮੌਖਿਕ ਅਥਵਾ ਸ਼੍ਰਵਣਤਾ ਰਾਹੀਂ ਅਗਲੇਰਾ ਸਫ਼ਰ ਤੈਅ ਕਰਦੇ ਹਨ। ਬਦਲਦੇ ਸਮਿਆਂ ਤੇ ਹਾਲਾਤਾਂ ਸੰਗ ਤਵਾਰੀਖ਼ੀ ਘਟਨਾਵਾਂ ਦੀ ਵਿਆਖਿਆ ਵਿੱਚ ਕਈ ਤਰ੍ਹਾਂ ਦੀਆਂ ਸੂਖ਼ਮ ਤਬਦੀਲੀਆਂ ਤੇ ਪਰਿਵਰਤਨ ਸਹਿਵਨ ਹੀ ਆ ਜਾਂਦੇ ਹਨ।
ਅਜੋਕੇ ਤੇ ਵਰਤਮਾਨ ਸਮੇਂ ਵਿੱਚ ਭਾਵੇਂ ਕਿ ਉਨ੍ਹਾਂ ਦਾ ਮੂੰਹ-ਮੁਹਾਂਦਰਾ ਉਨ੍ਹਾਂ ਦੇ ਆਗਾਜ਼ਿਤ ਦੌਰ ਜਿਹਾ ਨਹੀਂ ਰਹਿੰਦਾ ਪਰੰਤੂ ਢੂੰਡਣ ’ਤੇ ਉਨ੍ਹਾਂ ਦੇ ਅਵਸ਼ੇਸ਼ ਜ਼ਰੂਰ ਪ੍ਰਾਪਤ ਹੋ ਜਾਂਦੇ ਹਨ। ਇਨ੍ਹਾਂ ਸੁਰਾਗਾਂ ਦੀ ਜੁੜਾਂਤ ਤੇ ਹੋਰ ਤੱਥਾਂ ਦੇ ਆਧਾਰ ਪੁਰ ਜਦੋਂ ਵਿਧੀਵਤ ਮੁਤਾਲਿਆ ਕੀਤਾ ਜਾਂਦਾ ਹੈ ਤਾਂ ਭੂਤ ਵਿੱਚੋਂ ਯਥਾਰਥ ਪਨਪਣ ਲਗਦਾ ਹੈ। ਇਸੇ ਸੋਚ ਦੇ ਅੰਤਰਗਤ ਤਵਾਰੀਖ਼ੀ ਸਥਾਨਾਂ ਸੰਬੰਧੀ ਪੈਦਾ ਹੁੰਦੀਆਂ ਕਸ਼ੀਦਗੀਆਂ ਤੇ ਤਫ਼ਰਕਿਆਂ ਨੂੰ ਸਮਝਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚਾਰ ਵਿਦਿਆਰਥੀਆਂ ਸੁਰਿੰਦਰ ਸਿੰਘ, ਸਤਨਾਮ ਸਿੰਘ, ਗੁਰਪ੍ਰੀਤ ਸਿੰਘ ਤੇ ਦਲਜੀਤ ਸਿੰਘ ਨੇ ਬੀਤੇ ਦਿਨੀਂ ਮਾਝੇ ਵਿਚਲੇ ਧਾਰਮਿਕ ਸਥਾਨਾਂ ਤੇ ਸਿੱਖਿਆ ਸੰਸਥਾਵਾਂ ਦੀ ਚੌਥੀ ਯਾਤਰਾ ਕਰਕੇ ਖੋਜ ਸੰਬੰਧੀ ਲੋੜੀਂਦੇ ਤੱਥ ਇਕੱਤਰ ਕੀਤੇ।
ਇਸ ਯਾਤਰਾ ਦੌਰਾਨ ਖੋਜਾਰਥੀਆਂ ਨੇ ਗੁ. ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ (ਕੱਥੂਨੰਗਲ), ਗੁ. ਥੰਮ ਸਾਹਿਬ ਪਾਤਿਸ਼ਾਹੀ ਪਹਿਲੀ (ਉਦੋਕੇ), ਗੁ. ਨਾਗੀਆਣਾ ਸਾਹਿਬ (ਉਦੋਕੇ), ਗੁ. ਕੰਧ ਸਾਹਿਬ (ਬਟਾਲਾ), ਗੁ. ਪਾਤਿਸ਼ਾਹੀ ਪਹਿਲੀ ਅਚਲ ਵਟਾਲਾ (ਸਲ੍ਹੋ ਚਾਹਲ), ਗੁ. ਫਲਾਹੀ ਸਾਹਿਬ (ਵਡਾਲਾ ਗ੍ਰੰਥੀਆਂ), ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ (ਬਟਾਲਾ), ਜਾਮੀਆ ਅਹਿਮਦੀਆ ਜਮਾਤ (ਕਾਦੀਆਂ), ਸਿੱਖ ਨੈਸ਼ਨਲ ਕਾਲਜ (ਕਾਦੀਆਂ), ਬਾਬਾ ਆਇਆ ਸਿੰਘ ਰਿਆੜਕੀ ਕਾਲਜ (ਤੁਗਲਵਾਲਾ), ਗੁ. ਬਾਬਾ ਸੂਚੈਆਣਾ ਸਾਹਿਬ (ਤੁਗਲਵਾਲਾ), ਗੁ. ਘੱਲੂਘਾਰਾ ਸਾਹਿਬ (ਕਾਹਨੂੰਵਾਨ ਛੰਭ), ਯਾਦਗਾਰ ਛੋਟਾ ਘੱਲੂਘਾਰਾ (ਕਾਹਨੂੰਵਾਨ ਛੰਭ), ਗੁ. ਕਰਮਸਰ ਪਿੱਪਲੀ ਸਾਹਿਬ ਸ਼ਹੀਦਾਂ (ਕਾਹਨੂੰਵਾਨ ਛੰਭ), ਡੇਰਾ ਨਾਗ ਮੰਡੀ (ਕਾਹਨੂੰਵਾਨ), ਜੱਦੀ ਘਰ ਗਿ. ਮਾਨ ਸਿੰਘ ਝੌਰ (ਪਿੰਡ ਝੌਰ), ਗੁ. ਬਾਬਾ ਬੰਦਾ ਸਿੰਘ ਬਹਾਦਰ (ਗੜ੍ਹੀ ਗੁਰਦਾਸ ਨੰਗਲ), ਗੁ. ਬੁਰਜ ਸਾਹਿਬ ਪਾ. 5ਵੀਂ (ਧਾਰੀਵਾਲ), ਗੁ. ਭੋਰਾ ਸਾਹਿਬ (ਨੌਸ਼ਹਿਰਾ ਮੱਝਾ ਸਿੰਘ), ਗੁ. ਤਪ ਅਸਥਾਨ ਬਾਬਾ ਹਜ਼ਾਰਾ ਸਿੰਘ ਜੀ (ਨਿੱਕੇ ਘੁੰਮਣ) ਆਦਿਕ ਧਾਰਮਿਕ ਸਥਾਨਾਂ ਦੇ ਦਰਸ਼ਨ ਦੀਦਾਰੇ ਅਤੇ ਪ੍ਰਮੁੱਖ ਵਿਦਿਅਕ ਅਦਾਰਿਆਂ ਤੇ ਹੋਰ ਮਹੱਤਵਪੂਰਨ ਸਥਾਨਾਂ ਦਾ ਦੌਰਾ ਕੀਤਾ। ਖੋਜਾਰਥੀਆਂ ਦੀ ਟੀਮ ਦੇ ਮੈਂਬਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਤੇ ਇਸ ਦੇ ਨਾਲ ਲਗਦੇ ਇਲਾਕੇ ਵਿੱਚ ਉੱਸਰੇ ਤੇ ਉੱਸਰ ਰਹੇ ਧਾਰਮਿਕ ਤੇ ਇਤਿਹਾਸਕ ਸਥਾਨਾਂ ਦੀ ਸਾਡੀ ਇਹ ਦੂਜੀ ਯਾਤਰਾ ਹੈ। ਇਸ ਯਾਤਰਾ ਦਾ ਮਨੋਰਥ ਖੇਤਰੀ ਖੋਜ-ਕਾਰਜ ਜ਼ਰੀਏ ਜਿੱਥੇ ਯਥਾਰਥ ਤੱਕ ਰਸਾਈ ਕਰਨੀ ਹੈ, ਉੱਥੇ ਨਾਲ ਹੀ ਸਾਰੇ ਸਥਾਨਾਂ ਦੀ ਫ਼ੋਟੋਗ੍ਰਾਫ਼ੀ ਕਰਕੇ ਉਨ੍ਹਾਂ ਦੇ ਮੌਜੂਦਾ ਢਾਂਚੇ ਤੇ ਬਣਤਰ ਨੂੰ ਖੋਜ ਤੇ ਭਵਿੱਖ ਲਈ ਸਾਂਭ ਕੇ ਰੱਖਣਾ ਹੈ। ਖੋਜਾਰਥੀ ਸਤਨਾਮ ਸਿੰਘ ਨੇ ਕਿਹਾ ਕਿ ਇਤਿਹਾਸ ਦੀ ਅਸਲੀਅਤ ਖੇਤਰੀ ਖੋਜ-ਕਾਰਜ ਦੌਰਾਨ ਹੀ ਸਾਹਮਣੇ ਆਉਂਦੀ ਹੈ ਅਤੇ ਲੱਭਦੇ- ਲੁਭਾਉਂਦਿਆਂ ਕੜੀ-ਦਰ-ਕੜੀ ਜੁੜਦੀ ਜਾਂਦੀ ਹੈ। ਇਤਿਹਾਸ ਦਾ ਪ੍ਰਚਲਣ ਤੇ ਵਹਾਅ ਨਿਰੋਲ ਲਿਖਤ ਸਮੱਗਰੀ ’ਚੋਂ ਹੀ ਝਲਕਦਾ ਪ੍ਰਤੀਤ ਨਹੀਂ ਹੁੰਦਾ ਬਲਕਿ ਉਸ ਦੇ ਵਿਭਿੰਨ ਪਹਿਲੂ ਲੋਕ ਮਨਾਂ ਵਿੱਚ ਅਤੇ ਤਾਮੀਰਤ ਇਮਾਰਤਾਂ ਰਾਹੀਂ ਵੀ ਸਾਂਭੇ ਪਏ ਹੁੰਦੇ ਹਨ। ਇਨ੍ਹਾਂ ਨੂੰ ਗਹਿਰੇ ਹੋ ਨਿਹਾਰੀਏ ਤਾਂ ਸੱਚ ਆਪਣੇ ਆਪ ਉੱਘੜ ਕੇ ਸਾਹਮਣੇ ਆਉਣ ਲਗਦਾ ਹੈ। ਉਨ੍ਹਾਂ ਆਪਣੀ ਇਸ ਖੋਜ-ਯਾਤਰਾ ਦਾ ਅਨੁਭਵ ਸਾਂਝਾ ਕਰਦਿਆਂ ਦੱਸਿਆ ਕਿ ਗਿਆਨੀ ਮਾਨ ਸਿੰਘ ਝੌਰ ਪੰਥ ਦੇ ਪ੍ਰਸਿੱਧ ਕਥਾਵਾਚਕ ਹੋਏ ਹਨ, ਜਿਨ੍ਹਾਂ ਬਾਰੇ ਪੰਥਕ ਹਲਕਿਆਂ ਵਿੱਚ ਕਈ ਤਰ੍ਹਾਂ ਦੀਆਂ ਵਿਚਾਰ-ਚਰਚਾਵਾਂ ਚਲਦੀਆਂ ਹਨ ਤੇ ਅਮੂਮਨ ਕਈ ਤਰ੍ਹਾਂ ਦੀਆਂ ਪੂਰਵ-ਧਾਰਨਾਵਾਂ ਰੂੜ੍ਹ ਹੋ ਚੁੱਕੀਆਂ ਹਨ ਪਰੰਤੂ ਜਦੋਂ ਉਨ੍ਹਾਂ ਦੇ ਜੱਦੀ ਪਿੰਡ ਉਨ੍ਹਾਂ ਦੀ ਦੋਹਤਰੀ ਨਾਲ ਵਾਰਤਾਲਾਪ ਹੋਈ ਤਾਂ ਬਹੁਤ ਸਾਰੀਆਂ ਗੱਲਾਂ ਸਪੱਸ਼ਟ ਹੋਈਆਂ ਤੇ ਕਈ ਸ਼ੰਕੇ ਨਵਿਰਤ ਹੋਏ। ਇਸ ਲਈ ਕਿਸੇ ਸ਼ਖ਼ਸੀਅਤ ਤੇ ਉਸ ਨਾਲ ਜੁੜੀ ਘਟਨਾ ਦੀ ਅਸਲੀਅਤ ਨੂੰ ਜਾਣਨ ਤੇ ਸਮਝਣ ਲਈ ਉਸ ਦੇ ਨੇੜਲੇ ਸੂਤਰਾਂ ਤੇ ਮੁਢਲੇ ਸਰੋਤਾਂ ਨੂੰ ਵਾਚਣਾ ਬਹੁਤ ਜ਼ਰੂਰੀ ਹੁੰਦਾ ਹੈ। ਅਜਿਹੇ ਗੁੰਝਲਦਾਰ ਵਿਸ਼ਿਆਂ ਦੀ ਗਹਿਰਾਈ ਤੱਕ ਅਪੜਨਾ ਹੀ ਸਾਡੀਆਂ ਸਮੁੱਚੀਆਂ ਯਾਤਰਾਵਾਂ ਦਾ ਮੁੱਖ ਮਕਸਦ ਤੇ ਉਦੇਸ਼ ਹੈ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।