ਸ਼ੇਰ ਏ ਪੰਜਾਬ
ਨਾਂ ਤੇ ਸ਼ੇਰੇ-ਪੰਜਾਬ ਭੁੱਲਾ ਤੇ ਨਾਂ ਸਰਕਾਰ ਏ ਖ਼ਾਲਸਾ ਦਾ ਲਹਿ ਲਹਿਰਾਉਂਦਾ ਪਰਚਮ ਵਿਸਰਿਆ ! ਮਾਣੇ ਹੋਏ ਰਾਜ ਭਾਗ ਦੀ ਸ਼ਾਨੋ ਸ਼ੌਕਤ ਅਜੇ ਵੀ ਲਹੂ ਦੀ ਤਸੀਰ ਵਿਚੋਂ ਝਲਕਾਰੇ ਮਾਰਦੀ ਆ ! ਪੰਜਾਬ ਆਪਣੇ ਲਹੂ ਦੀ ਤਸੀਰ ਤੇ ਖਾਲਸਾਈ ਜਾਹੋ ਜਲਾਲ ਸਮੇਂ ਸਮੇਂ ਤੇ ਪ੍ਰਗਟ ਕਰਦਾ ਰਹਿੰਦਾ !
ਸਾਡੇ ਸਿਰਲੱਥ ਯੁੱਧਵੀਰਾਂ ਅਖੌਤੀ ਸੁੱਪਰ ਪਾਵਰ ਹਿੰਦ ਹਕੂਮਤ ਨਾਲ ਅਸਾਵਾਂ ਯੁੱਧ ਲੜਿਆ ਜੋ ਅੱਜ ਵੀ ਜਾਰੀ ਏ ਤੇ ਅੰਤ ਸਰਕਾਰ ਏ ਖਾਲਸਾ ! ਲਹੂ ਡੋਹਲਵਾਂ ਸੰਗਰਾਮ ਸਾਡੇ ਵੀਰਾਂ, ਭੈਣਾਂ ਤੇ ਨੇ ਬਜ਼ੁਰਗਾਂ ਪੰਜਾਬ ਚ, ਲੜਿਆ ਬੱਚਿਆਂ ਤੱਕ ਨੇ ਮਾਪਿਆਂ ਨਾਲ ਜੇਹਲਾਂ ਦੀਆਂ ਕਾਲ ਕੋਠੜੀਆਂ ਚ, ਜੰਮਦਿਆਂ ਜੇਹਲਾਂ ਕੱਟੀਆਂ ! ਕਈ ਬੱਚੇ ਤੇ ਬਰਫ਼ਾਂ ਦੀਆਂ ਸਿਲਾਂ ਤੇ ਲੰਮੇ ਪਾ ਕੇ ਸ਼ਹੀਦ ਕਰ ਦਿੱਤੇ ਗਏ ! ਅਹਿੰਸਾ ਪਰਮੋ ਧਰਮ ਵਾਲੇ ਤੇ ਨਾਦਰ ਅਬਦਾਲੀ ਦਾ ਵੀ ਨੰਬਰ ਕੱਟ ਗਏ ! ਪਰ ਬਾਬਰ ਨੂੰ ਜਾਬਰ ਕਹਿਣ ਵਾਲੇ ਸਦਾ ਅਡੋਲ ਚਿੱਤ ਰਹੇ !
ਗੱਲ ਕੀ ਇਸ ਸਰਕਾਰ ਏ ਖਾਲਸਾ ਦਾ ਧਿਆਨ ਧਰ ਬੈਠੇ ਜਲਾਵਤਨ ਯੋਧਿਆਂ ਵੀ ਹਕੂਮਤ ਨੂੰ ਬਾਹਰੋਂ ਬੈਠਿਆਂ ਵਾਹਣੀ ਪਾ ਛੱਡਿਆ ! ਇਹਨਾਂ ਜਲਾਵਤਨ ਯੋਧਿਆਂ ਚੋਂ ਹਿੰਦ ਹਕੂਮਤ ਨੂੰ ਸਦਾ ਗਦਰੀ ਬਾਬਿਆਂ ਦਾ ਭੈ ਮਾਰਦਾ ਰਿਹਾ ਤੇ ਉਹ ਸਾਨੂੰ ਨਿਸ਼ਾਨਾ ਬਣਾਉਂਦੇ ਰਹੇ ! ਉਹਨਾਂ ਸਾਡੇ ਚੋ ਕੁਹ ਪੰਥਕ ਮਖੌਟਿਆਂ ਵਾਲੇ ਜਰ ਖਰੀਦ ਚੁਣੇ ਜੋ ਗੱਲ ਤੇ ਖਾਲਿਸਤਾਨ ਦੀ ਕਰਦੇ ਪਰ ਸ਼ਨਾਖ਼ਤਾਂ ਖਾਲਿਸਤਾਨੀ ਸਿੰਘਾਂ ਦੀਆਂ ਕਰਾਉਂਦੇ ਰਹੇ ! ਪਰ ਭਲਾ ਹੋਵੇ ਉਹਨਾਂ ਵੀਰਾਂ ਦਾ ਜਿੰਨਾ ਮਿਸ਼ਾਲ ਨੂੰ ਬਲਦੀ ਰੱਖਿਆ ! ਜਰਮਨ ਜਲਾਵਤਨ ਯੋਧਿਆਂ ਚ, ਭਾਈ ਰੇਸ਼ਮ ਸਿੰਘ ਬੱਬਰ, ਭਾਈ ਸਤਿਨਾਮ ਸਿੰਘ ਬੱਬਰ, ਭਾਈ ਗੁਰਦਿਆਲ ਸਿੰਘ ਲਾਲੀ, ਭਾਈ ਪਰਗਟ ਸਿੰਘ ਨਿੱਜਰ (ਡਾਕਟਰ) ਭਾਈ ਅਵਤਾਰ ਸਿੰਘ ਹੁੰਦਲ, ਬਾਬਾ ਹਾਈਜੈਕਰ ਭਾਈ ਗੁਰਦੀਪ ਸਿੰਘ ਪ੍ਰਦੇਸ਼ੀ, ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਅੰਗਰੇਜ਼ ਸਿੰਘ ਯੂ ਪੀ, ਭਾਈ ਸੁੱਖਦੇਵ ਸਿੰਘ ਹੇਰਾਂ, ਜਤਿੰਦਰਬੀਰ ਸਿੰਘ ਖਾਲਸਾ, ਭਾਈ ਅਵਤਾਰ ਸਿੰਘ ਬੱਬਰ, ਭਾਈ ਸੁਰਿੰਦਰ ਸਿੰਘ ਭਿੰਡਰ ਤੇ ਭਾਈ ਲਖਵਿੰਦਰ ਸਿੰਘ ਮੱਲੀ ਸਮੇਤ ਪੰਜਵੜ ਪਰਿਵਾਰ ਤੇ ਬਾਬਾ ਵਧਾਵਾ ਸਿੰਘ ਜੀ ਬੱਬਰ ਪਰਿਵਾਰ ਸਮੇਤ ਅਨੇਕਾਂ ਜੰਗਜੂ ਪਰਿਵਾਰਾਂ ਨੇ ਖਾਲਸਾਈ ਪਰਚਮ ਨੂੰ ਸਦੈਵ ਬੁਲੰਦ ਰੱਖਿਆ ! ਸਦਾ ਪੰਥ ਤੇ ਕੌਮੀ ਅਜ਼ਾਦੀ ਦੀ ਗੱਲ ਕੀਤੀ !
ਉਪਰੋਕਤ ਸਾਰੇ ਪੰਥ ਪ੍ਰਸਤਾਂ ਦੇ ਥਾਪੜੇ ਨਾਲ ਹੋਂਦ ਵਿਚ ਆਈ ਸ਼ੇਰ ਏ ਪੰਜਾਬ ਪੰਜਾਬੀ ਸਭਾ ਫ਼ਰੈਂਕਫ਼ੋਰਟ ਨੇ ਬੀਤੇ ਐਤਵਾਰ ਗੁਰਦੁਆਰਾ ਸਿੱਖ ਸੈਂਟਰ ਫ਼ਰੈਂਕਫ਼ੋਰਟ ਵਿਖੇ ਇੱਕ ਵਿਸ਼ੇਸ਼ ਤੇ ਵਿਸ਼ਾਲ ਇਤਿਹਾਸਕ ਸਮਾਗਮ ਸਿਰਜ ਕੇ ਸਾਰੇ ਸਮਾਗਮਾਂ ਦੇ ਰਿਕਾਰਡ ਤੋੜ ਦਿੱਤੇ ! ਇਸ ਸਮਾਗਮ ਨੇ ਗ਼ੱਦਾਰਾਂ ਅਤੇ ਹਿੰਦ ਹਕੂਮਤ ਦੇ ਲੂੰ ਕੰਡੇ ਖੜੇ ਕਰ ਦਿੱਤੇ ਕਿ ਖਾਲਸਾ ਪਰਗਟ ਕਿੱਥੋਂ ਹੋ ਗਿਆ ! ਬੜੇ ਲੋਕ ਪੰਥ ਚ, ਦੁਬਿਧਾ ਪਾਉਣ ਦੀ ਤਾਕ ਚ, ਸਨ ਪਰ ਗੁਰੂ ਨੇ ਕਲਾ ਵਰਤਾ ਦਿੱਤੀ ਖਾਲਸਾਈ ਜਾਹੋ ਜਲਾਲ ਪਰਗਟ ਹੋ ਗਿਆ ! ਜੋੜਾ ਘਰ ਚ, ਜੋੜਾ ਰੱਖਣ ਨੂੰ ਜਗ੍ਹਾ ਨਹੀਂ ਸੀ ! ਪਿਛਲੇ ਤਿੰਨ ਦਹਾਕਿਆਂ ਚ, ਪਹਿਲੀ ਵਾਰ ਹੋਇਆ ਕਿ ਦਾਸ ਨੂੰ ਪਰਗਟ ਗੁਰਾਂ ਕੀ ਦੇਹ ਸਨਮੁਖ ਗੁਨਾਹ ਬਖ਼ਸ਼ਾਉਣ ਲਈ ੩੯/੫੦ ਮਿੰਟ ਸਬਰ ਕਰਨਾਂ ਪਿਆ !
ਸੋ ਕਹਿਣ ਤੋ ਭਾਵ ਕਿ ਖਾਲਸਾਈ ਰਾਜ ਦੀ ਚਿਣਗ ਵਾਲੇ ਵੀ ਤਤਪਰ ਤੇ ਕਮਰ ਕੱਸੇ ਕਰੀ ਬੈਠੇ ਆ ! ਅਖੌਤੀ ਖਾਲਿਸਤਾਨੀ ਨਕਲੀ ਜਿੰਦਾਬਾਦ ਮੁਰਦਾਬਾਦ ਝੰਡਿਆ ਚ, ਡੰਡਿਆਂ ਵਾਲਾ ਪ੍ਰੋਗਰਾਮ ਠੁੱਸ ਆ ! ਧੰਨਵਾਦ ਸ਼ੇਰ ਏ ਪੰਜਾਬ ਵਾਲੇ ਸ਼ੇਰਾਂ ਦਾ ਜਿੰਨੇ ਖਾਲਸਾ ਰਾਜ ਦੀ ਚਿਣਗ ਨੂੰ ਬੀਤੇ ਐਤਵਾਰ ਦੇ ਸਮਾਗਮ ਚ, ਭਾਂਬੜ ਬਣਾ ਕੇ ਪੇਸ਼ ਕੀਤਾ ! ਇਹ ਸਮੇਂ ਦੀ ਲੋੜ ਹੈ ! ਏਕਤਾ ਹੀ ਸੱਭ ਮਸਲਿਆਂ ਦਾ ਹੱਲ ਹੈ ! ਆਸ ਹੈ ਕਿ ਜਲਾਵਤਨ ਯੋਧਿਆਂ ਦੇ ਥਾਪੜੇ ਨਾਲ ਬਣੀ ਸ਼ੇਰ ਏ ਪੰਜਾਬ ਆਉਣ ਵਾਲੀਆਂ ਨਸਲਾਂ ਤੱਕ ਖਾਲਸਾ ਰਾਜ ਦੀ ਗੱਲ ਯਹੂਦੀਆਂ ਵਾਂਗ ਪਹੁੰਚਵੇਗੀ ਤੇ ਆਪਣੇ ਬੱਚਿਆਂ ਨੂੰ ਦੱਸੇਗੀ ਖਾਲਸਾ ਰਾਜ ਹੀ ਸਾਡਾ ਪਾਰ ਉਤਾਰਾ ਹੈ !
ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾਂ ਜੀ !
ਬਿੱਟੂ ਅਰਪਿੰਦਰ ਸਿੰਘ
ਫ਼ਰੈਂਕਫ਼ੋਰਟ ਜਰਮਨ
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








