Home » ਸੰਸਾਰ » ਯੂਰਪ » ਫਰਾਂਸ ਦੇ ਸਭ ਤੋਂ ਪੁਰਾਤਨ ਗੁਰਦੁਆਰਾ ਸਾਹਿਬ ਗੁਰਦੁਆਰਾ ਸਿੰਘ ਸਭਾ ਫਰਾਂਸ ਵੱਲੋਂ ਭਾਈ ਹਰਨਾਮ ਸਿੰਘ ਧੁੰਮਾਂ ਦੀਆਂ ਪੰਥ-ਵਿਰੋਧੀ ਗਤੀਵਿਧੀਆਂ ਖ਼ਿਲਾਫ਼ ਸਖ਼ਤ ਫ਼ੈਸਲਾ

ਫਰਾਂਸ ਦੇ ਸਭ ਤੋਂ ਪੁਰਾਤਨ ਗੁਰਦੁਆਰਾ ਸਾਹਿਬ ਗੁਰਦੁਆਰਾ ਸਿੰਘ ਸਭਾ ਫਰਾਂਸ ਵੱਲੋਂ ਭਾਈ ਹਰਨਾਮ ਸਿੰਘ ਧੁੰਮਾਂ ਦੀਆਂ ਪੰਥ-ਵਿਰੋਧੀ ਗਤੀਵਿਧੀਆਂ ਖ਼ਿਲਾਫ਼ ਸਖ਼ਤ ਫ਼ੈਸਲਾ

SHARE ARTICLE

60 Views

ਦਮਦਮੀ ਟਕਸਾਲ ਦੇ ਉੱਚੇ-ਸੁੱਚੇ ਇਤਿਹਾਸ ਤੋਂ ਉਲਟ ਚੱਲਦਿਆਂ ਭਾਈ ਹਰਨਾਮ ਸਿੰਘ ਧੁੰਮਾਂ ਵੱਲੋਂ ਸਿੱਖ ਕੌਮ ਦੇ ਅਜ਼ਾਦੀ ਸੰਕਲਪ ਨੂੰ ਕਮਜ਼ੋਰ ਕਰਨ ਅਤੇ ਸੰਘਰਸ਼ੀ ਸਿੱਖਾਂ ਨੂੰ ਭਾਰਤ ਦੀ ਮੁਖਧਾਰਾ ਵਿੱਚ ਸਮੇਟਣ ਦੀ ਗੁੱਝੀ ਚਾਲ ਦੀ ਨਿੰਦਾ

ਭਾਰਤੀ ਹਕੂਮਤ ਦੇ ਹੱਥਠੋਕਿਆਂ ਨੂੰ ਪੰਥਕ ਸਟੇਜਾਂ ਤੋਂ ਦੂਰ ਰੱਖਣ ਅਤੇ ਦੁਨੀਆ ਭਰ ਦੀਆਂ ਸਿੱਖ ਸੰਗਤਾਂ ਨੂੰ ਇਨ੍ਹਾਂ ਦੀਆਂ ਗਤੀਵਿਧੀਆਂ ਤੋਂ ਸੁਚੇਤ ਰਹਿਣ ਦੀ ਅਪੀਲ
ਫਰਾਂਸ 25 ਜੂਨ (ਖਿੜਿਆ ਪੰਜਾਬ) ਫਰਾਂਸ ਦੇ ਸਭ ਤੋਂ ਪੁਰਾਤਨ ਗੁਰਦੁਆਰਾ ਸਾਹਿਬ, ਗੁਰਦੁਆਰਾ ਸਿੰਘ ਸਭਾ ਫਰਾਂਸ, ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ, ਵੱਖ-ਵੱਖ ਪੰਥਕ ਜਥੇਬੰਦੀਆਂ ਅਤੇ ਸਿੱਖ ਆਗੂਆਂ ਦੀ ਇਕ ਮਹੱਤਵਪੂਰਨ ਇਕੱਤਰਤਾ ਦੌਰਾਨ ਭਾਈ ਹਰਨਾਮ ਸਿੰਘ ਧੁੰਮਾਂ ਦੀਆਂ ਪੰਥ-ਵਿਰੋਧੀ ਗਤੀਵਿਧੀਆਂ ਉੱਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਸਰਬਸੰਮਤੀ ਨਾਲ ਇੱਕ ਸਖ਼ਤ ਫ਼ੈਸਲਾ ਲਿਆ ਗਿਆ।

ਇਕੱਤਰਤਾ ਵਿੱਚ ਸ਼ਾਮਲ ਪੰਥਕ ਆਗੂਆਂ ਨੇ ਕਿਹਾ ਕਿ ਭਾਈ ਹਰਨਾਮ ਸਿੰਘ ਧੁੰਮਾਂ ਵੱਲੋਂ ਲੰਮੇ ਸਮੇਂ ਤੋਂ ਭਾਜਪਾ ਅਤੇ ਆਰ.ਐਸ.ਐਸ. ਨਾਲ ਨਜ਼ਦੀਕੀਆਂ ਬਣਾਈ ਰੱਖਣੀਆਂ, ਸੰਘਰਸ਼ੀ ਸਿੱਖ ਆਗੂਆਂ ਦੇ ਵਿਦੇਸ਼ਾਂ ਵਿੱਚ ਕਤਲ ਕਰਵਾਉਣ ਦੇ ਦੋਸ਼ਾਂ ਹੇਠ ਘਿਰੀ ਭਾਰਤੀ ਹਕੂਮਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਨਮਾਨਿਤ ਕਰਨਾ, ਅਤੇ 6 ਜੂਨ ਵਰਗੇ ਸੰਵੇਦਨਸ਼ੀਲ ਦਿਨ 1984 ਦੇ ਸ਼ਹੀਦਾਂ ਦੀ ਯਾਦ ਨਾਲ ਗਦਾਰੀ ਕਰਦਿਆਂ ਆਰ.ਐਸ.ਐਸ. ਨਾਲ ਜੁੜੇ ਵਿਅਕਤੀਆਂ ਦਾ ਸਨਮਾਨ ਕਰਨਾ, ਸਿੱਖ ਪੰਥ ਦੀਆਂ ਭਾਵਨਾਵਾਂ, ਇਤਿਹਾਸ ਅਤੇ ਅਸੂਲਾਂ ਦੇ ਬਿਲਕੁਲ ਉਲਟ ਹੈ।

ਸਿੱਖ ਆਗੂਆਂ ਨੇ ਕਿਹਾ ਕਿ ਸਿੱਖ ਕੌਮ ਨੇ ਆਪਣੇ ਇਤਿਹਾਸ ਦੌਰਾਨ ਹਰ ਕਿਸਮ ਦੇ ਜ਼ੁਲਮ, ਧਾਰਮਿਕ ਦਖ਼ਲਅੰਦਾਜ਼ੀ ਅਤੇ ਹਿੰਦੂਤਵੀ ਹਕੂਮਤੀ ਸੋਚ ਦਾ ਡਟ ਕੇ ਵਿਰੋਧ ਕੀਤਾ ਹੈ। ਅੱਜ ਜਦੋਂ ਸਿੱਖ ਕੌਮ ਆਪਣੀ ਅਜ਼ਾਦੀ, ਆਪਣੇ ਧਾਰਮਿਕ-ਸਿਆਸੀ ਹੱਕਾਂ ਅਤੇ ਭਾਰਤ ਅੰਦਰ ਸਭ ਕੌਮਾਂ ਦੇ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰ ਰਹੀ ਹੈ, ਉਸ ਵੇਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਅਸਥਾਨ ਦਮਦਮੀ ਟਕਸਾਲ ਦੇ ਹੈੱਡਕੁਆਰਟਰ ’ਤੇ ਕਾਬਜ਼ ਬੈਠੇ ਵਿਅਕਤੀਆਂ ਵੱਲੋਂ ਉਨ੍ਹਾਂ ਤਾਕਤਾਂ ਨਾਲ ਨੇੜਤਾ ਬਣਾਉਣਾ, ਜਿਨ੍ਹਾਂ ’ਤੇ ਸਿੱਖਾਂ ਦੇ ਕਤਲ, ਪੰਜਾਬ ਦੇ ਹੱਕਾਂ ਦੇ ਘਾਟੇ ਅਤੇ ਸਿੱਖ ਅਸਤਿਤਵ ਨੂੰ ਕੁਚਲਣ ਦੇ ਦੋਸ਼ ਹਨ, ਸਿਰਫ਼ ਨਿੰਦਣਯੋਗ ਹੀ ਨਹੀਂ, ਸਗੋਂ ਪੰਥ ਨਾਲ ਵੱਡੀ ਗਦਾਰੀ ਹੈ।

ਇਸ ਮੌਕੇ ਪਾਸ ਕੀਤੇ ਗਏ ਮਤੇ ਵਿੱਚ ਕਿਹਾ ਗਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ, ਪੰਥਕ ਮਰਿਆਦਾ ਅਤੇ ਸਿੱਖ ਪਰੰਪਰਾਵਾਂ ਦੇ ਉਲਟ ਭਾਈ ਧੁੰਮਾ ਵੱਲੋਂ ਕੀਤੀ ਜਾਂਦੀ ਕਿਸੇ ਵੀ ਕਾਰਵਾਈ ਨੂੰ ਸਿੱਖ ਸੰਗਤ ਕਦੇ ਵੀ ਪ੍ਰਵਾਨ ਨਹੀਂ ਕਰ ਸਕਦੀ। ਸੰਗਤਾਂ ਅਤੇ ਪੰਥਕ ਸੰਸਥਾਵਾਂ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਸਿੱਖ ਕੌਮ ਦੇ ਹੱਕਾਂ, ਹਿੱਤਾਂ ਅਤੇ ਅਸੂਲਾਂ ਦੇ ਵਿਰੁੱਧ ਖੜ੍ਹੀਆਂ ਤਾਕਤਾਂ ਦਾ ਡਟ ਕੇ ਵਿਰੋਧ ਕਰਨ।

ਗੁਰਦੁਆਰਾ ਸਿੰਘ ਸਭਾ ਫਰਾਂਸ ਅਤੇ ਸਮੂਹ ਪੰਥਕ ਜਥੇਬੰਦੀਆਂ ਨੇ ਦਮਦਮੀ ਟਕਸਾਲ ਦੇ ਸੁਹਿਰਦ ਸਿੰਘਾਂ ਨੂੰ ਅਪੀਲ ਕੀਤੀ ਕਿ ਉਹ ਸਿੱਖ ਕੌਮ ਦੀ ਇਸ ਮਹਾਨ ਇਤਿਹਾਸਕ ਸੰਸਥਾ ਨੂੰ ਸਰਕਾਰੀ ਪ੍ਰਭਾਵ ਅਤੇ ਹਕੂਮਤੀ ਦਖ਼ਲ ਤੋਂ ਬਚਾਉਣ ਲਈ ਕਮਰਕੱਸੇ ਹੋਣ। ਇਹ ਵੀ ਅਪੀਲ ਕੀਤੀ ਗਈ ਕਿ ਦੁਨੀਆ ਭਰ ਦੀ ਸਿੱਖ ਸੰਗਤ ਅਜਿਹੀਆਂ ਗਤੀਵਿਧੀਆਂ ਅਤੇ ਸਿੱਖੀ ਵਿੱਚ ਘੁਸਪੈਠ ਕਰ ਚੁੱਕੀਆਂ ਤਾਕਤਾਂ ਤੋਂ ਪੂਰੀ ਤਰ੍ਹਾਂ ਸੁਚੇਤ ਰਹੇ, ਗੁਰਦੁਆਰਿਆਂ ਅਤੇ ਸਿੱਖ ਸੰਸਥਾਵਾਂ ਦੀ ਪਵਿੱਤਰਤਾ, ਸੁਤੰਤਰਤਾ ਅਤੇ ਪੰਥਕ ਮਰਿਆਦਾ ਦੀ ਰਾਖੀ ਲਈ ਇਕਜੁੱਟ ਹੋਵੇ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਪੰਥਕ ਏਕਤਾ ਨੂੰ ਹੋਰ ਮਜ਼ਬੂਤ ਕਰੇ।

ਅੰਤ ਵਿੱਚ ਇਕੱਤਰਤਾ ਵੱਲੋਂ ਇਹ ਸਪਸ਼ਟ ਕੀਤਾ ਗਿਆ ਕਿ ਸਿੱਖ ਕੌਮ ਦੀ ਅਜ਼ਾਦੀ ਦੇ ਸੰਘਰਸ਼, ਸਿੱਖਾਂ ਦੀ ਵੱਖਰੀ ਪਹਿਚਾਣ, ਪੰਥਕ ਮਰਿਆਦਾ ਅਤੇ ਅਸੂਲਾਂ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਜਿਹੀਆਂ ਗਤੀਵਿਧੀਆਂ ਦਾ ਪੰਥਕ ਢੰਗ ਨਾਲ, ਸੰਗਠਿਤ ਅਤੇ ਡਟ ਕੇ ਵਿਰੋਧ ਕੀਤਾ ਜਾਵੇਗਾ।


ਜਾਰੀ ਕਰਤਾ :-
ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਾ ਸਿੰਘ ਸਭਾ ਫਰਾਂਸ (ਬੋਬੀਨੀ)

* ਭਾਈ ਰਘਵੀਰ ਸਿੰਘ ਕੁਹਾੜ
* ਭਾਈ ਸਤਨਾਮ ਸਿੰਘ
* ਭਾਈ ਚੈਨ ਸਿੰਘ
* ਭਾਈ ਰਛਪਾਲ ਸਿੰਘ
* ਭਾਈ ਹਰਜਿੰਦਰ ਸਿੰਘ
* ਭਾਈ ਹਰਮਨਦੀਪ ਸਿੰਘ

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News