==================================
ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਕਈ ਪ੍ਰਮੁੱਖ ਪੰਜਾਬੀ ਪਰਿਵਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਜੁੜੇ
==================================
ਵਲੈਨਸੀਆ (ਸਪੇਨ) 13 ਜੂਨ ( ਖਿੜਿਆ ਪੰਜਾਬ) ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਸਪੇਨ ਆਗੂ ਭਾਈ ਦਵਿੰਦਰ ਸਿੰਘ ਮੱਲੀ ਦੀ ਅਗਵਾਈ ਹੇਠ ਪਾਰਟੀ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਹੋਰ ਮਜ਼ਬੂਤ ਕਰਨ ਦੀ ਮੁਹਿੰਮ ਲਗਾਤਾਰ ਜਾਰੀ ਹੈ। ਇਸੇ ਕੜੀ ਤਹਿਤ ਵਲੈਨਸੀਆ ਵਿਖੇ ਕਈ ਪ੍ਰਮੁੱਖ ਪੰਜਾਬੀ ਸਖਸ਼ੀਅਤਾਂ ਅਤੇ ਪਰਿਵਾਰਾਂ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਵਿਚਾਰਧਾਰਾ ਵਿੱਚ ਵਿਸ਼ਵਾਸ ਪ੍ਰਗਟਾਉਂਦਿਆਂ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਸ੍ਰੀ ਜਸਬੀਰ ਸਿੰਘ ਢਿੱਲੋਂ, ਸ੍ਰੀ ਗੁਰਪ੍ਰੀਤ ਸਿੰਘ ਪੱਡਾ, ਸ੍ਰੀ ਮਨਜੀਤ ਸਿੰਘ, ਸ੍ਰੀ ਪਰਮਜੀਤ ਸਿੰਘ, ਸ੍ਰੀ ਗੁਰਜੀਤ ਸਿੰਘ ਬਾਜਵਾ ਅਤੇ ਸ੍ਰੀ ਸੁਰਿੰਦਰ ਸਿੰਘ ਧਨੋਆ ਨੇ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਮੂਲੀਅਤ ਕਰਕੇ ਪਾਰਟੀ ਦੀ ਮਜ਼ਬੂਤੀ ਵੱਲ ਇਕ ਹੋਰ ਕਦਮ ਵਧਾਇਆ। ਭਾਈ ਦਵਿੰਦਰ ਸਿੰਘ ਮੱਲੀ ਨੇ ਨਵੇਂ ਸ਼ਾਮਲ ਹੋਏ ਸਾਥੀਆਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਅੱਜ ਦੁਨੀਆ ਭਰ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੀ ਨਜ਼ਰ ਪੰਜਾਬ ਦੇ ਭਵਿੱਖ ਉੱਤੇ ਟਿਕੀ ਹੋਈ ਹੈ। ਪੰਜਾਬ ਨੂੰ ਦਰਪੇਸ਼ ਗੰਭੀਰ ਚੁਣੌਤੀਆਂ, ਨੌਜਵਾਨੀ ਦੀ ਹੋ ਰਹੀ ਬਰਬਾਦੀ, ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ, ਧਾਰਮਿਕ ਅਤੇ ਸਮਾਜਿਕ ਮੁੱਦਿਆਂ ਦੇ ਹੱਲ ਲਈ ਇੱਕ ਮਜ਼ਬੂਤ ਪੰਥਕ ਅਤੇ ਲੋਕ ਪੱਖੀ ਲਹਿਰ ਦੀ ਲੋੜ ਹੈ, ਜਿਸ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਬਾਖੂਬੀ ਅੱਗੇ ਲੈ ਕੇ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਵੱਲੋਂ ਪੰਜਾਬ, ਪੰਥ ਅਤੇ ਨੌਜਵਾਨੀ ਦੇ ਹੱਕਾਂ ਲਈ ਚੁੱਕੀ ਗਈ ਆਵਾਜ਼ ਨੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਪ੍ਰਭਾਵਿਤ ਕੀਤਾ ਹੈ। ਭਾਵੇਂ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਅੱਜ ਜੇਲ੍ਹ ਵਿੱਚ ਬੰਦ ਹਨ, ਪਰ ਉਨ੍ਹਾਂ ਦੀ ਸੋਚ ਅਤੇ ਸੰਘਰਸ਼ ਨੇ ਲੋਕਾਂ ਦੇ ਦਿਲਾਂ ਵਿੱਚ ਇੱਕ ਨਵੀਂ ਆਸ ਪੈਦਾ ਕੀਤੀ ਹੈ। ਇਹੀ ਕਾਰਨ ਹੈ ਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਵੱਡੀ ਗਿਣਤੀ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਜੁੜ ਰਹੇ ਹਨ। ਭਾਈ ਮੱਲੀ ਨੇ ਕਿਹਾ ਕਿ ਪਾਰਟੀ ਨੂੰ ਯੂਰਪ ਸਮੇਤ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਪੰਜਾਬ ਦੇ ਹੱਕਾਂ ਦੀ ਆਵਾਜ਼ ਨੂੰ ਅੰਤਰਰਾਸ਼ਟਰੀ ਮੰਚਾਂ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸਮਰਥਕਾਂ ਅਤੇ ਪੰਜਾਬ ਪ੍ਰਤੀ ਚਿੰਤਤ ਲੋਕਾਂ ਦੇ ਸਹਿਯੋਗ ਨਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਅੰਦਰ ਇੱਕ ਮਜ਼ਬੂਤ ਪੰਥਕ ਸਰਕਾਰ ਬਣਾਉਣ ਲਈ ਪੂਰੀ ਤਾਕਤ ਨਾਲ ਕੰਮ ਕੀਤਾ ਜਾ ਰਿਹਾ ਹੈ। ਨਵੇਂ ਸ਼ਾਮਲ ਹੋਏ ਸਾਥੀਆਂ ਨੇ ਵੀ ਇਸ ਮੌਕੇ ਪਾਰਟੀ ਦੀ ਵਿਚਾਰਧਾਰਾ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਉਹ ਪੰਜਾਬ, ਪੰਥ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਮਜ਼ਬੂਤ ਕਰਨ ਵਾਸਤੇ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਇਸ ਮੌਕੇ ਹਾਜ਼ਰ ਆਗੂਆਂ ਅਤੇ ਵਰਕਰਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਪੰਜਾਬ ਅਤੇ ਪੰਥ ਦੇ ਹੱਕਾਂ ਲਈ ਚੱਲ ਰਹੀ ਇਹ ਲਹਿਰ ਆਉਣ ਵਾਲੇ ਸਮੇਂ ਵਿੱਚ ਹੋਰ ਵੱਡੇ ਜਨ ਸਮਰਥਨ ਦਾ ਰੂਪ ਧਾਰੇਗੀ ਅਤੇ ਪੰਜਾਬ ਦੀ ਸਿਆਸਤ ਵਿੱਚ ਇੱਕ ਨਵਾਂ ਇਤਿਹਾਸ ਸਿਰਜੇਗੀ।
ਸੋ ਜਰਮਨ ਤੋਂ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਜਗਤਾਰ ਸਿੰਘ ਮਾਹਲ, ਭਾਈ ਅਵਤਾਰ ਸਿੰਘ ਹੁੰਦਲ, ਮਨਜੀਤ ਸਿੰਘ ਭੋਗਲ, ਡਾ ਸੁਰਜੀਤ ਸਿੰਘ, ਗੁਰਬਿੰਦਰ ਸਿੰਘ, ਪ੍ਰਭਜੋਤ ਸਿੰਘ ਸਤਕੋਹਾ, ਜੁਗਰਾਜ ਸਿੰਘ, ਭਜਨ ਸਿੰਘ ਸ਼ੀਰਾ, ਰਣਜੀਤ ਸਿੰਘ, ਇੰਦਰਜੀਤ ਸਿੰਘ, ਤੇ ਮਨਜਿੰਦਰ ਸਿੰਘ, ਵੱਲੋਂ “ਅਕਾਲੀ ਦਲ ਵਾਰਿਸ ਪੰਜਾਬ ਦੇ” ਦੇ ਸਪੇਨ ਆਗੂ ਭਾਈ ਦਵਿੰਦਰ ਸਿੰਘ ਮੱਲੀ ਦੀ ਅਗਵਾਈ ਹੇਠ ਪਾਰਟੀ ਵਿੱਚ ਸ਼ਾਮਲ ਹੋਏ ਸਮੁੱਚੇ ਸਿੰਘਾਂ ਨੂੰ ਜੀ ਆਇਆਂ ਆਖਿਆ ਤੇ ਆਸ ਪ੍ਰਗਟਾਈ ਕਿ ਇਹਨਾਂ ਵੀਰਾਂ ਦੇ ਆਉਣ ਨਾਲ ਪਾਰਟੀ ਨੂੰ ਭਰਵਾਂ ਹੁੰਗਾਰਾ ਮਿਲੇਗਾ ਤੇ ਪਾਰਟੀ ਹੋਰ ਮਜ਼ਬੂਤ ਹੋਵੇਗੀ ! ਨਵੇਂ ਸ਼ਾਮਲ ਹੋਏ ਵੀਰਾਂ ਨੂੰ ਮੁਬਾਰਕਾਂ, ਵਧਾਈਆਂ, ਖੁਸ਼ ਆਮ ਦੀਦ !ਯਾਦ ਰਹੇ ਇਹਨਾਂ ਐਨ ਆਰ ਆਈ ਵੀਰਾਂ ਦੇ ਉੱਦਮ ਸਦਕਾ ਹੀ ਕਿਸਾਨ ਮੋਰਚਾ ਫ਼ਤਿਹ ਹੋਇਆ ਸੀ ! ਤੇ ਹੁਣ ਮਿਸ਼ਨ ਪੰਜਾਬ ਵੀ ਕਾਮਯਾਬ ਹੋਵੇਗਾ !
ਪੰਜਾਬ ਪੰਜਾਬੀਅਤ ਜਿੰਦਾਬਾਦ !
ਬਿੱਟੂ ਅਰਪਿੰਦਰ ਸਿੰਘ
ਜਰਮਨ
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।







