Home » ਨਵੀਂ ਦਿੱਲੀ » ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਯਾਦ ’ਚ ਸਰੀ ਵਿਖੇ ਕੌਮੀ ਜਜ਼ਬੇ ਦਾ ਵਿਸ਼ਾਲ ਪ੍ਰਗਟਾਵਾ, ਪਰਿਵਾਰ ਨੂੰ ਕੀਤਾ ਗਿਆ ਸਨਮਾਨਿਤ

ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਯਾਦ ’ਚ ਸਰੀ ਵਿਖੇ ਕੌਮੀ ਜਜ਼ਬੇ ਦਾ ਵਿਸ਼ਾਲ ਪ੍ਰਗਟਾਵਾ, ਪਰਿਵਾਰ ਨੂੰ ਕੀਤਾ ਗਿਆ ਸਨਮਾਨਿਤ

SHARE ARTICLE

16 Views

👉 ਭਾਈ ਨਿੱਝਰ ਦੀ ਸ਼ਹਾਦਤ ਸਿੱਖ ਕੌਮ ਦੀ ਅਜ਼ਾਦ ਸੋਚ, ਕੌਮੀ ਅਸਮੀਤਾ ਅਤੇ ਹੱਕ-ਸੱਚ ਲਈ ਚੱਲ ਰਹੇ ਸੰਘਰਸ਼ ਦਾ ਪ੍ਰਤੀਕ

ਨਵੀਂ ਦਿੱਲੀ 25 ਜੂਨ (ਮਨਪ੍ਰੀਤ ਸਿੰਘ ਖਾਲਸਾ):– ਸ਼ਹੀਦ ਜਥੇਦਾਰ ਭਾਈ ਹਰਦੀਪ ਸਿੰਘ ਨਿੱਝਰ ਦੇ ਤੀਸਰੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਟੀਮ ਸ਼ਹੀਦ ਨਿੱਝਰ ਵੱਲੋਂ ਵੱਖ-ਵੱਖ ਧਾਰਮਿਕ, ਪੰਥਕ ਅਤੇ ਕੌਮੀ ਸਮਾਗਮ ਸ਼ਰਧਾ, ਸਤਿਕਾਰ ਅਤੇ ਕੌਮੀ ਜਜ਼ਬੇ ਨਾਲ ਕਰਵਾਏ ਗਏ। ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਮੈਂਬਰ ਭਾਈ ਨਰਿੰਦਰ ਸਿੰਘ ਰੰਧਾਵਾ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ 7 ਜੂਨ ਤੋਂ ਸ਼ੁਰੂ ਹੋਈ ਸਮਾਗਮਾਂ ਦੀ ਲੜੀ ਤਹਿਤ ਸ੍ਰੀ ਸਹਿਜ ਪਾਠ ਸਾਹਿਬ ਦੇ ਆਰੰਭ ਕਰਵਾਏ ਗਏ, ਜਿਨ੍ਹਾਂ ਦੇ ਭੋਗ 18 ਜੂਨ ਨੂੰ ਗੁਰੂ ਨਾਨਕ ਸਿੱਖ ਗੁਰਦੁਆਰਾ, ਸਰੀ ਵਿਖੇ ਪਾਏ ਗਏ। ਇਸ ਮੌਕੇ ਸ਼ਹੀਦ ਭਾਈ ਨਿੱਝਰ ਦੇ ਪਰਿਵਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਜਦਕਿ ਬੁਲਾਰਿਆਂ ਨੇ ਉਨ੍ਹਾਂ ਦੇ ਜੀਵਨ, ਸੰਘਰਸ਼, ਪੰਥਕ ਸੇਵਾਵਾਂ ਅਤੇ ਖਾਲਸਾਈ ਅਸੂਲਾਂ ਪ੍ਰਤੀ ਅਟੱਲ ਵਚਨਬੱਧਤਾ ਨੂੰ ਸਤਿਕਾਰ ਨਾਲ ਯਾਦ ਕੀਤਾ। ਓਨ੍ਹਾ ਦਸਿਆ ਕਿ ਇਸੇ ਦਿਨ ਵੈਨਕੂਵਰ ਸਥਿਤ ਭਾਰਤੀ ਅੰਬੈਸੀ ਦੇ ਬਾਹਰ ਸਿਟੀਜ਼ਨ ਕੋਰਟ ਦਾ ਆਯੋਜਨ ਕੀਤਾ ਗਿਆ ਸੀ, ਜਿੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤਾਂ ਅਤੇ ਕੌਮੀ ਕਾਰਕੁਨਾਂ ਨੇ ਹਾਜ਼ਰੀ ਭਰਦਿਆਂ ਸ਼ਹੀਦ ਭਾਈ ਨਿੱਝਰ ਲਈ ਇਨਸਾਫ਼ ਦੀ ਮੰਗ ਬੁਲੰਦ ਕੀਤੀ। ਬੁਲਾਰਿਆਂ ਨੇ ਕਿਹਾ ਕਿ ਭਾਈ ਨਿੱਝਰ ਦੀ ਸ਼ਹਾਦਤ ਸਿਰਫ਼ ਇੱਕ ਵਿਅਕਤੀ ਦੀ ਕੁਰਬਾਨੀ ਨਹੀਂ, ਸਗੋਂ ਸਿੱਖ ਕੌਮ ਦੀ ਅਜ਼ਾਦ ਸੋਚ, ਕੌਮੀ ਅਸਮੀਤਾ ਅਤੇ ਹੱਕ-ਸੱਚ ਲਈ ਚੱਲ ਰਹੇ ਸੰਘਰਸ਼ ਦਾ ਪ੍ਰਤੀਕ ਹੈ। ਇਸ ਮੌਕੇ ਸੰਗਤਾਂ ਨੇ ਇਨਸਾਫ਼ ਅਤੇ ਸੱਚ ਸਾਹਮਣੇ ਲਿਆਉਣ ਦੀ ਮੰਗ ਨੂੰ ਦੁਹਰਾਉਂਦਿਆਂ ਕੌਮੀ ਏਕਤਾ ਦਾ ਪ੍ਰਗਟਾਵਾ ਕੀਤਾ। ਭਾਈ ਰੰਧਾਵਾ ਨੇ ਦਸਿਆ ਕਿ 20 ਜੂਨ ਨੂੰ ਮਰਾਜ ਬੈਂਕੁਐਟ ਹਾਲ ਵਿਖੇ ਦਸਤਾਰ ਅਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਨੌਜਵਾਨਾਂ ਅਤੇ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਜੇਤੂ ਬੱਚਿਆਂ ਨੂੰ ਵਿਸ਼ੇਸ਼ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮਾਂ ਵਿੱਚ ਸਿੱਖਸ ਫਾਰ ਜਸਟਿਸ ਦੀ ਟੀਮ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਈ, ਜਿਸ ਵਿੱਚ ਭਾਈ ਅਵਤਾਰ ਸਿੰਘ ਪੰਨੂ, ਡਾ. ਬਖਸ਼ੀਸ਼ ਸਿੰਘ ਸੰਧੂ, ਭਾਈ ਬਿਕਰਮਜੀਤ ਸਿੰਘ, ਭਾਈ ਗੁਰਦਿਆਲ ਸਿੰਘ, ਭਾਈ ਮਹਿੰਦਰ ਸਿੰਘ ਅਤੇ ਭਾਈ ਰਣਜੀਤ ਸਿੰਘ ਸਹੋਤਾ ਨੇ ਹਾਜ਼ਰੀ ਭਰੀ। ਸਮੂਹ ਸਮਾਗਮਾਂ ਨੇ ਇਹ ਸੰਦੇਸ਼ ਹੋਰ ਮਜ਼ਬੂਤ ਕੀਤਾ ਕਿ ਸ਼ਹੀਦ ਜਥੇਦਾਰ ਭਾਈ ਹਰਦੀਪ ਸਿੰਘ ਨਿੱਝਰ ਦੀ ਯਾਦ ਕੌਮ ਦੇ ਦਿਲਾਂ ਵਿੱਚ ਸਿਰਫ਼ ਸ਼ਰਧਾ ਨਾਲ ਹੀ ਨਹੀਂ, ਸਗੋਂ ਸੰਘਰਸ਼, ਸਵੈਮਾਨ ਅਤੇ ਇਨਸਾਫ਼ ਦੀ ਲੌਅ ਵਜੋਂ ਜਿਉਂਦੀ ਹੈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News