Home » ਸੰਸਾਰ » ਯੂਰਪ » ਗੁਰਦੁਆਰਾ ਸਿੰਘ ਸਭਾ ਡੈਨਹਾਗ ਵਿਖੇ ਪਹਿਲੀ ਵਾਰ ਲਗਾਇਆ ਕੈਂਪ ਯਾਦਗਾਰੀ ਹੋ ਨਿੱਬੜਿਆ। ਪ੍ਰਬੰਧਕ ਕਮੇਟੀ ਵੱਲੋਂ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਗੁਰਦੁਆਰਾ ਸਿੰਘ ਸਭਾ ਡੈਨਹਾਗ ਵਿਖੇ ਪਹਿਲੀ ਵਾਰ ਲਗਾਇਆ ਕੈਂਪ ਯਾਦਗਾਰੀ ਹੋ ਨਿੱਬੜਿਆ। ਪ੍ਰਬੰਧਕ ਕਮੇਟੀ ਵੱਲੋਂ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

SHARE ARTICLE

12 Views

ਹਾਲੈਂਡ 4 ਮਈ (ਖਿੜਿਆ ਪੰਜਾਬ) ਖ਼ਾਲਸਾ ਪ੍ਰਗਟ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਡੈਨਹਾਗ ਵਿਖੇ ਪਹਿਲੀ ਵਾਰ ਬੱਚਿਆਂ ਦੀਆਂ ਸਕੂਲਾਂ ਵਿੱਚ ਹੋਈਆਂ ਛੁੱਟੀਆਂ ਦਾ ਲਾਹਾ ਲੈਂਦਿਆਂ ਇੱਕ ਹਫ਼ਤੇ ਦਾ “ਗੁਰਮਤਿ ਟ੍ਰੇਨਿੰਗ ਅਤੇ ਸਖ਼ਸ਼ੀਅਤ ਉਸਾਰੀ ਕੈਂਪ” ਲਗਾਇਆ ਗਿਆ। ਗੁਰਦੁਆਰਾ ਸਾਹਿਬ ਦੇ ਟਰੱਸਟੀ ਸੇਵਾਦਾਰ ਭਾਈ ਜਸਪਾਲ ਸਿੰਘ ਨੇ ਜਾਣਕਾਰੀ ਦੇਂਦਿਆ ਦੱਸਿਆ ਕਿ ਇਹ ਕੈਂਪ ਸਮੂੰਹ ਪ੍ਰਬੰਧਕਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਪਹਿਲੀ ਵਾਰ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਨਿਸ਼ਾਨ ਸਿੰਘ ਪੱਟੀ ਦੇ ਉਪਰਾਲੇ ਸਦਕਾ ਲਗਾਇਆ ਗਿਆ। ਕੈਂਪ ਵਿੱਚ ਬੱਚਿਆਂ ਨੂੰ ਪੜ੍ਹਾਉਣ ਦੀ ਸੇਵਾ ਵੀ ਭਾਈ ਗੁਰਨਿਸ਼ਾਨ ਸਿੰਘ ਪੱਟੀ

ਵੱਲੋਂ ਸਥਾਨਕ ਅਧਿਆਪਕਾਂ ਬੀਬੀ ਸੁਖਵਿੰਦਰ ਕੌਰ, ਬੀਬੀ ਅਮਰਜੀਤ ਕੌਰ, ਬੀਬੀ ਸਾਹਿਬ ਕੌਰ, ਸ ਮੋਹਨ ਸਿੰਘ ਅਤੇ ਸ ਗਗਨਦੀਪ ਸਿੰਘ ਦੇ ਸਹਿਯੋਗ ਨਾਲ ਕੀਤੀ ਗਈ। ਇਸ ਕੈਂਪ ਵਿੱਚ ਰੋਜ਼ਾਨਾ ਡੈਨਹਾਗ ਦੇ 40 ਬੱਚੇ, ਉਹਨਾਂ ਦੇ ਮਾਪੇ ਅਤੇ ਸੰਗਤਾਂ ਹਾਜ਼ਰੀ ਭਰਦੇ ਰਹੇ। ਕੈਂਪ ਵਿੱਚ ਰੋਜ਼ਾਨਾ ਦੋ ਸ਼ੈਸ਼ਨ ਚੱਲਦੇ ਰਹੇ। ਪਹਿਲੇ ਸ਼ੈਸ਼ਨ ਵਿੱਚ ਗੁਰਬਾਣੀ, ਗੁਰ-ਇਤਿਹਾਸ, ਸਿੱਖ- ਇਤਿਹਾਸ, ਬਾਰੇ ਜਾਣਕਾਰੀ ਦੇਂਦਿਆ ਬੱਚਿਆਂ ਅਤੇ ਸੰਗਤਾਂ ਨੂੰ ਨੈਤਿਕ ਕਦਰਾਂ ਕੀਮਤਾਂ, ਗੁਰੂ ਸਿਧਾਂਤਾਂ ਅਤੇ ਰਹਿਤ ਮਰਯਾਦਾ ਬਾਰੇ ਜਾਣੂ ਕਰਵਾਇਆ ਜਾਂਦਾ ਰਿਹਾ। ਇਸ ਉਪਰੰਤ ਬੱਚਿਆਂ ਦੀ ਰਿਫਰੈਸ਼ਮੈਂਟ ਲਈ ਰੋਜ਼ਾਨਾ ਲੰਗਰ ਵਿਚ ਬੱਚਿਆਂ ਨੂੰ ਮਨ ਭਾਉਂਦੇ ਪਕਵਾਨ ਦਿੱਤੇ ਜਾਂਦੇ ਰਹੇ। ਲੰਗਰਾਂ ਵਿੱਚ ਇਹਨਾਂ ਪਕਵਾਨਾਂ ਦੀ ਸੇਵਾ ਗੁਰਦੁਆਰਾ ਸਾਹਿਬ ਅਤੇ ਸੰਗਤਾਂ ਵੱਲੋਂ ਮਿਲ ਕੇ ਕੀਤੀ ਗਈ, ਰੋਜ਼ਾਨਾ ਲੰਗਰਾਂ ਵਿੱਚ ਸੇਵਾਵਾਂ ਬੀਬੀ ਸੁਰਿੰਦਰ ਕੌਰ, ਬੀਬੀ ਪਰਮਜੀਤ ਕੌਰ, ਬੀਬੀ ਸ਼ਿਵਾਨੀ, ਬੀਬੀ ਗੁਰਮੀਤ ਕੌਰ ਅਤੇ ਹੋਰ ਸੰਗਤਾਂ ਵੱਲੋਂ ਕੀਤੀ ਜਾਂਦੀ ਰਹੀ। ਲੰਗਰ ਉਪਰੰਤ ਬੱਚਿਆਂ ਦਾ ਦੂਸਰਾ ਸ਼ੈਸ਼ਨ ਚੱਲਦਾ ਜਿਸ ਵਿੱਚ ਰੋਜ਼ਾਨਾ ਸਿੱਖਿਆ ਦੇਂਦੀਆਂ ਛੋਟੀਆਂ ਧਾਰਮਿਕ ਅਤੇ ਸਮਾਜਿਕ ਫ਼ਿਲਮਾਂ ਦਿਖਾਈਆਂ ਜਾਂਦੀਆਂ, ਵਿਸ਼ੇਸ਼ ਕਰਕੇ ਗੁਰਮੁਖੀ/ਪੰਜਾਬੀ ਸਿਖਾਉਣ ਲਈ ਕਲਾਸ ਲਗਾਈ ਜਾਂਦੀ ਰਹੀ। ਜਿਸਦਾ ਬੱਚਿਆਂ ਅਤੇ ਸੰਗਤਾਂ ਨੇ ਖੂਬ ਲਾਹਾ ਪ੍ਰਾਪਤ ਕੀਤਾ। ਬੱਚਿਆਂ ਨੂੰ ਲਗਾਤਾਰ 5 ਦਿਨ ਪੜ੍ਹਾਉਣ ਉਪਰੰਤ ਛੇਵੇਂ ਦਿਨ ਇਮਤਿਹਾਨ ਲਿਆ ਗਿਆ ਜਿਸ ਵਿੱਚ ਵੀ ਸਾਰੇ ਹੀ ਬੱਚਿਆਂ ਨੇ ਭਾਗ ਲਿਆ ਇਹ ਇਮਤਿਹਾਨ ਬੱਚਿਆਂ ਦੇ ਤਿੰਨ ਵਰਗ ਬਣਾ ਕੇ ਲਿਆ ਗਿਆ। ਸਤਵੇਂ ਦਿਨ ਕੈਂਪ ਦੀ ਸਮਾਪਤੀ ਅਤੇ ਇਨਾਮ ਵੰਡ ਸਮਾਗਮ ਕੀਤਾ ਗਿਆ ਜਿਸ ਵਿੱਚ ਕੈਂਪ ਇਮਤਿਹਾਨ ਵਿਚੋਂ ਪਹਿਲੇ, ਦੂਜੇ, ਤੀਸਰੇ ਅਤੇ ਵਿਸ਼ੇਸ਼ ਸਥਾਨਾਂ ਤੇ ਆਉਣ ਵਾਲੇ ਬੱਚਿਆਂ ਨੂੰ ਸ਼ੀਲਡਾਂ ਅਤੇ ਬਾਕੀ ਸਾਰੇ ਬੱਚਿਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮੇਂ ਗੁਰਦੁਆਰਾ ਸਾਹਿਬ ਦੇ ਟਰੱਸਟੀ ਜਸਪਾਲ ਸਿੰਘ, ਇੰਦਰਜੀਤ ਸਿੰਘ, ਸ਼ਿੰਗਾਰਾ ਸਿੰਘ, ਅਵਤਾਰ ਸਿੰਘ ਤਾਰੀ, ਹਰਬੰਸ ਸਿੰਘ, ਖਜ਼ਾਨਚੀ ਨਿਰੰਜਨ ਸਿੰਘ ਗਿੱਲ, ਗੁਰਿੰਦਰ ਸਿੰਘ ਬੈਂਸ, ਬਾਪੂ ਸਿਤਾਰਾ ਸਿੰਘ, ਜਸਵਿੰਦਰ ਸਿੰਘ ਜੱਸੀ, ਰਾਗੀ ਭਾਈ ਹਰਜੀਤ ਸਿੰਘ, ਭਾਈ ਗੁਰਦੇਵ ਸਿੰਘ, ਭਾਈ ਮਨਮੋਹਨ ਸਿੰਘ, ਅਤੇ ਹੋਰ ਸੰਗਤਾਂ ਹਾਜ਼ਰ ਸਨ। ਸੰਗਤਾਂ ਨੇ ਧੰਨਵਾਦ ਕਰਦੇ ਹੋਏ ਪ੍ਰਬੰਧਕਾਂ ਦੇ ਨਾਲ ਮਿਲ ਕੇ ਗਿਆਨੀ ਗੁਰਨਿਸ਼ਾਨ ਸਿੰਘ ਦਾ ਸਨਮਾਨ ਕੀਤਾ ਅਤੇ ਅੱਗੇ ਤੋ ਵੀ ਇਹੋ ਜਿਹੇ ਉਪਰਾਲੇ ਕਰਨ ਤੇ ਹਰ ਤਰਾ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਤਰਾਂ ਇਹ ਕੈਂਪ ਇੱਕ ਯਾਦਗਾਰੀ ਕੈਂਪ ਹੋ ਨਿੱਬੜਿਆ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News