ਅੰਮ੍ਰਿਤਸਰ 12 ਜੁਲਾਈ (ਖਿੜਿਆ ਪੰਜਾਬ) ਇਨਸਾਨ ਆਪਣੀ ਹੋਂਦ ਤੇ ਹਯਾਤੀ ਦੇ ਅੰਸ਼ ਭੂਤ, ਵਰਤਮਾਨ ਤੇ ਭਵਿੱਖ ਯਾਨੀ ਕਿ ਹਰ ਉਸ ਵਰਤਾਰੇ ’ਚੋਂ ਢੂੰਡਣ ਤੇ ਖੋਜਣ ਵਿੱਚ ਆਹਰਿਤ ਰਹਿੰਦਾ ਹੈ, ਜਿੱਥੋਂ ਉਸ ਅੰਦਰ ਕੁਝ ਨਾ ਕੁਝ ਨਵਾਂ ਲੱਭਣ ਦੀ ਆਸ ਤੇ ਉਮੀਦ ਬਰਕਰਾਰ ਰਹਿੰਦੀ ਹੈ। ਮਨੁੱਖ ਅੰਦਰ ਪ੍ਰਜਵੱਲਿਤ ਜਗਿਆਸਾ ਤੇ ‘ਆਗਾਹਾ ਕੂ ਤ੍ਰਾਘਿ…’ ਦੇ ਸਰੋਕਾਰ ਉਸ ਨੂੰ ਧਰਤ ਦੀ ਸਿਕਦਾਰਤਾ ਨਾਲ ਨਿਵਾਜ਼ਦੇ ਹਨ। ਉਸ ਅੰਦਰ ਨਵਾਂ ਜਾਣਨ ਦੀ ਉਤਕੰਠਾ ਹਰ ਦਮ ਜਗੀ ਤੇ ਮਘੀ ਰਹਿੰਦੀ ਹੈ। ਇਸੇ ਧੁਖਧੁਖੀ ਦੇ ਆਸਰੇ ਉਹ ਹਰ ਚੀਜ਼ ਨੂੰ ਖੰਘਾਲਣ ਤੇ ਵਾਚਣ ਦੀ ਕੋਸ਼ਿਸ ਵੱਲ ਅਗਰਸਰ ਰਹਿੰਦਾ ਹੈ। ਇਹ ਜਾਣਨ-ਬੁੱਝਣ ਦਾ ਵਰਤਾਰਾ ਕਿਸੇ ਖ਼ਾਸ ਸ਼ਕਲੋ-ਸੂਰਤ ਤੇ ਢਾਂਚੇ ਦਾ ਮਾਨਿੰਦ ਨਾ ਹੋ ਕੇ ਦੇਹਲੀ ’ਤੇ ਲਟ-ਲਟ ਬਲਦੇ ਚਹੁੰਮੁਖੀਏ ਦੀਵੇ ਦੇ ਸਾਮਾਨ ਹੁੰਦਾ ਹੈ।
ਅਭਿਲਾਸ਼ਾ ਹੈ ਤਾਂ ਮਨੁੱਖ ਹੈ, ਨਹੀਂ ਤਾਂ ਇਨਸਾਨੀ ਚੇਤਨਾ ਮਹਿਜ਼ ਜੜ੍ਹ ਦੀ ਨਿਆਈਂ। ਇਬਤਿਦਾ ਗਿਆਨ ਪ੍ਰਾਪਤੀ ਹਿੱਤ ਪੈਦਾ ਹੁੰਦੀ ਉਤਸੁਕਤਾ ਦੀ ਕੋਈ ਮਕਸੂਦ ਦਿਸ਼ਾ ਤੇ ਮੰਜ਼ਿਲ ਨਿਰਧਾਰਿਤ ਨਹੀਂ ਹੁੰਦੀ। ਇਹ ਹਾਲਾਤਾਂ ਤੇ ਕਰਮਾਂ ਦੇ ਸਨਮੁੱਖ ਸਹਿਵਨ ਪਨਪਦੀ ਹੈ, ਕਿਸੇ ਵਿੱਚ ਥੋੜ੍ਹੀ ਤੇ ਕਿਸੇ ਵਿੱਚ ਘਨੇਰੀ। ਦੁਨੀਆ ਦੇ ਤਮਾਮ ਫ਼ਲਸਫ਼ੇ ਤੇ ਵਿਚਾਰਧਾਰਾਵਾਂ ਇਨਸਾਨ ਨੂੰ ਆਪਣੇ ਸਵੈ ਦੀ ਪਹਿਚਾਣ ਕਰਵਾਉਣ ਵੱਲ ਪ੍ਰੇਰਦੇ ਹਨ ਤੇ ਇਸ ਸ਼ਨਾਖ਼ਤ ’ਚੋਂ ਪਰ ਬਾਰੇ ਸੂਝ-ਸਮਝ ਦਾ ਦਰ ਖੁੱਲ੍ਹਣ ਦਾ ਅਵਸਰ ਪ੍ਰਾਪਤ ਹੁੰਦਾ ਹੈ। ਭਾਲ ਬਾਹਰੀ ਸੰਸਾਰ ਦੀ ਹੋਵੇ ਚਾਹੇ ਅੰਦਰ ਦੀ ਸੂਖ਼ਮਤਾ ਦੀ, ਤੀਬਰ ਵੇਗ ’ਚ ਵਹੇ ਤਾਂ ਜ਼ਰੂਰ ਕਿਸੇ ਤਣ-ਪੱਤਣ ਲਗਦੀ ਨਜ਼ਰ ਆਉਂਦੀ ਹੈ।
ਜੇਕਰ ਤਾਂਘ ਆਪਣੇ ਪਿਛੋਕੜ ਬਾਰੇ ਜਾਣਨ ਹਿੱਤ ਹੋਵੇ ਤਾਂ ਇਨਸਾਨ ਆਪਣੀ ਹੋਂਦ ਦੇ ਅਸਲੇ ਨਾਲ ਜੁੜਿਆ ਰਹਿੰਦਾ ਹੈ। ਵੱਡਿਆਂ ਦੀ ਪ੍ਰਦੱਖਣਾ ਕਰ ਉਨ੍ਹਾਂ ਦੀ ਕਰਨੀ ਨੂੰ ਸੀਸ ਝੁਕਾਉਣਾ ਇੱਕ ਤਰ੍ਹਾਂ ਆਪਣੇ ਆਪ ਨੂੰ ਕਿਸੇ ਰੂਹਾਨੀ ਸਿਜਦੇ ਵਿੱਚ ਕਰ ਲੈਣ ਦੇ ਤੁੱਲ ਹੁੰਦਾ ਹੈ। ਤਵਾਰੀਖ਼ ਇਨਸਾਨੀ ਅਸਤਿਤਵ ਦੀ ਸ਼ਾਹਦ ਹੁੰਦੀ ਹੈ ਤੇ ਇਉਂ ਉਹ ਇਸ ਸ਼ਾਹਦੀ ਜ਼ਰੀਏ ਆਪਣੇ ਵਡੇਰਿਆਂ ਦੀ ਅਜ਼ਮਤ ਨੂੰ ਚਿਤਵਦਾ, ਵਿਰਾਸਤੀ ਫ਼ਖ਼ਰ ਨੂੰ ਪ੍ਰਣਾਇਆ ਜਾਂਦਾ ਹੈ। ਇਹ ਫ਼ਖ਼ਰ ਤੇ ਮਾਣ ਉਸ ਨੂੰ ਆਪਣੇ ਬਜ਼ੁਰਗਾਂ ਦੁਆਰਾ ਸਥਾਪਿਤ ਦਿਸਹੱਦੇ ਤੇ ਕੀਰਤੀਮਾਨਾਂ ਵੱਲ ਅਗਰਸਰ ਹੋਣ ਲਈ ਪ੍ਰੇਰਦੇ ਤੇ ਉਸ ਅੰਦਰ ਨਵੀਂ ਰੂਹ ਫੂਕਣ ਦਾ ਕਾਰਜ ਅਦਾ ਕਰਦੇ ਹਨ। ਵੱਡਿਆਂ ਦੀ ਸ਼ਰਨ ਦਾ ਹੀ ਕਮਾਲ ਹੁੰਦਾ ਹੈ ਕਿ ਮਨੁੱਖ ਜ਼ਿੰਦਗੀ ਜਿਉਂਣ ਦੇ ਅਮਲ ਨੂੰ ਪੂਰਨ ਸ਼ਿੱਦਤ ਨਾਲ ਮਾਣਦਾ ਹੈ।
ਪੁਰਖਿਆਂ ਦੀਆਂ ਕਹਾਣੀਆਂ ਚਿਤਵਦੇ ਰਹਿਣ ਨਾਲ ਬੰਦਾ ਆਪਣੀਆਂ ਮੂਲ ਜੜ੍ਹਾਂ ਦੁਆਲੇ ਕੇਂਦਰਿਤ ਰਹਿੰਦਾ ਹੈ। ਸਾਡੇ ਲਈ ਉਨ੍ਹਾਂ ਦੀਆਂ ਬਾਤਾਂ ਦੁਹਰਾਉਣਾ ਅਤੇ ਉਨ੍ਹਾਂ ਦੀ ਯਾਦ ਵਿੱਚ ਉੱਸਰੇ ਤੀਰਥ ਅਸਥਾਨਾਂ ਦੇ ਦਰਸ਼ਨ ਦੀਦਾਰੇ ਇੱਕ ਤਰ੍ਹਾਂ ਉਨ੍ਹਾਂ ਦੇ ਬਚਨਾਂ ਦੀ ਜ਼ਿਆਰਤ ਤੇ ਪ੍ਰਕਰਮਾ ਕਰਨ ਦੇ ਸਾਮਾਨ ਹੁੰਦਾ ਹੈ। ਇਸੇ ਸੋਚ ਨੂੰ ਸਨਮੁੱਖ ਰੱਖਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚਾਰ ਵਿਦਿਆਰਥੀਆਂ ਸੁਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ ਤੇ ਦਲਜੀਤ ਸਿੰਘ ਦੁਆਰਾ ਬੀਤੇ ਦਿਨੀਂ ਧਾਰਮਿਕ ਤੇ ਇਤਿਹਾਸਿਕ ਸਥਾਨਾਂ ਦੀ ਯਾਤਰਾ ਕੀਤੀ ਗਈ ਅਤੇ ਖੋਜ ਲਈ ਲੋੜੀਂਦੇ ਤੱਥ ਇਕੱਤਰ ਕੀਤੇ ਗਏ।
ਇਸ ਯਾਤਰਾ ਦੌਰਾਨ ਖੋਜ ਵਿਦਿਆਰਥੀਆਂ ਨੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਜੀ, ਗੁ. ਜਨਮ ਅਸਥਾਨ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ (ਕਿਲ੍ਹਾ ਕਵੀ ਸੰਤੋਖ ਸਿੰਘ, ਨੂਰਦੀ), ਸ੍ਰੀ ਦਰਬਾਰ ਸਾਹਿਬ (ਤਰਨ ਤਾਰਨ), ਗੁ. ਖੂਹ ਬੀਬੀ ਭਾਨੀ ਜੀ (ਤਰਨ ਤਾਰਨ), ਉਦਾਸੀਨ ਡੇਰਾ ਬਾਬਾ ਸ੍ਰੀ ਚੰਦ ਜੀ (ਤਰਨ ਤਾਰਨ), ਗੁ. ਬਾਬਾ ਰਾਮੂ ਜੀ (ਦਿਆਲਪੁਰਾ), ਗੁ. ਪਾਤਿਸ਼ਾਹੀ ਛੇਵੀਂ (ਮਨਿਆਲਾ ਜੈ ਸਿੰਘ), ਜੱਦੀ ਘਰ ਇਤਿਹਾਸਕਾਰ ਸ. ਸਵਰਨ ਸਿੰਘ (ਚੂਸਲੇਵੜ), ਗੁ. ਭੱਠ ਸਾਹਿਬ (ਪੱਟੀ), ਗੁ. ਚੁਬਾਰਾ ਸਾਹਿਬ (ਪੱਟੀ), ਗੁ. ਸ਼ਹੀਦ ਸ. ਸ਼ਾਮ ਸਿੰਘ ਅਟਾਰੀ (ਫ਼ਤਹਿਗੜ੍ਹ ਸਭਰਾ), ਸ਼ਹੀਦ ਸ. ਸ਼ਾਮ ਸਿੰਘ ਅਟਾਰੀ ਗੁਰਮਤਿ ਕਾਲਜ (ਫ਼ਤਹਿਗੜ੍ਹ ਸਭਰਾ), ਐਂਗਲੋ ਸਿੱਖ ਵਾਰ ਮੈਮੋਰੀਅਲ (ਫ਼ਤਹਿਗੜ੍ਹ ਸਭਰਾ), ਈਸ਼ਰਧਾਮ ਨਾਨਕਸਰ (ਹਰੀਕੇ), ਗੁ. ਪਾਤਿਸ਼ਾਹੀ ਪੰਜਵੀਂ (ਚੋਹਲਾ ਸਾਹਿਬ), ਗੁ. ਗੁਰੂ ਕੀ ਕੋਠੜੀ (ਚੋਹਲਾ ਸਾਹਿਬ), ਗੁ. ਗੁਰਪੁਰੀ ਸਾਹਿਬ (ਨਗਰ ਸੁਹਾਣਾ, ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ), ਗੁ. ਸ਼ਹੀਦ ਬਾਬਾ ਰਾਜੂ ਸਿੰਘ ਜੀ (ਸਰਹਾਲੀ ਕਲਾਂ), ਗੁ. ਚੁਬੱਚਾ ਸਾਹਿਬ ਪਾਤਿਸ਼ਾਹੀ ਪੰਜਵੀਂ (ਸਰਹਾਲੀ ਕਲਾਂ), ਗੁ. ਨਿੰਮ ਵਾਲਾ ਜਨਮ ਅਸਥਾਨ ਸ਼ਹੀਦ ਬਾਬਾ ਵਿਜੈ ਸਿੰਘ (ਸਰਹਾਲੀ ਕਲਾਂ), ਡੇਰਾ ਨਾਥਾਂ ਪੀਰ ਬਾਬਾ ਭੀਮ ਨਾਥ ਜੀ (ਸਰਹਾਲੀ ਕਲਾਂ), ਜੱਦੀ ਘਰ ਬਾਬਾ ਗੁਰਦਿੱਤ ਸਿੰਘ ਜੀ ਕਾਮਾਗਾਟਾਮਾਰੂ (ਸਰਹਾਲੀ ਕਲਾਂ) ਆਦਿਕ ਧਾਰਮਿਕ ਸਥਾਨਾਂ ਦੇ ਦਰਸ਼ਨ ਦੀਦਾਰੇ ਕੀਤੇ ਅਤੇ ਇਤਿਹਾਸਕ ਤੇ ਸਮਾਰਕੀ ਸਥਾਨਾਂ ਨੂੰ ਨਿਹਾਰਿਆ।
ਖੋਜਾਰਥੀਆਂ ਦੀ ਟੀਮ ਦੇ ਮੈਂਬਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਤਰਨਤਾਰਨ ਤੇ ਇਸ ਦੇ ਨਾਲ ਲਗਦੇ ਇਲਾਕੇ ਵਿੱਚ ਉੱਸਰੇ ਤੇ ਉੱਸਰ ਰਹੇ ਧਾਰਮਿਕ ਤੇ ਇਤਿਹਾਸਕ ਸਥਾਨਾਂ ਦੀ ਸਾਡੀ ਇਹ ਦੂਜੀ ਯਾਤਰਾ ਹੈ। ਇਸ ਯਾਤਰਾ ਦਾ ਮਨੋਰਥ ਖੇਤਰੀ ਖੋਜ-ਕਾਰਜ ਜ਼ਰੀਏ ਜਿੱਥੇ ਇਤਿਹਾਸਕ ਤੱਥ ਤੇ ਵੇਰਵੇ ਇਕੱਤਰ ਕਰਨਾ ਹੈ, ਉੱਥੇ ਨਾਲ ਹੀ ਸਾਰੇ ਸਥਾਨਾਂ ਦੀ ਫ਼ੋਟੋਗ੍ਰਾਫ਼ੀ ਕਰਕੇ ਉਨ੍ਹਾਂ ਦੇ ਮੌਜੂਦਾ ਢਾਂਚੇ ਤੇ ਬਣਤਰ ਨੂੰ ਖੋਜ ਤੇ ਭਵਿੱਖ ਲਈ ਸਾਂਭ ਕੇ ਰੱਖਣਾ ਹੈ।
ਖੋਜਾਰਥੀ ਸਤਨਾਮ ਸਿੰਘ ਨੇ ਕਿਹਾ ਕਿ ਖੋਜ ਤਾਂ ਹੀ ਸਫ਼ਲ ਮੰਨੀ ਜਾ ਸਕਦੀ ਹੈ ਜੇਕਰ ਉਸ ਲਈ ਥਾਂ-ਪੁਰ-ਥਾਂ ਜਾ ਕੇ ਅੰਕੜੇ ਇਕੱਠੇ ਕੀਤੇ ਜਾਣ ਅਤੇ ਇਲਾਕੇ ਦੇ ਮੋਹਤਬਰ ਤੇ ਜਾਣਕਾਰ ਸੱਜਣਾਂ ਤੋਂ ਬੀਤੀਆਂ ਘਟਨਾਵਾਂ ਸੰਬੰਧੀ ਤਨਕੀਦੀ ਪੁੱਛ-ਪੜਤਾਲ ਕੀਤੀ ਜਾਵੇ। ਤੱਥ ਦਰੁਸਤ ਹੋਣਗੇ ਤਾਂ ਉਨ੍ਹਾਂ ਦੇ ਆਧਾਰ ’ਤੇ ਕੀਤੇ ਗਏ ਮੁਤਾਲਿਆ ਦੇ ਨਤੀਜੇ ਵੀ ਤਰਕ-ਸੰਗਤ ਨਿਕਲਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਅਸੀਂ ਯਾਤਰਾ ਅਧੀਨ ਇਲਾਕੇ ਨੂੰ ਲਾਹੌਰ ਨਾਲ ਜੋੜਨ ਵਾਲੇ ਪੁਰਾਣੇ ਮਾਰਗਾਂ ਦੀ ਨਿਸ਼ਾਨਦੇਹੀ ਕਰ ਰਹੇ ਹਾਂ ਅਤੇ ਇਸ ਦੇ ਆਧਾਰ ’ਤੇ ਗੁਰੂ ਨਾਨਕ ਸਾਹਿਬ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਇਸ ਇਲਾਕੇ ਵਿੱਚ ਵਿਚਰਣ ਦੀਆਂ ਕੜੀਆਂ ਜੋੜਨ ਵੱਲ ਸੁਹਿਰਦਤਾ ਨਾਲ ਲੱਗੇ ਹੋਏ ਹਾਂ।
ਇਸ ਯਾਤਰਾ ਦੌਰਾਨ ਟੀਮ ਦੇ ਮੈਂਬਰਾਂ ਨੇ ਸ਼ਹੀਦ ਸ. ਸ਼ਾਮ ਸਿੰਘ ਅਟਾਰੀ ਗੁਰਮਤਿ ਕਾਲਜ (ਫ਼ਤਹਿਗੜ੍ਹ ਸਭਰਾ) ਦੇ ਵਿਦਿਆਰਥੀਆਂ ਨਾਲ ਗੁਰਮਤਿ ਸੰਬੰਧੀ ਵਿਚਾਰਾਂ ਦੀ ਵੀ ਸਾਂਝ ਪਾਈ। ਗੁਰਪ੍ਰੀਤ ਸਿੰਘ ਨੇ ਨੂਰਦੀ ਵਿਖੇ ਬਣੇ ਪੁਰਾਣੇ ਮਕਬਰੇ ਵਿੱਚ ਉੱਕਰੇ ਫ਼ਾਰਸੀ ਲਫ਼ਜ਼ਾਂ ਨੂੰ ਪੜ੍ਹਨ ਦਾ ਯਤਨ ਕੀਤਾ ਅਤੇ ਉੱਥੇ ਬਣੀਆਂ ਪੁਰਾਣੀਆਂ ਦੋ ਮਸਜਿਦਾਂ ਬਾਰੇ ਦੱਸਿਆ, ਜਿਨ੍ਹਾਂ ਵਿੱਚੋਂ ਇੱਕ ਖ਼ਤਮ ਹੋਣ ਦੀ ਕਗਾਰ ’ਤੇ ਹੈ ਤੇ ਇੱਕ ਦਾ ਰੂਪ ਬਦਲ ਕੇ ਉੱਥੇ ਕੁਝ ਹੋਰ ਤਾਮੀਰ ਹੋ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਸੁਰਿੰਦਰ ਸਿੰਘ ਯੂਨੀਵਰਸਿਟੀ ਦੇ ਫ਼ਾਰਸੀ ਵਿਭਾਗ ਵਿੱਚ ਡਿਪਲੋਮਾ ਫ਼ਾਰਸੀ ਤੇ ਸੰਸਕ੍ਰਿਤ ਵਿਭਾਗ ਵਿੱਚ ਐੱਮ. ਏ. ਸੰਸਕ੍ਰਿਤ ਦੇ ਵਿਦਿਆਰਥੀ, ਗੁਰਪ੍ਰੀਤ ਸਿੰਘ ਉਰਦੂ ਤੇ ਫ਼ਾਰਸੀ ਵਿਭਾਗ ਵਿੱਚ ਡਿਪਲੋਮਾ ਫ਼ਾਰਸੀ ਦੇ ਵਿਦਿਆਰਥੀ ਅਤੇ ਸਤਨਾਮ ਸਿੰਘ ਤੇ ਦਲਜੀਤ ਸਿੰਘ ਗੁਰੂ ਨਾਨਕ ਅਧਿਐਨ ਵਿਭਾਗ ਵਿੱਚ ਪੀਐੱਚ. ਡੀ ਦੇ ਖੋਜ ਵਿਦਿਆਰਥੀ ਵਜੋਂ ਕਾਰਜਵਤ ਹਨ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।