ਨਵੀਂ ਦਿੱਲੀ 25 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਪੰਥ ਦੀ ਪ੍ਰਮੁੱਖ ਜੱਥੇਬੰਦੀ ਅਖੰਡ ਕੀਰਤਨੀ ਜਥਾ (ਵਿਸ਼ਵ ਵਿਆਪੀ) 31 ਮੈਂਬਰੀ ਕਮੇਟੀ ਦੀ ਇਕ ਅਹਿਮ ਵਰਚੁਅਲ ਮੀਟਿੰਗ ਵਿੱਚ ਜੱਥੇਬੰਦੀ ਦੀ ਚੜ੍ਹਦੀਕਲਾ ਅਤੇ ਕੁਝ ਅਹਿਮ ਮੁੱਦਿਆਂ ਉਪਰ ਸਰਬ ਸੰਮਤੀ ਨਾਲ ਫੈਸਲੇ ਕੀਤੇ ਗਏ। ਇੰਨ੍ਹਾ ਫੈਸਲਿਆ ਵਿਚ ਭਾਰਤ ਦੇਸ਼ ਅੰਦਰ ਕੰਮ ਕਰ ਰਹੀ 11 ਮੈਂਬਰੀ ਕਮੇਟੀ ਨੂੰ ਖ਼ਤਮ ਕਰਦਿਆਂ 5 ਮੈਂਬਰੀ ਕਮੇਟੀ ਨੂੰ ਦੇਸ਼ ਅੰਦਰ ਜੱਥੇਬੰਦੀ ਦੀ ਦੇਖ ਰੇਖ ਦੇ ਅਧਿਕਾਰ ਦਿੱਤੇ ਗਏ ਹਨ। ਇਸ ਬਾਰੇ ਅਖੰਡ ਕੀਰਤਨੀ ਜਥਾ ਵਿਸ਼ਵਵਿਆਪੀ 31 ਮੈਂਬਰੀ ਕਮੇਟੀ ਵਲੋਂ ਭਾਈ ਅਵਤਾਰ ਸਿੰਘ ਮੱਲੀਆਂ ਵਾਲੇ ਦੇ ਦਸਤਖਤ ਹੇਠ ਜਾਰੀ ਹੋਏ ਪੱਤਰ ਵਿਚ ਲਿਖਿਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵੈਸਾਖੀ ਸਮਾਗਮ ਤੇ ਪੰਜ ਪਿਆਰਿਆਂ ਵੱਲੋਂ ਦਿੱਤੇ ਗਏ ਹੁਕਮ ਅਨੁਸਾਰ ਭਾਰਤ ਵਿਚ ਅਖੰਡ ਕੀਰਤਨੀ ਜਥੇ ਦੇ ਪ੍ਰਬੰਧ ਅਤੇ ਹੋਰ ਪੰਥਕ ਮਸਲਿਆਂ ਨੂੰ ਨਜਿੱਠਣ ਲਈ ਭਾਈ ਅਵਤਾਰ ਸਿੰਘ ਮੱਲੀਆਂ ਦੀ ਅਗਵਾਈ ਵਿੱਚ ਹੇਠ ਲਿਖੇ ਪੰਜ ਸਿੰਘਾਂ ਭਾਈ ਅਵਤਾਰ ਸਿੰਘ ਮੱਲੀਆਂ ਅੰਮ੍ਰਿਤਸਰ, ਭਾਈ ਰਵਿੰਦਰ ਸਿੰਘ ਖੰਡੇ ਵਾਲ਼ੇ ਲੁਧਿਆਣਾ, ਭਾਈ ਗੁਰਚਰਨ ਸਿੰਘ ਉੱਚੀ ਮੰਗਲੀ ਲੁਧਿਆਣਾ, ਭਾਈ ਅਰਵਿੰਦਰ ਸਿੰਘ ਰਾਜਾ ਦਿੱਲੀ, ਭਾਈ ਧਨਵੰਤ ਸਿੰਘ ਅੰਮ੍ਰਿਤਸਰ ਦੀ ਚੋਣ ਕੀਤੀ ਗਈ। ਇਹ ਪੰਜ ਸਿੰਘ ਭਾਰਤ ਵਿੱਚ ਅਖੰਡ ਕੀਰਤਨੀ ਜਥੇ ਦੇ ਸਮਗਮਾਂ ਦੇ ਪ੍ਰਬੰਧਕ ਮਸਲਿਆਂ ਅਤੇ ਪੰਥਿਕ ਕਾਰਜਾਂ ਵਿੱਚ ਸੇਵਾਵਾਂ ਨਿਭਾਉਣਗੇ ਅਤੇ ਅਖੰਡ ਕੀਰਤਨੀ ਜਥਾ 31 ਮੈਂਬਰੀ ਵਿਸ਼ਵ ਵਿਆਪੀ ਕਮੇਟੀ ਅੰਤਰਰਾਸ਼ਟਰੀ ਪੱਧਰ ਤੇ ਪਹਿਲਾਂ ਦੀ ਤਰਾਂ ਹੀ ਸੇਵਾਵਾਂ ਨਿਭਾਉਂਦੀ ਰਹੇਗੀ। ਅਖੰਡ ਕੀਰਤਨੀ ਜੱਥਾ ਵਿਸ਼ਵ ਵਿਆਪੀ 31 ਮੈਂਬਰੀ ਕਮੇਟੀ ਵੱਲੋਂ ਵਿਚਾਰਨ ਅਤੇ ਸਹਿਮਤੀ ਉਪਰੰਤ ਹੀ ਕੋਈ ਵੀ ਪੱਤਰ ਜਾਂ ਪ੍ਰੈਸ ਨੋਟ, ਜਥੇ ਦੀ ਮੀਡੀਆ ਟੀਮ ਵਲੋਂ, ਭਾਈ ਅਵਤਾਰ ਸਿੰਘ ਜੀ ਦੇ ਦਸਤਖਤਾਂ ਹੇਠ 31 ਮੈਂਬਰੀ ਕਮੇਟੀ ਦੇ ਲੈਟਰ ਪੈਡ ਤੇ ਜਾਰੀ ਕੀਤਾ ਜਾਵੇਗਾ। ਭਾਈ ਬਖਸ਼ੀਸ਼ ਸਿੰਘ ਜੀ ਸਾਬਕਾ ਜਥੇਦਾਰ ਨੂੰ ਸੰਨ 2022 ਵਿੱਚ ਜਥੇਦਾਰੀ ਦੀ ਸੇਵਾ ਤੋਂ ਮੁਕਤ ਕੀਤਾ ਜਾ ਚੁੱਕਾ ਹੈ। ਉਹ ਜਥੇ ਵਿਚ ਇਕ ਸਧਾਰਨ ਮੈਂਬਰ ਵਜੋਂ ਹੀ ਸੇਵਾ ਨਿਭਾਉਣਗੇ। ਜਥੇ ਵਿਚ ਉਹਨਾਂ ਦਾ ਪੂਰਾ ਸਤਿਕਾਰ ਹੈ ਪਰ ਜਥੇ ਦੇ ਪ੍ਰਬੰਧ ਵਿਚ ਉਹਨਾਂ ਦੀ ਕੋਈ ਵੀ ਦਖਲਅੰਦਾਜ਼ੀ ਨਹੀਂ ਹੋਵੇਗੀ। 1978 ਦੇ ਸ਼ਹੀਦ ਸਿੰਘਾਂ ਅਤੇ ਖਾਲਸਾ ਸਾਜਨਾ ਦਿਵਸ ਵੈਸਾਖੀ ਸਬੰਧੀ ਸ੍ਰੀ ਰਾਮਸਰ ਸਾਹਿਬ ਵਿਖੇ ਹੋ ਰਹੇ ਕੀਰਤਨ ਸਮਾਗਮ ਵਿੱਚ ਕੁਝ ਲੋਕਾਂ ਵਲੋਂ ਵਿਘਨ ਪਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਨਾਲ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਦੇ ਮੈਨੇਜਰ ਸਾਹਿਬ ਅਤੇ ਸਟੇਜ ਦੀ ਸੇਵਾ ਨਿਭਾਅ ਰਹੇ ਪ੍ਰਬੰਧਕਾਂ ਨੇ ਬੜੇ ਸੁਚੱਜੇ ਢੰਗ ਨਾਲ ਸਮਾਗਮ ਨੂੰ ਨਿਰਵਿਘਨਤਾ ਸਹਿਤ ਸੰਪੂਰਨ ਕਰਵਾਇਆ ਅਤੇ ਸਮਾਗਮ ਵਿੱਚ ਵਿਘਨ ਪਾਉਣ ਵਾਲੇ ਦੇ ਪ੍ਰਾਣੀਆਂ ਉੱਤੇ ਗੁਰਮਤਿ ਅਨੁਸਾਰ ਕਾਰਵਾਈ ਹੋ ਗਈ ਹੈ। ਬਾਕੀ ਹੋਰਨਾ ਦੀ ਨਿਸ਼ਾਨਦੇਹੀ ਕਰਕੇ ਉਨਾਂ ਖਿਲਾਫ਼ ਵੀ ਗੁਰਮਤਿ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਸ੍ਰੀ ਅਨੰਦਪੁਰ ਸਾਹਿਬ ਸਮਾਗਮ ਸਮੇਂ ਪੰਜ ਪਿਆਰਿਆਂ ਵੱਲੋਂ ਨਿਸ਼ਕਾਮ ਕੀਰਤਨ ਕਰਨ ਦਾ ਹੁਕਮ ਅਖੰਡ ਕੀਰਤਨੀ ਜਥੇ ਦੇ ਕੀਰਤਨੀ ਸਿੰਘ ਸਿੰਘਣੀਆਂ ਉੱਤੇ ਅਤੇ ਜਥੇ ਦੇ ਸਮਾਗਮਾਂ ਵਿੱਚ ਲਾਗੂ ਹੈ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








