Home » ਨਵੀਂ ਦਿੱਲੀ » ਦਿੱਲੀ ਕਮੇਟੀ ਚੋਣ ਦੀਆਂ ਬਣ ਰਹੀਆਂ ਨਵੀਂ ਵੋਟਰ ਸੂਚੀਆਂ ’ਚ ਵੱਡਾ ਝੋਲ? ਕਿਤੇ ਸੰਗਤ ਦੇ ਨਾਮ ਗਾਇਬ, ਕਿਤੇ ਇਲਾਕੇ ’ਚ ਨਾ ਰਹਿਣ ਵਾਲਿਆਂ ਦੇ ਨਾਮ—ਪਰਮਜੀਤ ਸਿੰਘ ਵੀਰਜੀ

ਦਿੱਲੀ ਕਮੇਟੀ ਚੋਣ ਦੀਆਂ ਬਣ ਰਹੀਆਂ ਨਵੀਂ ਵੋਟਰ ਸੂਚੀਆਂ ’ਚ ਵੱਡਾ ਝੋਲ? ਕਿਤੇ ਸੰਗਤ ਦੇ ਨਾਮ ਗਾਇਬ, ਕਿਤੇ ਇਲਾਕੇ ’ਚ ਨਾ ਰਹਿਣ ਵਾਲਿਆਂ ਦੇ ਨਾਮ—ਪਰਮਜੀਤ ਸਿੰਘ ਵੀਰਜੀ

SHARE ARTICLE

5 Views

 

ਨਵੀਂ ਦਿੱਲੀ 11 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲਈ ਜਾਰੀ ਕੀਤੀਆਂ ਗਈਆਂ ਨਵੀਆਂ ਵੋਟਰ ਸੂਚੀਆਂ ਨੂੰ ਲੈ ਕੇ ਦਿੱਲੀ ਦੇ ਕਈ ਇਲਾਕਿਆਂ ਵਿੱਚ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਵਾਰਡ ਨੰਬਰ 33 ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਪ੍ਰੇਰਿਤ ਕਰਕੇ ਵੋਟਾਂ ਬਣਵਾਈਆਂ ਗਈਆਂ ਸਨ, ਪਰ ਵੋਟਰ ਸੂਚੀ ਸਾਹਮਣੇ ਆਉਣ ਤੋਂ ਬਾਅਦ ਕਈ ਅਜਿਹੇ ਨਾਮ ਗਾਇਬ ਮਿਲੇ ਜਿਨ੍ਹਾਂ ਦੇ ਵੋਟ ਬਣਾਉਣ ਲਈ ਫਾਰਮ ਅਤੇ ਲੋੜੀਂਦੀ ਕਾਰਵਾਈ ਕੀਤੀ ਗਈ ਸੀ। ਦੂਜੇ ਪਾਸੇ ਕੁਝ ਅਜਿਹੇ ਨਾਮ ਵੀ ਸਾਹਮਣੇ ਆਉਣ ਦੀ ਗੱਲ ਕਹੀ ਜਾ ਰਹੀ ਹੈ ਜੋ ਸਬੰਧਤ ਇਲਾਕੇ ਵਿੱਚ ਰਹਿੰਦੇ ਹੀ ਨਹੀਂ ਹਨ। ਇਹ ਸਥਿਤੀ ਸਿਰਫ਼ ਇੱਕ ਵਾਰਡ ਤੱਕ ਸੀਮਤ ਹੋਣ ਦੀ ਬਜਾਏ ਹੋਰ ਇਲਾਕਿਆਂ ਤੋਂ ਵੀ ਸ਼ਿਕਾਇਤਾਂ ਆਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਚੋਣ ਪ੍ਰਬੰਧ ਨਾਲ ਜੁੜੇ ਅਧਿਕਾਰੀਆਂ ਵੱਲੋਂ ਇਹ ਕਹਿਣਾ ਕਿ ‘ਫਾਰਮ ਗੁੰਮ ਹੋ ਗਏ ਹਨ’, ਆਪਣੇ ਆਪ ਵਿੱਚ ਗੰਭੀਰ ਗੈਰ-ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦਾ ਹੈ। ਉਨ੍ਹਾਂ ਕਿਹਾ ਕਿ ਸੰਗਤ ਵੱਲੋਂ ਆਪਣਾ ਸਮਾਂ ਕੱਢ ਕੇ, ਲੋੜੀਂਦੀ ਕਾਰਵਾਈ ਪੂਰੀ ਕਰਕੇ ਅਤੇ ਉਮੀਦ ਨਾਲ ਵੋਟ ਬਣਾਉਣ ਲਈ ਫਾਰਮ ਦਿੱਤੇ ਜਾਂਦੇ ਹਨ। ਅਜਿਹੇ ਫਾਰਮਾਂ ਦਾ ਗੁੰਮ ਹੋ ਜਾਣਾ ਸਿਰਫ਼ ਪ੍ਰਬੰਧਕੀ ਲਾਪਰਵਾਹੀ ਨਹੀਂ, ਸਗੋਂ ਸਿੱਖ ਸੰਗਤ ਦੀਆਂ ਭਾਵਨਾਵਾਂ ਅਤੇ ਉਸਦੇ ਲੋਕਤੰਤਰਿਕ ਹੱਕ ਨਾਲ ਵੀ ਖਿਲਵਾੜ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਫਾਰਮਾਂ ਦੇ ਗੁੰਮ ਹੋਣ ਦੀ ਗੱਲ ਸਾਹਮਣੇ ਆਈ ਹੈ, ਉਨ੍ਹਾਂ ਸੰਗਤਾਂ ਦੀਆਂ ਵੋਟਾਂ ਮੁੜ ਬਣਵਾਉਣ ਲਈ ਉਹ ਖੁਦ ਕਾਰਵਾਈ ਕਰਵਾ ਰਹੇ ਹਨ, ਤਾਂ ਜੋ ਕੋਈ ਵੀ ਯੋਗ ਵੋਟਰ ਆਪਣੇ ਹੱਕ ਤੋਂ ਵਾਂਝਾ ਨਾ ਰਹੇ। ਉਨ੍ਹਾਂ ਚੋਣ ਪ੍ਰਬੰਧ ਨਾਲ ਜੁੜੇ ਅਧਿਕਾਰੀਆਂ ਨੂੰ ਸਪੱਸ਼ਟ ਚੇਤਾਵਨੀ ਦਿੰਦਿਆਂ ਕਿਹਾ ਕਿ ਵੋਟਰ ਸੂਚੀ ਕਿਸੇ ਦੀ ਮਰਜ਼ੀ ਅਨੁਸਾਰ ਨਾਮ ਜੋੜਨ ਜਾਂ ਕੱਟਣ ਦਾ ਦਸਤਾਵੇਜ਼ ਨਹੀਂ, ਸਗੋਂ ਸੰਗਤ ਦੇ ਲੋਕਤੰਤਰਿਕ ਹੱਕ ਦਾ ਆਧਾਰ ਹੈ। ਜੇਕਰ ਕਿਸੇ ਯੋਗ ਵੋਟਰ ਦਾ ਨਾਮ ਜਾਣਬੁੱਝ ਕੇ ਸੂਚੀ ਵਿੱਚੋਂ ਬਾਹਰ ਰਹਿੰਦਾ ਹੈ ਜਾਂ ਕਿਸੇ ਅਯੋਗ ਵਿਅਕਤੀ ਦੀ ਵੋਟ ਦਰਜ ਕੀਤੀ ਜਾਂਦੀ ਹੈ ਤਾਂ ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਕਿਸੇ ਵੀ ਕਿਸਮ ਦੀ ਹੇਰਾਫੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਜਾਂਚ ਵਿੱਚ ਕਿਸੇ ਦੀ ਜਾਣਬੁੱਝ ਕੇ ਕੀਤੀ ਗਲਤੀ ਜਾਂ ਧਾਂਦਲੀ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰਾਂ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਇਹ ਯਕੀਨੀ ਬਣਾਉਣਾ ਹੈ ਕਿ ਨਾ ਕੋਈ ਗਲਤ ਵੋਟ ਬਣੇ ਅਤੇ ਨਾ ਹੀ ਕੋਈ ਅਸਲੀ ਵੋਟਰ ਆਪਣੇ ਹੱਕ ਤੋਂ ਵਾਂਝਾ ਰਹੇ। ਉਨ੍ਹਾਂ ਚੋਣ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸਾਹਮਣੇ ਆ ਰਹੀਆਂ ਸ਼ਿਕਾਇਤਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ, ਵੋਟਰ ਸੂਚੀਆਂ ਦੀ ਪੜਤਾਲ ਕਰਵਾਈ ਜਾਵੇ ਅਤੇ ਜਿੱਥੇ ਵੀ ਗਲਤੀ ਜਾਂ ਬੇਨਿਯਮੀ ਮਿਲੇ, ਉਸ ਨੂੰ ਤੁਰੰਤ ਠੀਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਚੋਣ ਪ੍ਰਕਿਰਿਆ ਹੀ ਸ਼ੱਕ ਦੇ ਘੇਰੇ ਵਿੱਚ ਆ ਜਾਵੇ ਤਾਂ ਲੋਕਤੰਤਰਿਕ ਚੋਣ ਦੀ ਭਰੋਸੇਯੋਗਤਾ ’ਤੇ ਸਵਾਲ ਉੱਠਣਾ ਸੁਭਾਵਿਕ ਹੈ। ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਸਿੱਖ ਸੰਗਤਾਂ ਨੂੰ ਵੀ ਸੁਚੇਤ ਕਰਦਿਆਂ ਕਿਹਾ ਕਿ ਸਿਰਫ਼ ਵੋਟ ਬਣਵਾ ਕੇ ਚੁੱਪ ਨਾ ਬੈਠਣ, ਸਗੋਂ ਜਾਰੀ ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ। ਜਿਨ੍ਹਾਂ ਦੇ ਨਾਮ ਰਹਿ ਗਏ ਹਨ ਜਾਂ ਗਲਤ ਦਰਜ ਹੋਏ ਹਨ, ਉਹ ਤੁਰੰਤ ਸਬੰਧਤ ਵਾਰਡ ਦੇ ਜ਼ਿੰਮੇਵਾਰਾਂ ਨਾਲ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਸੰਗਤ ਦੀ ਇੱਕ-ਇੱਕ ਵੋਟ ਬੇਸ਼ਕੀਮਤੀ ਹੈ ਅਤੇ ਇਹੀ ਵੋਟ ਗਲਤ ਪ੍ਰਬੰਧ ਨੂੰ ਬਦਲਣ ਅਤੇ ਜਵਾਬਦੇਹ ਪ੍ਰਬੰਧ ਸਥਾਪਤ ਕਰਨ ਦੀ ਤਾਕਤ ਰੱਖਦੀ ਹੈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News