ਕੈਪਟਨ ਅਮਰਿੰਦਰ ਸਿੰਘ ਦੇ ਮੋਹਾਲੀ ‘ਚ ਦਿੱਤੇ ਬਿਆਨ ਤੇ ਸਿੱਖ ਆਗੂਆਂ ਦਾ ਪ੍ਰਤੀਕਰਮ
ਬ੍ਰਮਿੰਘਮ 24 ਫਰਵਰੀ ਕਦੇ ਆਪਣੇ ਆਪ ਨੂੰ ਮਹਾਰਾਜਾ ਅਖਵਾਉਣ, ਕਦੇ ਅਕਾਲੀ ਤੇ ਕਦੇ ਕਾਂਗਰਸੀ ਅਤੇ ਅੱਜਕਲ੍ਹ ਭਾਜਪਾ ਦੀ ਝੋਲੀ ਵਿੱਚ ਪਏ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਮੁੜ ਉਹੀ ਸਰਕਾਰੀ ਮੁਹਾਰਨੀ ਪੜ੍ਹੀ, ਜਿਸ ਦੌਰਾਨ ਉਹਨੇ ਕਿਹਾ, ਖ਼ਾਲਿਸਤਾਨੀਆਂ ਨੇ ਸਿੱਖ ਔਰਤਾਂ ਨਾਲ ਬਲਾਤਕਾਰ ਕੀਤੇ ਸਨ। ਕੈਪਟਨ ਨੂੰ ਸ਼ਾਇਦ ਚੇਤਾ ਭੁੱਲ ਗਿਆ ਕਿ ਕਿਸੇ ਦਿਨ ਉਸ ਨੇ ਵੀ ਖਾਲਿਸਤਾਨ ਦਾ ਨਾਹਰਾ ਲਾਇਆ ਸੀ। ਸੋ ਜਿਸ ਦਾ ਕੋਈ ਦੀਨ – ਈਮਾਨ ਹੀ ਨਹੀਂ ਕਿਸੇ ਧਿਰ ਨਾਲ ਵੀ ਵਫ਼ਾਦਾਰੀ ਨਹੀਂ, ਉਸ ਵਿਅਕਤੀ ਦੇ ਬਿਆਨ ਦੀ ਸਾਡੀ ਤੇ ਲੋਕਾਂ ਦੀ ਨਜ਼ਰ ਵਿੱਚ ਕੋਈ ਅਹਿਮੀਅਤ ਹੀ ਨਹੀਂ ਹੈ। ਪਰ ਫਿਰ ਵੀ ਅਸੀਂ ਆਮ ਲੋਕਾਂ ਦੀ ਜਾਣਕਾਰੀ ਹਿੱਤ ਸਪੱਸ਼ਟ ਕਰਦੇ ਹਾਂ ਕਿ ਇਹ ਸਭ ਕੁੱਝ ਸਰਕਾਰ ਦੀ ਇੱਕ ਨੀਤੀ ਤਹਿਤ ਕੀਤਾ ਕਰਵਾਇਆ ਗਿਆ ਸੀ।
ਕੈਪਟਨ ਦੇ ਉਕਤ ਬਿਆਨ ਤੇ ਪ੍ਰਤੀਕਰਮ ਦਿੰਦਿਆਂ ਵਰਲਡ ਸਿੱਖ ਪਾਰਲੀਮੈਂਟ ਦੇ ਬੁਲਾਰੇ ਭਾਈ ਜੋਗਾ ਸਿੰਘ, ਕੋਆਰਡੀਨੇਟਰ ਭਾਈ ਹਿੰਮਤ ਸਿੰਘ ਅਮਰੀਕਾ ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ,ਕੋ-ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਜਰਮਨੀ , ਭਾਈ ਗੁਰਪਾਲ ਸਿੰਘ , ਭਾਈ ਜਤਿੰਦਰ ਸਿੰਘ ਜਰਮਨੀ, ਭਾਈ ਜਸਵਿੰਦਰ ਸਿੰਘ, ਭਾਈ ਹਰਜੀਤ ਸਿੰਘ, ਹਰਜੋਤ ਸਿੰਘ ਸੰਧੂ ਹਾਲੈਂਡ, ਭਾਈ ਸਤਨਾਮ ਸਿੰਘ, ਭਾਈ ਸ਼ਿਗਾਰਾ ਸਿੰਘ ਮਾਨ ਫਰਾਂਸ ਅਤੇ ਭਾਈ ਕੁਲਦੀਪ ਸਿੰਘ ਬੈਲਜੀਅਮ ਨੇ ਕਿਹਾ ਕਿ ਸਿੱਖ ਪੰਥ ਵੱਲੋਂ ਬੀਤੇ 40 ਸਾਲਾਂ ਤੋਂ ਲੜੇ ਜਾ ਰਹੇ ਖਾਲਿਸਤਾਨ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਹਜ਼ਾਰਾਂ ਨੌਜਵਾਨਾਂ ਨੇ ਗੁਰਮਤਿ ਅਤੇ ਸਿੱਖੀ ਸਿਧਾਂਤਾਂ ਉਤੇ ਪਹਿਰਾ ਦਿੰਦਿਆਂ ਕੁਰਬਾਨੀਆਂ ਕੀਤੀਆਂ ਤੇ ਸ਼ਹਾਦਤਾਂ ਪ੍ਰਾਪਤ ਕਰ ਗਏ। ਜੁਝਾਰੂਆਂ ਨੂੰ ਬਦਨਾਮ ਕਰ ਸੰਘਰਸ਼ ਨਾਲੁਂ ਲੋਕਾਂ ਨਾਲੋਂ ਤੋੜ ਕੇ ਅਸਫ਼ਲ ਕਰਨ ਲਈ ਸਰਕਾਰ ਅਤੇ ਪੁਲਿਸ ਨੇ ਮਨੁੱਖਤਾ ਨੂੰ ਵੀ ਸ਼ਰਮਸਾਰ ਕਰਨ ਵਾਲੇ ਘਿਨਾਉਣੇ ਕੰਮ ਆਪ ਕੀਤੇ ਅਤੇ ਨਾਂ ਖਾੜਕੂਆਂ ਦਾ ਲਾ ਦਿੱਤਾ ਗਿਆ ।
ਕੈਪਟਨ ਨੇ ਆਖਰ ਜੁਝਾਰੂਆਂ ਵਿਰੁੱਧ ਬਿਆਨ ਕਿੱਥੇ ਅਤੇ ਕਦੋਂ ਦਿੱਤਾ, ਇਹ ਗੱਲ ਅਹਿਮੀਅਤ ਰੱਖਦੀ ਹੈ। ਕੈਪਟਨ ਮੋਹਾਲੀ ਦੇ ਇੰਡੀਅਨ ਸਕੂਲ ਆਫ਼ ਬਿਜਨੈਸ ਵਿਖੇ ਕੇ ਪੀ ਐਸ ਗਿੱਲ ਮੈਮੋਰੀਅਲ ਵਿਖੇ ਬੋਲ ਰਿਹਾ ਸੀ। ਇਹ ਉਸ ਬਦਨਾਮ ਅਫ਼ਸਰ ਦੀ ਯਾਦ ਵਿੱਚ ਬਣਿਆ ਹੋਇਆ ਯਾਦਗਾਰੀ ਥਾਂ ਹੈ, ਜਿਹੜਾ ਬਦਨਾਮ ਅਫ਼ਸਰ ਕੇ ਪੀ ਐਸ ਗਿੱਲ ਖੁਦ ਇਕ ਸਿਵਲ ਅਫ਼ਸਰ ਰੂਪਨ ਦਿਓਲ ਬਜਾਜ ਨਾਲ ਛੇੜਖਾਨੀ ਕਰਨ ਦਾ ਦੋਸ਼ੀ ਸੀ ਤੇ ਅਦਾਲਤੀ ਕਟਹਿਰੇ ਵਿੱਚ ਖੜ੍ਹਿਆ ਸੀ। ਜੇ ਕੈਪਟਨ ਦੇ ਵੱਡੇ ਵਡੇਰਿਆਂ ਦਾ ਇਤਿਹਾਸ ਦੇਖਿਆ ਜਾਵੇ ਤਾਂ ਪਟਿਆਲੇ ਦੇ ਰਾਜਿਆਂ ਨੇ ਕਦੇ ਵੀ ਸਿੱਖ ਪੰਥ ਦਾ ਸਾਥ ਨਹੀਂ ਦਿੱਤਾ। ਕਦੇ ਇਹ ਮੁਗਲਾਂ ਦੇ ਪਿੱਠੂ ਰਹੇ, ਕਦੇ ਅੰਗਰੇਜ਼ਾਂ ਦੇ ਤੇ ਹੁਣ ਇਹ ਭਾਰਤੀ ਹਕੂਮਤ ਦੀਆਂ ਲਾਲ਼ਾਂ ਚੱਟਦੇ ਨੇ।
ਉਕਤ ਆਗੂਆਂ ਨੇ ਕਿਹਾ ਕਿ ਜਦੋਂ ਸਿੱਖ ਸੰਘਰਸ਼ ਅੱਸੀਵਿਆਂ ਦੇ ਦੌਰ ਵਿੱਚ ਆਪਣੇ ਪੂਰੇ ਜੋਬਨ ‘ਤੇ ਚੱਲ ਰਿਹਾ ਸੀ ਤਾਂ ਪੰਜਾਬ ਵਿੱਚ ਜੁਝਾਰੂ ਨੌਜਵਾਨਾਂ ਦੇ ਛੁਪਣ ਲਈ ਜੰਗਲ ਨਾ ਹੋਣ ਕਾਰਨ ਪੰਜਾਬ ਦੇ ਲੋਕ ਹੀ ਜੰਗਲ ਦਾ ਕੰਮ ਦੇ ਰਹੇ ਸਨ । ਲੋਕਾਂ ਦੀ ਸਿੱਖ ਸੰਘਰਸ਼ ਨੂੰ ਪੂਰੀ ਹਿਮਾਇਤ ਪ੍ਰਾਪਤ ਸੀ। ਰੂਪੋਸ਼ੀ ਦੇ ਜੀਵਨ ਕਾਰਨ, ਲੰਮਾ ਸਮਾਂ ਖਾੜਕੂਆਂ ਦਾ ਇਕ ਦੂਜੇ ਨਾਲ ਸੰਪਰਕ ਨਾ ਹੋ ਸਕਣ ਕਾਰਨ ਇਹਨਾਂ ਗਦਾਰਾਂ ਅਤੇ ਬਲੈਕ ਕੈਟਾਂ ਦਾ ਖਾੜਕੂ ਸਫ਼ਾਂ ਵਿੱਚ ਸ਼ਾਮਿਲ ਹੋਣਾ ਆਸਾਨ ਹੋ ਗਿਆ । ਖਾੜਕੂ ਕਿਸ ਦੇ ਉਪਰ ਵਿਸ਼ਵਾਸ ਕਰਦੇ ਕਿਸ ਉਤੇ ਨਾ ਕਰਦੇ। ਸੋ ਬਹੁਤੇ ਖਾੜਕੂਆਂ ਦੇ ਨਾਲ ਉਹਨਾਂ ਦੇ ਵਿਸ਼ਵਾਸ ਪਾਤਰ ਬਣ ਕੇ ਧੋਖੇ ਨਾਲ ਉਹਨਾਂ ਨੂੰ ਸ਼ਹੀਦ ਕਰਵਾਇਆ ਗਿਆ ।
ਪੁਲਿਸ ਤੇ ਸਿਆਸਤਦਾਨਾਂ ਦੀ ਮਿਲੀ ਭੁਗਤ ਨਾਲ ਬਲੈਕ ਕੈਟ ਸਿੱਖੀ ਸਰੂਪ ਵਿੱਚ ਤਿਆਰ ਕੀਤੇ ਗਏ, ਇਹਨਾਂ ਕੋਲੋਂ ਪੁਲਿਸ ਤੇ ਪ੍ਰਸ਼ਾਸਨ ਨੇ ਗਲਤ ਕੰਮ ਕਰਵਾਏ। ਜਿਹੜੇ ਪਰਿਵਾਰਾਂ ਵਿੱਚ ਖਾੜਕੂਆਂ ਦੀਆਂ ਛੁਪਣਗਾਹਾਂ, ਠਾਹਰਾਂ ਸਨ, ਬਲੈਕ ਕੈਟ ਨਕਲੀ ਖਾੜਕੂ ਬਣ ਕੇ ਉਹਨਾਂ ਦੇ ਘਰੀਂ ਜਾਂਦੇ ਅਤੇ ਔਰਤਾਂ ਨਾਲ ਬਦਸਲੂਕੀ ਅਤੇ ਉਹਨਾਂ ਦਾ ਜਿਣਸੀ ਸ਼ੋਸ਼ਣ ਕਰਦੇ ਅਤੇ ਬਾਅਦ ਵਿੱਚ ਪੁਲਿਸ ਆ ਕੇ ਉਹਨਾਂ ਪਰਿਵਾਰਾਂ ਨੂੰ ਚੁੱਕ ਲਿਜਾਂਦੀ ਅਤੇ ਉਹਨਾਂ ਉਤੇ ਪੁਲਿਸ ਥਾਣਿਆਂ ਵਿੱਚ ਤਸ਼ੱਦਦ ਕੀਤਾ ਜਾਂਦਾ । ਸਰਕਾਰ ਤੇ ਪੁਲਿਸ ਦੀ ਇਹ ਸੋਚੀ ਸਮਝੀ ਸਾਜਿਸ਼ ਸੀ, ਕਿ ਜੁਝਾਰੂ ਸੰਘਰਸ਼ ਨੂੰ ਲੋਕਾਂ ਵਿੱਚ ਬਦਨਾਮ ਕੀਤਾ ਜਾਵੇ । ਜਿਸ ਤਹਿਤ ਬਲੈਕ ਕੈਟਾਂ ਨੂੰ ਸੰਘਰਸ਼ ਵਿੱਚ ਵਾੜ ਕੇ ਪੰਥ ਦਾ ਨੁਕਸਾਨ ਕਰਵਾਇਆ ਗਿਆ । ਇਸ ਤਰ੍ਹਾਂ ਬਹੁਤ ਸਾਰੀਆਂ ਠਾਹਰਾਂ ਦੇਣ ਵਾਲੇ ਪਰਿਵਾਰਾਂ ਨੂੰ ਵੀ ਪੁਲਿਸ ਵੱਲੋਂ ਖਤਮ ਕਰ ਦਿੱਤਾ ਗਿਆ । ਇਹ ਸਾਰੀ ਸਰਕਾਰ ਦੀ ਸਿੱਖ ਸੰਘਰਸ਼ ਨੂੰ ਅਸਫ਼ਲ ਕਰਨ ਦੀ ਇੱਕ ਨੀਤੀ ਤਹਿਤ ਵਾਪਰਿਆ, ਹਾਲਾਂ ਕਿ ਜੁਝਾਰੂ ਖਾਲਿਸਤਾਨੀ ਨੌਜਵਾਨ ਤਾਂ ਲੋਕਾਂ ਦੀਆਂ ਇੱਜ਼ਤਾਂ ਅਤੇ ਧਨ ਮਾਲ ਦੇ ਰਾਖੇ ਬਣ ਕੇ ਸੰਘਰਸ਼ ਲੜ ਰਹੇ ਸਨ। ਬਹੁਤ ਸਾਰੇ ਸਮਾਜਿਕ ਸੁਧਾਰ ਉਸ ਦੌਰ ਦੌਰਾਨ ਕੀਤੇ ਗਏ ਜਿਸ ਕਰਕੇ ਲੋਕਾਂ ਦੀ ਪੂਰੀ ਹਿਮਾਇਤ ਸਿੱਖ ਸੰਘਰਸ਼ ਨੂੰ ਸੀ।
===========
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।