Home » ਨਵੀਂ ਦਿੱਲੀ » ਦਿੱਲੀ ਕਮੇਟੀ ਵਲੋਂ ਡਾ. ਗੁਰਨਾਮ ਸਿੰਘ ਨੂੰ ਸ਼੍ਰੋਮਣੀ ਰਾਗੀ ਐਵਾਰਡ, ਭਾਈ ਸਵਰਨ ਸਿੰਘ ਤੇ ਹਜ਼ੂਰੀ ਰਾਗੀਆਂ ਲਈ ਵੀ ਸਨਮਾਨ ਦਾ ਐਲਾਨ

ਦਿੱਲੀ ਕਮੇਟੀ ਵਲੋਂ ਡਾ. ਗੁਰਨਾਮ ਸਿੰਘ ਨੂੰ ਸ਼੍ਰੋਮਣੀ ਰਾਗੀ ਐਵਾਰਡ, ਭਾਈ ਸਵਰਨ ਸਿੰਘ ਤੇ ਹਜ਼ੂਰੀ ਰਾਗੀਆਂ ਲਈ ਵੀ ਸਨਮਾਨ ਦਾ ਐਲਾਨ

SHARE ARTICLE

8 Views

👉 11 ਲੱਖ ਰੁਪਏ ਦੇ ਸ਼੍ਰੋਮਣੀ ਰਾਗੀ ਐਵਾਰਡ ਦੇ ਨਾਲ ਕੀਰਤਨ ਸੇਵਾ ਸਨਮਾਨ ਅਤੇ ਹਜ਼ੂਰੀ ਰਾਗੀਆਂ ਲਈ ਸਾਲਾਨਾ ਐਵਾਰਡ ਦੀ ਵੀ ਸ਼ੁਰੂਆਤ

ਨਵੀਂ ਦਿੱਲੀ, 5 ਅਗਸਤ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਸਾਲ ਦਾ ਸ਼੍ਰੋਮਣੀ ਰਾਗੀ ਐਵਾਰਡ ਪ੍ਰਸਿੱਧ ਗੁਰਮਤਿ ਸੰਗੀਤ ਵਿਦਵਾਨ ਡਾ. ਗੁਰਨਾਮ ਸਿੰਘ ਨੂੰ ਦੇਣ ਦਾ ਐਲਾਨ ਕੀਤਾ ਹੈ। ਗੁਰੂ ਸਾਹਿਬਾਨ ਵੱਲੋਂ ਸਥਾਪਿਤ ਰਵਾਇਤੀ ਗੁਰਮਤਿ ਕੀਰਤਨ ਪਰੰਪਰਾ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਦਿੱਤੇ ਜਾਣ ਵਾਲੇ ਇਸ ਸਨਮਾਨ ਦੇ ਨਾਲ 11 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਪ੍ਰਦਾਨ ਕੀਤੀ ਜਾਵੇਗੀ। ਡਾ. ਗੁਰਨਾਮ ਸਿੰਘ ਨੂੰ ਇਹ ਐਵਾਰਡ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭੇਟ ਕੀਤਾ ਜਾਵੇਗਾ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਸ਼੍ਰੋਮਣੀ ਰਾਗੀ ਐਵਾਰਡ ਲਈ ਹਰ ਸਾਲ ਉੱਘੇ ਰਾਗੀ ਸਿੰਘਾਂ ਅਤੇ ਗੁਰਮਤਿ ਸੰਗੀਤ ਦੇ ਵਿਦਵਾਨਾਂ ਦਾ ਸੁਤੰਤਰ ਪੈਨਲ ਬਣਾਇਆ ਜਾਂਦਾ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਰਾਗਾਂ ਅਨੁਸਾਰ ਰਵਾਇਤੀ ਕੀਰਤਨ ਦੀ ਸੇਵਾ ਨਿਭਾਉਣ ਵਾਲੇ ਯੋਗ ਰਾਗੀ ਦੀ ਚੋਣ ਕਰਦਾ ਹੈ। ਪੈਨਲ ਦੀ ਸਿਫ਼ਾਰਸ਼ ‘ਤੇ ਇਸ ਸਾਲ ਡਾ. ਗੁਰਨਾਮ ਸਿੰਘ ਦੇ ਨਾਮ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਦਕਿ ਪਿਛਲੇ ਸਾਲ ਇਹ ਸਨਮਾਨ ਭਾਈ ਗੁਰਮੀਤ ਸਿੰਘ ਸ਼ਾਂਤ ਨੂੰ ਦਿੱਤਾ ਗਿਆ ਸੀ। ਕਮੇਟੀ ਆਗੂਆਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਤਬਲਾ ਵਾਦਕ ਵਜੋਂ ਗੁਰੂ ਘਰ ਦੀ ਸੇਵਾ ਨਿਭਾ ਰਹੇ ਭਾਈ ਸਵਰਨ ਸਿੰਘ ਨੂੰ ਵੀ ਕੀਰਤਨ ਸੇਵਾ ਸਨਮਾਨ ਨਾਲ ਨਿਵਾਜਿਆ ਜਾਵੇਗਾ। ਕਰੀਬ 74 ਸਾਲਾਂ ਦੀ ਨਿਰੰਤਰ ਕੀਰਤਨ ਸੇਵਾ ਦੇ ਸਨਮਾਨ ਵਜੋਂ ਉਨ੍ਹਾਂ ਨੂੰ 1.25 ਲੱਖ ਰੁਪਏ ਦੀ ਇਨਾਮੀ ਰਾਸ਼ੀ ਭੇਟ ਕੀਤੀ ਜਾਵੇਗੀ। ਇਸ ਮੌਕੇ ਦਿੱਲੀ ਕਮੇਟੀ ਨੇ ਇੱਕ ਹੋਰ ਮਹੱਤਵਪੂਰਨ ਫ਼ੈਸਲੇ ਦਾ ਵੀ ਐਲਾਨ ਕੀਤਾ। ਕਮੇਟੀ ਅਧੀਨ ਸੇਵਾ ਨਿਭਾ ਰਹੇ ਹਜ਼ੂਰੀ ਰਾਗੀ ਸਿੰਘਾਂ ਵਿੱਚੋਂ ਹਰ ਸਾਲ ਸਰਵੋਤਮ ਕੀਰਤਨੀਏ ਦੀ ਚੋਣ ਕਰਕੇ 1.25 ਲੱਖ ਰੁਪਏ ਦਾ ਵਿਸ਼ੇਸ਼ ਐਵਾਰਡ ਦਿੱਤਾ ਜਾਵੇਗਾ। ਪੰਜ ਮੈਂਬਰੀ ਕਮੇਟੀ ਰਾਗੀ ਸਿੰਘਾਂ ਦੀ ਸਮੁੱਚੀ ਕਾਰਗੁਜ਼ਾਰੀ, ਕੀਰਤਨ ਮਰਿਆਦਾ, ਅਨੁਸ਼ਾਸਨ ਅਤੇ ਸੇਵਾ ਨੂੰ ਆਧਾਰ ਬਣਾ ਕੇ ਚੋਣ ਕਰੇਗੀ ਅਤੇ ਇਹ ਸਨਮਾਨ ਹਰ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਪ੍ਰਦਾਨ ਕੀਤਾ ਜਾਵੇਗਾ। ਕਾਲਕਾ, ਕਾਹਲੋਂ ਅਤੇ ਕਰਮਸਰ ਨੇ ਕਿਹਾ ਕਿ ਇਨ੍ਹਾਂ ਸਨਮਾਨਾਂ ਦਾ ਮਕਸਦ ਗੁਰੂ ਘਰ ਦੇ ਰਾਗੀ ਸਿੰਘਾਂ, ਕੀਰਤਨੀਆਂ ਅਤੇ ਸੇਵਾਦਾਰਾਂ ਨੂੰ ਗੁਰਮਤਿ ਸੰਗੀਤ ਦੀ ਮਹਾਨ ਪਰੰਪਰਾ, ਉੱਚ ਆਚਰਣ ਅਤੇ ਸਮਰਪਿਤ ਸੇਵਾ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਨੌਜਵਾਨ ਕੀਰਤਨੀਆਂ ਨੂੰ ਵੀ ਉੱਚੀਆਂ ਪਰੰਪਰਾਵਾਂ ਅਨੁਸਾਰ ਸੇਵਾ ਕਰਨ ਅਤੇ ਗੁਰੂ ਘਰ ਦੀ ਮਰਿਆਦਾ ਨੂੰ ਕਾਇਮ ਰੱਖਣ ਲਈ ਉਤਸ਼ਾਹਿਤ ਕਰਨਗੇ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News