ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ 31ਵੀਂ ਬਰਸੀ ਨੂੰ ਸਮਰਪਿਤ ਸ਼ਹੀਦੀ ਸਮਾਗਮ ਉਨ੍ਹਾਂ ਦੇ ਜੱਦੀ ਪਿੰਡ ਖਾਲੜਾ ਸਥਿਤ ਗੁਰਦੁਆਰਾ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਵਿਖੇ ਖਾਲੜਾ ਐਕਸ਼ਨ ਕਮੇਟੀ, ਉਨ੍ਹਾਂ ਦੇ ਭਰਾ ਭਾਈ ਅਮਰਜੀਤ ਸਿੰਘ ਖਾਲੜਾ ਅਤੇ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਹੋਈ। ਇਸ ਮੌਕੇ ਵੱਖ-ਵੱਖ ਪੰਥਕ ਸ਼ਖ਼ਸੀਅਤਾਂ ਨੇ ਭਾਈ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੀਤੇ ਸੰਘਰਸ਼ ਨੂੰ ਯਾਦ ਕੀਤਾ।ਸਮਾਗਮ ਦੌਰਾਨ ਪੰਥਕ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ, ‘ਸੱਥ’ ਜਥੇਬੰਦੀ ਪੰਜਾਬ ਦੇ ਆਗੂ ਭਾਈ ਅਸ਼ਮੀਤ ਸਿੰਘ, ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਬਾਰੇ ਪੁਸਤਕ ਦੇ ਲੇਖਕ ਭਾਈ ਅਜਮੇਰ ਸਿੰਘ, ਭਾਈ ਪਰਮਪਾਲ ਸਿੰਘ ਸਭਰਾ, ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਭਾਈ ਰਾਜਿੰਦਰ ਸਿੰਘ ਤਲਵੰਡੀ, ਭਾਈ ਸਤਨਾਮ ਸਿੰਘ ਮਨਾਵਾਂ, ਪ੍ਰੋਫ਼ੈਸਰ ਵਿਰਸਾ ਸਿੰਘ ਵਲਟੋਹਾ ਅਤੇ ਖਾਲੜਾ ਐਕਸ਼ਨ ਕਮੇਟੀ ਦੇ ਆਗੂ ਤੇ ਭਾਈ ਖਾਲੜਾ ਦੇ ਲੰਮੇ ਸਮੇਂ ਤੱਕ ਸਾਥੀ ਰਹੇ ਭਾਈ ਬਲਵਿੰਦਰ ਸਿੰਘ ਝਬਾਲ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਲਾਪਤਾ ਕੀਤੇ ਗਏ ਲੋਕਾਂ ਅਤੇ ਉਸ ਦੌਰ ਦੌਰਾਨ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਇਨਸਾਫ਼ ਅਤੇ ਸੱਚਾਈ ਨੂੰ ਲੋਕਾਂ ਸਾਹਮਣੇ ਲਿਆਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੀਤਾ ਗਿਆ ਸੰਘਰਸ਼ ਹਮੇਸ਼ਾ ਯਾਦ ਰੱਖਿਆ ਜਾਵੇਗਾ।ਇਸ ਮੌਕੇ ਭਾਈ ਅਮਰਜੀਤ ਸਿੰਘ ਖਾਲੜਾ ਅਤੇ ਮਨੁੱਖੀ ਅਧਿਕਾਰ ਕਮੇਟੀ ਵੱਲੋਂ ਸਮੂਹ ਜਥੇਬੰਦੀਆਂ ਦੀ ਸਹਿਮਤੀ ਨਾਲ ਪੰਜ ਅਹਿਮ ਮਤੇ ਸੰਗਤ ਦੇ ਸਾਹਮਣੇ ਰੱਖੇ ਗਏ, ਜਿਨ੍ਹਾਂ ਨੂੰ ਹਾਜ਼ਰ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ।
ਪਹਿਲੇ ਮਤੇ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਗਈ ਕਿ ਸਾਲ 1978 ਤੋਂ 1995 ਤੱਕ ਪੰਜਾਬ ਵਿੱਚ ਹੋਏ ਕਤਲੇਆਮ ਅਤੇ ਲਾਪਤਾ ਹੋਏ ਲੋਕਾਂ ਦੇ ਮਾਮਲਿਆਂ ਨੂੰ ਦੁਨੀਆ ਸਾਹਮਣੇ ਲਿਆਉਣ ਲਈ ਵਿਸ਼ੇਸ਼ ਟੀਮਾਂ ਗਠਿਤ ਕਰਕੇ ਸਬੰਧਤ ਸੂਚੀਆਂ ਇਕੱਠੀਆਂ ਕੀਤੀਆਂ ਜਾਣ।ਦੂਜੇ ਮਤੇ ਰਾਹੀਂ ਪਰਵਿੰਦਰ ਸਿੰਘ ਝੋਟੇ ਵਿਰੁੱਧ ਹੋਈ ਕਾਰਵਾਈ ਦੀ ਨਿਖੇਧੀ ਕਰਦਿਆਂ ਇਨਸਾਫ਼ ਲਈ ਬਣੀ ਕਮੇਟੀ ਦੀ ਹਮਾਇਤ ਕੀਤੀ ਗਈ। ਤੀਜੇ ਮਤੇ ਰਾਹੀਂ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਗਈ।
ਚੌਥੇ ਮਤੇ ਵਿੱਚ ਭਾਈ ਪਰਮਿੰਦਰ ਸਿੰਘ ਝੋਟੇ ਨੂੰ ਸ਼ਹੀਦ ਦਾ ਦਰਜਾ ਦਿੰਦਿਆਂ ਉਨ੍ਹਾਂ ਦੀ ਕੁਰਬਾਨੀ ਨੂੰ ਸਿਜਦਾ ਕੀਤਾ ਗਿਆ। ਪੰਜਵੇਂ ਮਤੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਇਕਜੁੱਟ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ ਗਿਆ।
ਸਮਾਗਮ ਦੇ ਅੰਤ ਵਿੱਚ ਭਾਈ ਅਮਰਜੀਤ ਸਿੰਘ ਖਾਲੜਾ ਨੇ ਪਹੁੰਚੀਆਂ ਸਾਰੀਆਂ ਸੰਗਤਾਂ ਅਤੇ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਸ਼ਖ਼ਸੀਅਤਾਂ ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਜੱਦੀ ਘਰ ਵਿਖੇ ਬਣਾਈ ਗਈ ਫੋਟੋ ਗੈਲਰੀ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਯਾਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।ਇਸ ਮੌਕੇ ਸੁਰਜੀਤ ਸਿੰਘ ਭੁੱਚਰ, ਰਜੀਵ ਸਿੰਘ, ਸੁਰਿੰਦਰ ਸਿੰਘ ਘਰਿਆਲਾ, ਬਲਵਿੰਦਰ ਸਿੰਘ ਝਬਾਲ, ਬਾਬਾ ਦਰਸ਼ਨ ਸਿੰਘ ਦਾਸੂਵਾਲ, ਨਿਰਮਲ ਸਿੰਘ ਸਸੁਰ ਸਿੰਘ, ਨਛੱਤਰ ਸਿੰਘ ਅਮੀਸ਼ਾਹ, ਸਾਹਿਬ ਸਿੰਘ, ਪ੍ਰਧਾਨ ਬਲਦੇਵ ਸਿੰਘ, ਬਾਬਾ ਜੁਗਰਾਜ ਸਿੰਘ, ਜੁਗਰਾਜ ਸਿੰਘ ਨਾਰਲੀ, ਪ੍ਰਧਾਨ ਜਸਵੰਤ ਸਿੰਘ ਜੋਧਪੁਰੀ, ਫੌਜੀ ਗੁਰਸਾਹਿਬ ਸਿੰਘ, ਬਲਜੀਤ ਸਿੰਘ ਕਲਸੀਆਂ, ਕੁਲਦੀਪ ਸਿੰਘ ਕਲਸੀਆਂ, ਸਰਪੰਚ ਗੁਰਜੀਤ ਸਿੰਘ ਜੰਡ ਖਾਲੜਾ, ਸਤਨਾਮ ਸਿੰਘ ਜੰਡ ਖਾਲੜਾ, ਮੇਹਰ ਸਿੰਘ ਕੰਗ (ਇੰਗਲੈਂਡ), ਨੰਬਰਦਾਰ ਸੁਰਿੰਦਰ ਸਿੰਘ ਭੋਜੀਆਂ (ਅਮਰੀਕਾ), ਜਗਦੀਪ ਸਿੰਘ ਰੱਬੀ ਆਰਟਿਸਟ, ਸੁਖਜੀਤ ਸਿੰਘ ਖਾਲੜਾ, ਹਰਿੰਦਰ ਕੌਰ (ਕੈਨੇਡਾ), ਅਸ਼ਕਰਨ ਸਿੰਘ ਖਾਲੜਾ, ਹਰਪ੍ਰੀਤ ਸਿੰਘ ਹੈਪੀ, ਬਾਬਾ ਸਿੰਘ, ਸਰਗੁਣਪ੍ਰੀਤ ਸਿੰਘ ਖਾਲੜਾ, ਪਰਮਿੰਦਰ ਸਿੰਘ ਹੀਰਾ ਅਤੇ ਗੋਪਾਲ ਸਿੰਘ , ਪੱਤਰਕਾਰ ਸਰਬਜੀਤ ਸਿੰਘ, ਪੱਤਰਕਾਰ ਜਗਤਾਰ ਸਿੰਘ ਖਾਲੜਾ, ਪੱਤਰਕਾਰ ਗੁਰਪ੍ਰੀਤ ਸਿੰਘ ਅਤੇ ਪੱਤਰਕਾਰ ਰਣਜੀਤ ਸਿੰਘ ਰਾਣਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








