Home » ਜੀਵਨ ਸ਼ੈਲੀ » ਸਮੁੱਚੀ ਮਾਨਵਤਾ ਦੀ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੇ ਹੱਕਾਂ ਦੀ ਰਖਵਾਲੀ ਦਾ ਸੁਨੇਹਾ ਦਿੰਦੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ – ਗੁਰਚਰਨ ਸਿੰਘ ਗੁਰਾਇਆ

ਸਮੁੱਚੀ ਮਾਨਵਤਾ ਦੀ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੇ ਹੱਕਾਂ ਦੀ ਰਖਵਾਲੀ ਦਾ ਸੁਨੇਹਾ ਦਿੰਦੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ – ਗੁਰਚਰਨ ਸਿੰਘ ਗੁਰਾਇਆ

SHARE ARTICLE

7 Views

 

ਮੂਲ ਨਾਨਕਸ਼ਾਹੀ ਕਲੰਡਰ ਅਨੁਸਾਰ 11 ਮੱਘਰ 24 ਨਵੰਬਰ ਨੂੰ ਨੌਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੂਰੂ ਤੇਗ ਬਹਾਦਰ ਜੀ, ਸ਼ਹੀਦ ਭਾਈ ਮਤੀ ਦਾਸ ਜੀ, ਸ਼ਹੀਦ ਭਾਈ ਸਤੀ ਦਾਸ ਜੀ ਤੇ ਸ਼ਹੀਦ ਭਾਈ ਦਿਆਲਾ ਜੀ ਦੇ ਸ਼ਹਾਦਤ ਦਿਹਾੜੇ ਤੇ ਕੋਟਿ ਕੋਟਿ ਪ੍ਰਣਾਮ ਹੈ ।

ਸਿੱਖ ਪੰਥ ਨੇ ਦੁਨੀਆਂ ‘ਚੋ ਜ਼ੋਰ-ਜ਼ਬਰ ਦੇ ਖ਼ਾਤਮੇ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸਰਬੱਤ ਦੇ ਭਲੇ ਹਿੱਤ ਅਥਾਹ ਕੁਰਬਾਨੀਆਂ ਦਿੱਤੀਆਂ ਹਨ। ਹਰ ਚੜ੍ਹਦੇ ਸੂਰਜ ਦੀ ਰੋਸ਼ਨੀ ਆਏ ਦਿਨ ਸਿੱਖ ਪੰਥ ਦੀਆਂ ਸ਼ਹਾਦਤਾਂ ਦੀ ਗਾਥਾ ਨੂੰ ਰੁਸ਼ਨਾਉਂਦੀ ਹੈ ।

ਇਸੇ ਸੰਦਰਭ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਿੱਖ ਇਤਿਹਾਸ ਤੇ ਦੁਨੀਆ ਦੇ ਧਰਮਾਂ ਦੇ ਵਿੱਚ ਇੱਕ ਖਾਸ ਮਹੱਤਤਾ ਰੱਖਦੀ ਹੈ । ਗੁਰੂ ਸਾਹਿਬ ਜੀ ਦੀ ਕੁਰਬਾਨੀ ਧਰਮ ਦੀ ਅਜ਼ਾਦੀ, ਮਨੁੱਖੀ ਹੱਕਾਂ ਦੀ ਰੱਖਿਆ ਤੇ ਇੱਕ ਆਦਰਸ਼ਕ ਪੁਰਸ਼ ਦੀ ਧਾਰਮਿਕ ਦ੍ਰਿੜਤਾ ਤੇ ਉੱਚੇ ਸੁੱਚੇ ਸਿਧਾਂਤਾਂ ਦੀ ਇੱਕ ਅਨੋਖੀ ਮਿਸਾਲ ਹੈ । ਜਿੱਥੇ ਸਿੱਖ ਕੌਮ ਨੂੰ ਇਸ ਸ਼ਹਾਦਤ ਵਿੱਚੋਂ ਕਿਸੇ ਵੀ ਜ਼ਾਲਮ ਦੇ ਜ਼ੁਲਮ ਦੇ ਦਬਾਅ ਹੇਠ ਨਾ ਝੁਕਣ ਦੀ ਪ੍ਰੇਰਨਾ ਮਿਲਦੀ ਹੈ ਉੱਥੇ ਸਮੁੱਚੀ ਮਨੁੱਖਤਾ ਨੂੰ ਧਾਰਮਿਕ ਅਜ਼ਾਦੀ ਦੇ ਸੁਨਿਹਰੀ ਅਸੂਲ ਦੇ ਸੰਕਲਪ ਦਾ ਸੁਨੇਹਾ ਮਿਲਦਾ ਹੈ । ਕਿਸੇ ਦੂਸਰੇ ਧਰਮ ਦੀ ਰੱਖਿਆ ਲਈ ਦਿੱਤੀ ਗਈ ਇਸ ਅਸੂਲੀ ਸ਼ਹਾਦਤ ਦੀ ਪੂਰੀ ਦੁਨੀਆਂ ਦੇ ਇਤਿਹਾਸ ਵਿੱਚ ਇਹ ਵਿਲੱਖਣ ਮਿਸਾਲ ਹੈ ।

ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਸਿੱਖ ਧਰਮ ਦੀ ਬੁਨਿਆਦ ਹੀ “ਇੱਕ” ਦੇ ਸਿਧਾਂਤ ਤੇ ਰੱਖੀ ਗਈ ਸੀ । ਜਾਤ ਪਾਤ ਤੇ ਰੰਗ ਨਸਲ ਦੇ ਭੇਦ ਭਾਵ ਤੋਂ ਉੱਪਰ ਉੱਠ ਕੇ ਪੂਰੀ ਮਨੱਖਤਾ ਦੀ ਬਰਾਬਰੀ ਦਾ ਸਿਧਾਂਤ ਸਿੱਖ ਕੌਮ ਦੀ ਬੁਨਿਆਦ ਹੈ । ਨਾ ਕੋ ਹਿੰਦੂ ਤੇ ਨਾ ਕੋ ਮੁਸਲਮਾਨ ਦਾ ਨਾਅਰਾ ਦੇ ਕੇ ਸਤਿਗੁਰੂ ਜੀ ਨੇ ਸਰਬ ਸਾਂਝੀਵਾਲਤਾ ਦਾ ਸੁਨਿਹਰਾ ਸਿਧਾਂਤ ਦਿੱਤਾ । ਸਿੱਖ ਕੌਮ ਦੇ ਇਹ ਸੁਨਿਹਰੀ ਅਸੂਲ ਹੀ ਸਨ ਜਿਨ੍ਹਾਂ ਦੀ ਵਜ੍ਹਾ ਕਰਕੇ ਜਦ ਔਰੰਗਜ਼ੇਬ ਦੇ ਹਿੰਦੂ ਧਰਮ ਖਿਲਾਫ ਜੁਲਮਾਂ ਦੀ ਸਿਖਰ ਹੋ ਗਈ ਤੇ ਕੋਈ ਕਸ਼ਮੀਰੀ ਪੰਡਤਾਂ ਦੀ ਬਾਂਹ ਫੜਨ ਵਾਲਾ ਨਾ ਮਿਲਿਆ ਤਾਂ ਉਹ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਨੌਵੇਂ ਨਾਨਕ ਸਾਹਿਬ ਦੀ ਜੋਤਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਪਣੇ ਧਰਮ ਨੂੰ ਬਚਾਉਣ ਦੀ ਫਰਿਆਦ ਲੈ ਕੇ ਆਏ ।

ਗੁਰੂ ਤੇਗ ਬਹਾਦਰ ਜੀ ਨੇ ਸਿੱਖ ਧਰਮ ਦੇ ਅਸੂਲਾਂ ਮੁਤਾਬਕ “ਧਰਮ” ਦੀ ਰੱਖਿਆ ਲਈ ਆਪਣੇ ਸੀਸ ਦਾ ਬਲੀਦਾਨ ਦੇਣ ਦਾ ਫੈਸਲਾ ਕੀਤਾ । ਇਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਦੇਸ਼ ਅੰਦਰ ਵਿਚਰਦਿਆਂ ਲੋਕਾਈ ਨੂੰ ਧਰਮ ਵਿੱਚ ਪ੍ਰਪੱਕ ਰਹਿਣ ਅਤੇ ਜ਼ੁਲਮ ਦੀ ਝੁਲਦੀ ਹਨੇਰੀ ਅੱਗੇ ਨਿਰਭੈ ਰਹਿਣ ਦਾ ਹੋਕਾ ਦਿੱਤਾ । ਜ਼ਾਲਮ ਔਰੰਗਜ਼ੇਬ ਇਹ ਬਰਦਾਸ਼ਤ ਨਾ ਕਰ ਸਕਿਆ ਤੇ ਉਸ ਨੇ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਕੇ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ । ਅੱਜ ਦੇ ਦਿਹਾੜੇ ਸੰਨ 1675 ਨੂੰ ਦਿੱਲੀ ਦੇ ਚਾਂਦਨੀ ਚੌਂਕ ਅੰਦਰ ਗੁਰੂ ਤੇਗ ਬਹਾਦਰ ਜੀ ਨੂੰ ਆਪ ਜੀ ਦੇ ਤਿੰਨ ਸਿੱਖਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਤੇ ਭਾਈ ਦਿਆਲ ਜੀ ਸਮੇਤ ਸ਼ਹੀਦ ਕਰ ਦਿੱਤਾ ।

ਜਿਸ ਹਿੰਦੂਤਵਾ ਕੌਮ ਲਈ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦੇ ਕੇ ਉਹਨਾਂ ਦੇ ਧਰਮ ਦੀ ਰੱਖਿਆ ਕੀਤੀ ਸੀ ਬੇਸ਼ੱਕ ਉਹਨਾਂ ਦੀਆਂ ਮਨੌਤਾਂ ਸਿਧਾਂਤ ਸਿੱਖੀ ਸਿਧਾਂਤਾਂ ਨਾਲ ਮੇਲ ਨਹੀ ਖਾਂਦੀਆਂ ਸੀ ਪਰ ਫਿਰ ਵੀ ਉਹਨਾਂ ਦੀ ਰਾਖੀ ਦੀ ਖਾਤਰ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ । ਮੌਜੂਦਾ ਸਮੇਂ ਵਿੱਚ ਦਿੱਲੀ ਤਖਤ ਤੇ ਹਿੰਦੂਤਵੀਆਂ ਦੀ ਹਕੂਮਤ ਔਰੰਗਜੇਬ ਦੇ ਪਦ ਚਿੰਨ ਤੇ ਚਲਦੀ ਹੋਈ ਮੁਸਲਮਾਨਾਂ, ਦਲਿਤਾਂ ਅਤੇ ਈਸਾਈਆਂ ਤੇ ਹੀ ਜ਼ੁਲਮ ਨਹੀ ਕਰ ਰਹੀ ਸਗੋਂ ਗੁਰੂ ਨਾਨਕ ਸਾਹਿਬ ਜੀ ਦੇ ਨਿਆਰੇ ਨਿਰਮਲੇ ਸਿੱਖ ਪੰਥ ਨੂੰ ਹਰ ਹੀਲਾ ਵਰਤ ਕੇ ਆਪਣੇ ਬ੍ਰਾਹਮਣਵਾਦ ਦੇ ਜਾਲ ਵਿੱਚ ਜਜਬ ਕਰਨ ਦੀਆਂ ਅਸਫਲ ਕੋਸ਼ਿਸ਼ ਕੀਤੀਆਂ ਜਾ ਰਿਹੀਆਂ ਹਨ ।

ਬ੍ਰਾਹਮਣਵਾਦ ਸਿੱਖ ਕੌਮ ਦੀ ਹੋਂਦ ਤੋਂ ਹੀ ਸਿੱਖੀ ਦੇ ਅਸੂਲਾਂ ਤੋਂ ਭੈ ਖਾ ਕੇ ਉਸ ਨੂੰ ਖਤਮ ਕਰਨ ਲਈ ਤਤਪਰ ਰਿਹਾ ਹੈ ਪਰ ਮੌਜੂਦਾ ਸਮੇਂ ਵਿੱਚ ਉਹ ਸਤਾ ਵਿੱਚ ਹੋਣ ਕਰਕੇ ਆਪਣਾ ਜ਼ਾਲਮ ਤੇ ਕਰੂਪ ਚਿਹਰਾ ਸਿੱਖ ਕੌਮ ਨੂੰ ਦਿਖਾ ਰਿਹਾ ਹੈ । ਬ੍ਰਾਹਮਣਵਾਦ ਦਾ ਪੂਰਾ ਜ਼ੋਰ ਹੈ ਕਿ ਉਹ ਜਾਂ ਤਾਂ ਸਿੱਖ ਕੌਮ ਨੂੰ ਖਤਮ ਕਰ ਦੇਣ ਜਾਂ ਇਸ ਨੂੰ ਆਪਣੇ ਧਰਮ ਅੰਦਰ ਜਜ਼ਬ ਕਰ ਲੈਣ ।ਆਪਣੇ ਇਸ ਮਕਸਦ ਦੀ ਪ੍ਰਾਪਤੀ ਲਈ ਉਸ ਨੇ ਦੋ ਧਾਰੀ ਮੁਹਿੰਮ ਵਿੱਢੀ ਹੈ । ਬਾਹਰੀ ਤੌਰ ਤੇ ਸਿੱਖ ਧਰਮ ਤੇ ਸਿੱਖ ਹੱਕਾਂ ਦੀ ਗੱਲ ਕਰਨ ਵਾਲੇ ਹਜ਼ਾਰਾਂ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਅੰਦਰੂਨੀ ਤੌਰ ਤੇ ਆਰ ਐਸ ਐਸ ਵਰਗੀਆਂ ਜਥੇਬੰਦੀਆਂ ਰਾਹੀਂ ਸਿੱਖ ਕੌਮ ਨੂੰ ਆਪਣੇ ਵਿੱਚ ਜਜ਼ਬ ਕਰਨ ਲਈ ਲੁਕਵੇਂ ਵਾਰ ਕੀਤੇ ਗਏ । ਇਹਨਾਂ ਵਾਰਾਂ ਦੀ ਕਾਮਯਾਬੀ ਹੈ ਕਿ ਬ੍ਰਾਹਣਵਾਦੀ ਤਾਕਤਾਂ ਮਾਰੀ, ਕੁੱਟੀ ਤੇ ਲਿਤਾੜੀ ਕੌਮ ਵਿੱਚ ਘੁਸਪੈਠ ਕਰਨ ਵਿੱਚ ਕਾਮਯਾਬ ਹੋ ਗਈਆਂ ਹਨ । ਇਸ ਕਰਕੇ ਹੀ ਸਮੁੱਚੀ ਮਨੁੱਖਤਾ ਦੀ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੇ ਹੱਕ ਦਾ ਸੁਨੇਹਾ ਦਿੰਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਵੱਡੇ ਪੱਧਰ ਤੇ ਹਿੰਦੂ ਧਰਮ ਲਈ ਦਿੱਤੀ ਕੁਰਬਾਨੀ ਵਜੋਂ ਪ੍ਰਚਾਰਿਆ ਜਾ ਰਿਹਾ ਹੈ । ਬ੍ਰਾਹਮਣਵਾਦੀ ਸੋਚ ਦੇ ਭਗਤ ਸਿੱਖ ਕੌਮ ਦੀ ਸਿਆਸੀ ਤੇ ਧਾਰਮਿਕ ਲੀਡਰਸ਼ਿਪ ਚੁੱਪ ਚਾਪ ਬ੍ਰਾਹਮਣਵਾਦ ਦੀ ਹਾਂ ਵਿੱਚ ਹਾਂ ਮਿਲਾ ਕੇ ਇਸ ਮਹਾਨ ਕੁਰਬਾਨੀ ਦਾ ਮਾਣ ਘਟਾ ਰਹੀ ਹੈ ।

ਸਾਹਿਬ ਸ੍ਰੀ ਗੂਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਸਿੱਖ ਕੌਮ ਨੂੰ ਇਸ ਸ਼ਹਾਦਤ ਦਾ ਅਸਲ ਸਿਧਾਂਤ ਸਮੁੱਚੀ ਮਨੁੱਖਤਾ ਦੀ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੇ ਹੱਕ ਦਾ ਸੁਨੇਹਾ ਪੂਰੀ ਦੁਨਿਆ ਤੱਕ ਪਹੁੰਚਾਉਣਾ ਚਾਹੀਦਾ ਹੈ ਤੇ ਨਾਲ ਨਾਲ ਜ਼ੁਲਮ ਦਾ ਮੁਕਾਬਲਾ ਨਿਰਭੈ ਹੋ ਕੇ ਤੇ ਡਟ ਕੇ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ । ਇਸੇ ਵਿੱਚ ਹੀ ਸਿੱਖ ਕੌਮ ਦਾ ਤੇ ਪੂਰੀ ਮਨੁੱਖਤਾ ਦਾ ਭਲਾ ਹੈ ।

khireyapunjab
Author: khireyapunjab

Leave a Reply

Your email address will not be published. Required fields are marked *

Latest News