ਨਵੀਂ ਦਿੱਲੀ 20 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਅਜਕਲ ਗੁਰੂਘਰਾਂ ਅੰਦਰ ਲੰਗਰ ਨੂੰ ਹੱਥੀ ਤਿਆਰ ਕਰਣ ਨਾਲੋਂ ਬਾਹਰੋਂ ਪੇਡ ਹਲਵਾਈਆਂ ਕੋਲੋਂ ਬਣਵਾਉਣ ਨੂੰ ਪਹਿਲ ਦਿੱਤੀ ਜਾ ਰਹੀ ਹੈ ਜੋ ਕਿ ਮਰਿਆਦਾ ਦੇ ਉਲਟ ਹੈ। ਇਸ ਬਾਰੇ ਪੰਥ ਪ੍ਰਸਿੱਧ ਸ਼੍ਰੀ ਦਰਬਾਰ ਸਾਹਿਬ ਜੀ ਦੇ ਹਜੂਰੀ ਰਾਗੀ ਭਾਈ ਸ਼ੁਭਦੀਪ ਸਿੰਘ ਜੋ ਕਿ ਆਪਣੇ ਕੀਰਤਨ ਪ੍ਰੋਗਰਾਮ ਵਿਚ ਸੰਗਤਾਂ ਅਤੇ ਪ੍ਰਬੰਧਕ ਕਮੇਟੀਆਂ ਨੂੰ ਇਸ ਬਾਰੇ ਜਾਗਰੂਕ ਕਰਦੇ ਰਹਿੰਦੇ ਹਨ, ਨੇ ਇਕ ਵਿਸ਼ੇਸ਼ ਗੱਲਬਾਤ ਰਾਹੀਂ ਦਸਿਆ ਲੰਗਰ ਵਿੱਚ ਹੱਥੀਂ ਸੇਵਾ ਕਰਨ ਲਈ ਨਿਮਰਤਾ ਅਤੇ ਸਰੀਰਕ ਮਿਹਨਤ ਦੀ ਲੋੜ ਹੁੰਦੀ ਹੈ। ਆਧੁਨਿਕ ਜੀਵਨ ਸ਼ੈਲੀ ਕਾਰਨ ਲੋਕ ਸਰੀਰਕ ਮਿਹਨਤ ਕਰਨ ਦੀ ਬਜਾਏ ਪੈਸਾ ਖਰਚ ਕੇ ਕੰਮ ਕਰਵਾਉਣ ਨੂੰ ਤਰਜੀਹ ਦੇਣ ਲੱਗੇ ਹੋਏ ਹਨ। ਇਸ ਨਾਲ ਸੇਵਾ ਦੇ ਮੂਲ ਸਿਧਾਂਤ ਨੂੰ ਸੱਟ ਵੱਜ ਰਹੀ ਹੈ। ਇਸ ਕਰਕੇ ਅੱਜ-ਕੱਲ੍ਹ ਲੰਗਰ ਵਿੱਚ ਸਾਦਗੀ ਦੀ ਥਾਂ ਦਿਖਾਵੇ ਨੇ ਲੈ ਲਈ ਹੈ। ਉਨ੍ਹਾਂ ਕਿਹਾ ਕਈ ਲੋਕ ਕੁਝ “ਵਿਸ਼ੇਸ਼ ਪਕਵਾਨ” ਵਰਤਾਉਣ ਨੂੰ ਵੀ ਆਪਣੀ ਸਮਾਜਿਕ ਸ਼ਾਨ ਸਮਝਦੇ ਹਨ। ਅਜਿਹੇ ਪਕਵਾਨ ਅਕਸਰ ਬਾਹਰੋਂ ਆਰਡਰ ਕੀਤੇ ਜਾਂਦੇ ਹਨ ਜਾਂ ਪੇਡ ਸੇਵਾਦਾਰਾਂ ਰਾਹੀਂ ਤਿਆਰ ਕਰਵਾਏ ਜਾਂਦੇ ਹਨ। ਕਈ ਵੱਡੇ ਗੁਰਦੁਆਰਿਆਂ ਵਿੱਚ ਸੰਗਤ ਦੀ ਗਿਣਤੀ ਇੰਨੀ ਜ਼ਿਆਦਾ ਹੁੰਦੀ ਹੈ ਕਿ ਪ੍ਰਬੰਧਕੀ ਕਮੇਟੀਆਂ ਨੂੰ ਕੰਮ ਚਲਾਉਣ ਲਈ ਪੱਕੇ ਤੌਰ ‘ਤੇ ਤਨਖਾਹਦਾਰ ਰਸੋਈਏ ਜਾਂ ਸੇਵਾਦਾਰ ਰੱਖਣੇ ਪੈਂਦੇ ਹਨ। ਹੌਲੀ-ਹੌਲੀ ਇਹ ਇੱਕ ਸਿਸਟਮ ਬਣ ਗਿਆ ਹੈ, ਜਿੱਥੇ ਸ਼ਰਧਾਲੂ ਸਿਰਫ ਮਾਇਆ ਭੇਟ ਕਰ ਦਿੰਦੇ ਹਨ ਅਤੇ ਪ੍ਰਬੰਧਕ ਸਾਰਾ ਕੰਮ ਕਰਵਾ ਲੈਂਦੇ ਹਨ। ਪੈਸਾ ਦਾਨ ਕਰਨਾ ਲੰਗਰ ਪ੍ਰਥਾ ਨੂੰ ਚਲਦਾ ਰੱਖਣ ਲਈ ਜ਼ਰੂਰੀ ਹੈ, ਪਰ ਸਿੱਖੀ ਵਿੱਚ “ਹੱਥੀਂ ਸੇਵਾ” ਦਾ ਆਪਣਾ ਇੱਕ ਵਿਲੱਖਣ ਅਧਿਆਤਮਿਕ ਮਹੱਤਵ ਹੈ ਜੋ ਮਨੁੱਖ ਨੂੰ ਨਿਮਰਤਾ ਸਿਖਾਉਂਦਾ ਹੈ। ਉਨ੍ਹਾਂ ਕਿਹਾ ਗੁਰੂਘਰ ਦੀ ਮਰਿਆਦਾ ਅਨੁਸਾਰ ਲੰਗਰ ਵਿੱਚ ਸ਼ੁੱਧਤਾ ਅਤੇ ਪਵਿੱਤਰਤਾ ਸਰਵਉੱਚ ਹੈ, ਜਿੱਥੇ ਨਸ਼ੇੜੀ ਜਾਂ ਮਾੜੀ ਸੰਗਤ ਵਾਲੇ ਵਿਅਕਤੀਆਂ ਦੁਆਰਾ ਸੇਵਾ ਕਰਨਾ ਸਖ਼ਤ ਮਨ੍ਹਾ ਹੈ। ਪੇਡ (ਪੈਸੇ ਲੈ ਕੇ ਬਣਾਇਆ) ਲੰਗਰ ਅਕਸਰ ਮਰਿਆਦਾ ਦੀ ਉਲੰਘਣਾ ਕਰਦਾ ਹੈ ਕਿਉਂਕਿ ਇੱਥੇ ਹਲਵਾਈ ਸ਼ੁੱਧਤਾ ਇਸ਼ਨਾਨ, ਗੁਰਬਾਣੀ ਜਾਪ ਆਦਿ ਦਾ ਧਿਆਨ ਨਹੀਂ ਰੱਖਦੇ। ਉਨ੍ਹਾਂ ਕਿਹਾ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਅਨੁਸਾਰ ਲੰਗਰ ਤਿਆਰ ਕਰਨ ਵਾਲੇ ਸੇਵਾਦਾਰਾਂ ਲਈ ਅੰਮ੍ਰਿਤਧਾਰੀ ਜਾਂ ਗੁਰਸਿੱਖ ਹੋਣਾ ਅਤੇ ਸੇਵਾ ਦੌਰਾਨ ਨਸ਼ਾ ਮੁਕਤ ਹੋਣਾ ਲਾਜ਼ਮੀ ਹੈ। ਜਦੋਂ ਲੰਗਰ ਸੇਵਾ ਦੀ ਬਜਾਏ ਵਪਾਰ ਬਣ ਜਾਂਦਾ ਹੈ, ਤਾਂ ਹਲਵਾਈ ਅਕਸਰ ਤੰਬਾਕੂ, ਸ਼ਰਾਬ ਜਾਂ ਹੋਰ ਨਸ਼ਿਆਂ ਦਾ ਸੇਵਨ ਕਰਦੇ ਹਨ, ਜੋ ਗੁਰੂਘਰ ਦੀ ਸ਼ਾਨ ਦੇ ਖਿਲਾਫ ਹੈ। ਗੁਰੂ ਘਰ ਦੇ ਸ਼ਰਧਾਲੂਆਂ ਨੂੰ ਅਜਿਹੇ ਪੇਡ ਲੰਗਰਾਂ ਤੋਂ ਬਚਣਾ ਚਾਹੀਦਾ ਹੈ ਅਤੇ ਕੇਵਲ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੁਆਰਾ ਤਿਆਰ ਕੀਤੇ ਸਾਫ਼-ਸੁਥਰੇ ਲੰਗਰ ਨੂੰ ਹੀ ਮਾਨਤਾ ਦੇਣੀ ਚਾਹੀਦੀ ਹੈ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








