Home » ਨਵੀਂ ਦਿੱਲੀ » ਪਾਵਨ ਸਰੂਪਾਂ ਦੀ ਆਵਾਜਾਈ ਨੂੰ ਲੈ ਕੇ ਸਰੀ ਵਿੱਚ ਰੋਸ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤੁਰੰਤ ਜਾਂਚ ਦੀ ਮੰਗ

ਪਾਵਨ ਸਰੂਪਾਂ ਦੀ ਆਵਾਜਾਈ ਨੂੰ ਲੈ ਕੇ ਸਰੀ ਵਿੱਚ ਰੋਸ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤੁਰੰਤ ਜਾਂਚ ਦੀ ਮੰਗ

SHARE ARTICLE

71 Views

 

ਨਵੀਂ ਦਿੱਲੀ 22 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਪੰਥ ਦੇ ਸਦੀਵੀ ਗੁਰੂ ਹਨ ਅਤੇ ਪਾਵਨ ਸਰੂਪਾਂ ਦੀ ਸੰਭਾਲ, ਸਤਿਕਾਰ ਤੇ ਆਵਾਜਾਈ ਸਿੱਖ ਮਰਯਾਦਾ ਅਨੁਸਾਰ ਹੋਣਾ ਸੰਗਤਾਂ ਲਈ ਅਤਿ-ਸੰਵੇਦਨਸ਼ੀਲ ਮਾਮਲਾ ਹੈ। ਸਰੀ ਦੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਨਾਲ ਸਬੰਧਤ ਪਾਵਨ ਸਰੂਪਾਂ ਨੂੰ ਦੂਸਰੇ ਸੂਬਿਆਂ ਵਿੱਚ ਭੇਜਣ ਨੂੰ ਲੈ ਕੇ ਮੁੜ ਗੰਭੀਰ ਸਵਾਲ ਉੱਠੇ ਹਨ। ਸੰਗਤਾਂ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਵੈਨਾਂ ਦੀਆਂ ਡਿੱਗੀਆਂ ਵਿੱਚ ਵਸਤਰ ਵਿਛਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਰੱਖੇ ਗਏ ਅਤੇ ਪੰਜ ਸਿੰਘਾਂ ਦੀ ਮੌਜੂਦਗੀ ਤੋਂ ਬਿਨਾਂ ਡਰਾਈਵਰਾਂ ਰਾਹੀਂ ਵੱਡੀ ਗਿਣਤੀ ਵਿੱਚ ਸਰੂਪ ਲਗਭਗ 4,000 ਕਿਲੋਮੀਟਰ ਦੂਰ ਟੋਰਾਂਟੋ ਤੱਕ ਲਿਜਾਏ ਗਏ। ਇਨ੍ਹਾਂ ਦੋਸ਼ਾਂ ਦੀ ਸੱਚਾਈ ਦੀ ਨਿਰਪੱਖ ਜਾਂਚ ਹੋਣਾ ਹੁਣ ਸੰਗਤਾਂ ਦੀ ਮੁੱਖ ਮੰਗ ਬਣ ਗਈ ਹੈ। ਭੇਜੀ ਗਈ ਜਾਣਕਾਰੀ ਮੁਤਾਬਿਕ ਇਹ ਮਾਮਲਾ ਇਸ ਲਈ ਵੀ ਵਧੇਰੇ ਗੰਭੀਰ ਮੰਨਿਆ ਜਾ ਰਿਹਾ ਹੈ ਕਿਉਂਕਿ ਪਿਛਲੇ ਮਹੀਨਿਆਂ ਦੌਰਾਨ ਸਰੀ ਦੇ ਇਸੇ ਗੁਰਦੁਆਰਾ ਸਾਹਿਬ ਨਾਲ ਸਬੰਧਤ 225 ਪਾਵਨ ਸਰੂਪਾਂ ਨੂੰ ਭਾਰਤ ਤੋਂ ਕੈਨੇਡਾ ਲਿਆਉਣ ਅਤੇ ਉਨ੍ਹਾਂ ਦੀ ਢੋਆ-ਢੁਆਈ ਤੇ ਸੰਭਾਲ ਨੂੰ ਲੈ ਕੇ ਵੀ ਵਿਵਾਦ ਸਾਹਮਣੇ ਆਇਆ ਸੀ। ਵੱਖ-ਵੱਖ ਬੀ.ਸੀ. ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਉਸ ਮਾਮਲੇ ’ਤੇ ਸਵਾਲ ਉਠਾਏ ਗਏ ਸਨ ਅਤੇ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਵੀ ਪਹੁੰਚਿਆ ਸੀ। ਹੁਣ ਤਾਜ਼ਾ ਘਟਨਾ ਤੋਂ ਬਾਅਦ ਸੰਗਤਾਂ ਵਿੱਚ ਰੋਸ ਹੋਰ ਵਧ ਗਿਆ ਹੈ ਅਤੇ ਗੁਰਦੁਆਰਾ ਸਿੰਘ ਸਭਾ ਸਰੀ ਦੇ ਬਾਹਰ 24 ਘੰਟੇ ਦਿਨ-ਰਾਤ ਸ਼ਾਂਤਮਈ ਮੋਰਚਾ ਲਗਾਇਆ ਗਿਆ ਹੈ। ਸੰਗਤਾਂ ਦਾ ਕਹਿਣਾ ਹੈ ਕਿ ਪਾਵਨ ਸਰੂਪਾਂ ਦੀ ਆਵਾਜਾਈ ਸਬੰਧੀ ਸਾਰੀ ਪ੍ਰਕਿਰਿਆ, ਜ਼ਿੰਮੇਵਾਰ ਵਿਅਕਤੀਆਂ ਅਤੇ ਮਰਯਾਦਾ ਦੀ ਪਾਲਣਾ ਬਾਰੇ ਤੱਥ ਸੰਗਤ ਸਾਹਮਣੇ ਸਪਸ਼ਟ ਕੀਤੇ ਜਾਣੇ ਚਾਹੀਦੇ ਹਨ। ਸਿੱਖ ਸੰਗਤਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਅਤੇ ਸਬੰਧਤ ਸਿੱਖ ਸੰਸਥਾਵਾਂ ਤੋਂ ਮੰਗ ਕੀਤੀ ਹੈ ਕਿ ਮਾਮਲੇ ਦਾ ਤੁਰੰਤ ਨੋਟਿਸ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਉੱਚ-ਪੱਧਰੀ ਅਤੇ ਨਿਰਪੱਖ ਜਾਂਚ ਕਰਵਾਈ ਜਾਵੇ। ਸੰਗਤਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਪੱਧਰ ’ਤੇ ਮਰਯਾਦਾ ਦੀ ਉਲੰਘਣਾ ਹੋਈ ਹੈ ਤਾਂ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਅਤੇ ਜੇਕਰ ਲਗਾਏ ਜਾ ਰਹੇ ਦੋਸ਼ ਤੱਥਾਂ ਤੋਂ ਪਰੇ ਹਨ ਤਾਂ ਉਹ ਵੀ ਸਪਸ਼ਟ ਤੌਰ ’ਤੇ ਸੰਗਤ ਸਾਹਮਣੇ ਰੱਖੇ ਜਾਣ। ਜਦੋਂ ਤੱਕ ਪਾਵਨ ਸਰੂਪਾਂ ਨੂੰ ਗੁਰਦੁਆਰਾ ਸਾਹਿਬ ਤੋਂ ਦੂਸਰੇ ਗੁਰਦੁਆਰਿਆਂ ਵਿੱਚ ਭੇਜਣ ਦੀ ਪ੍ਰਕਿਰਿਆ ਅਤੇ ਇਸ ਮਾਮਲੇ ਦੇ ਸਾਰੇ ਤੱਥ ਸਪਸ਼ਟ ਨਹੀਂ ਹੁੰਦੇ, ਸੰਗਤਾਂ ਵੱਲੋਂ ਸ਼ਾਂਤਮਈ ਢੰਗ ਨਾਲ ਮੋਰਚਾ ਜਾਰੀ ਰੱਖਣ ਦੀ ਗੱਲ ਆਖੀ ਜਾ ਰਹੀ ਹੈ। ਸੰਗਤਾਂ ਦਾ ਸਵਾਲ ਸਪਸ਼ਟ ਹੈ—ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪਾਂ ਦੇ ਸਤਿਕਾਰ ਅਤੇ ਮਰਯਾਦਾ ਦੇ ਮਾਮਲੇ ਵਿੱਚ ਕੋਈ ਵੀ ਅਸਪਸ਼ਟਤਾ ਕਿਉਂ ਰਹੇ? ਹੁਣ ਲੋੜ ਦੋਸ਼ਾਂ ਅਤੇ ਜਵਾਬੀ ਦੋਸ਼ਾਂ ਦੀ ਨਹੀਂ, ਸਗੋਂ ਸੱਚ ਨੂੰ ਜਾਂਚ ਰਾਹੀਂ ਸੰਗਤ ਸਾਹਮਣੇ ਲਿਆਉਣ ਦੀ ਹੈ।

khireyapunjab
Author: khireyapunjab

Leave a Reply

Your email address will not be published. Required fields are marked *

Latest News