ਸਾਊਥਾਲ 29 ਜੁਲਾਈ (ਖਿੜਿਆ ਪੰਜਾਬ) ਸਿੱਖ ਕੌਮ ਦੇ ਸਿਧਾਂਤਿਕ ਸਿਆਸੀ ਕਾਰਕੁੰਨ ਅਤੇ ਮਨੁੱਖੀ ਹੱਕਾਂ ਦੀ ਲਹਿਰ ਦੇ ਸ਼ਹੀਦ, ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ, ਉਨ੍ਹਾਂ ਦੀਆਂ ਲਿਖਤਾਂ ਅਤੇ ਸਿਆਸੀ ਸਰਗਰਮੀਆਂ ਬਾਰੇ ਸਰਦਾਰ ਅਜਮੇਰ ਸਿੰਘ ਵੱਲੋਂ ਲਿਖੀ ਪੁਸਤਕ ਦਾ ਅੰਗਰੇਜ਼ੀ ਅਨੁਵਾਦ ਪਿਛਲੇ ਦਿਨੀ ਸਿੰਘ ਸਭਾ ਸਾਊਥਾਲ ਵਿਖੇ ਸੰਗਤਾਂ ਦੇ ਸਨਮੁੱਖ ਕੀਤਾ ਗਿਆ। ਗੁਰੂਘਰ ਦੀ ਸਟੇਜ ਤੋਂ ਇਹ ਪੁਸਤਕ ਸਿੱਖ ਸੰਗਤਾਂ ਦੇ ਸਨਮੁੱਖ ਕਰਦਿਆਂ ਪ੍ਰਮੁੱਖ ਬੁਲਾਰਿਆਂ ਨੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਦੇ ਜੀਵਨ ਦੇ ਵੱਖੋ-ਵੱਖ ਪਹਿਲੂਆਂ ਬਾਰੇ ਜਾਣਕਾਰੀ ਸਿੱਖ ਸੰਗਤਾਂ ਨਾਲ ਸਾਂਝੀ ਕੀਤੀ। ਸੰਗਤ ਨੂੰ ਦੱਸਿਆ ਗਿਆ ਕਿ ਭਾਈ ਜਸਵੰਤ ਸਿੰਘ ਖਾਲੜਾ ਕੇਵਲ ਮਨੁੱਖੀ ਹੱਕਾਂ ਦੇ ਕਾਰਕੁੰਨ ਹੀ ਨਹੀ ਸਨ ਬਲਕਿ ਉਹ ਸਿੱਖਾਂ ਦੀ ਸਿਆਸੀ ਸਰਗਰਮੀ ਦੇ ਵੀ ਸਿਧਾਂਤਿਕ ਆਗੂ ਸਨ। ਆਪ ਜੀ ਵੱਲੋਂ 1968 ਤੋਂ ਲੈਕੇ 1995 ਤੱਕ ਕੀਤੀ ਗਈ ਸਰਗਰਮੀ ਅਤੇ ਲਿਖੇ ਗਏ ਲੇਖ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਭਾਈ ਜਸਵੰਤ ਸਿੰਘ ਖਾਲੜਾ, ਤਤਕਾਲੀ ਸਿੱਖ ਅਤੇ ਪੰਜਾਬ ਦੀ ਸਿਆਸਤ ਦੇ ਕਿੰਨੇ ਚੇਤੰਨ ਵਿਦਿਆਰਥੀ ਸਨ। ਕੌਮ ਨੂੰ ਦਰਪੇਸ਼ ਹਰ ਸਿਆਸੀ ਚੁਣੌਤੀ ਬਾਰੇ ਭਾਈ ਜਸਵੰਤ ਸਿੰਘ ਖਾਲੜਾ ਨੇ ਨਾ ਕੇਵਲ ਲੇਖ ਲਿਖਕੇ ਸਿਆਸੀ ਅਗਵਾਈ ਦੇਣ ਦਾ ਯਤਨ ਕੀਤਾ ਬਲਕਿ ਸਿਆਸਤ ਦੇ ਪਿੜ ਵਿੱਚ ਆਪ ਸਰਗਰਮ ਹੋਕੇ ਕੌਮੀ ਸੁਪਨਿਆਂ ਨੂੰ ਸਾਕਾਰ ਕਰਨ ਲਈ ਲਾਮਬੰਦੀ ਵੀ ਕੀਤੀ। ਭਾਈ ਜਸਵੰਤ ਸਿੰਘ ਖਾਲੜਾ ਦੇ ਸਿਆਸੀ ਜੀਵਨ ਦੀ ਇਹ ਖੂਬਸੂਰਤੀ ਸੀ ਕਿ ਆਪ ਪਾਰਟੀਬਾਜ਼ੀ ਤੋਂ ਉੱਪਰ ਉੱਠਕੇ, ਪੰਜਾਬ ਅਤੇ ਪੰਥ ਦੇ ਭਲੇ ਲਈ ਹਰ ਚੰਗਾ ਸੋਚਣ ਵਾਲੇ ਨੂੰ ਆਪਣੇ ਨਾਲ ਤੋਰ ਲੈਂਦੇ ਸਨ।
ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ, ਸੰਘਰਸ਼ ਅਤੇ ਸ਼ਹਾਦਤ ਬਾਰੇ ਸਰਦਾਰ ਅਜਮੇਰ ਸਿੰਘ ਨੇ ਕੁਝ ਸਮਾਂ ਪਹਿਲਾਂ ਪੰਜਾਬੀ ਵਿੱਚ ਕਿਤਾਬ ਲਿਖੀ ਸੀ ਜਿਸਦਾ ਅੰਗਰੇਜ਼ੀ ਅਨੁਵਾਦ ਹੁਣ ਸਿੱਖ ਨੌਜਵਾਨਾਂ ਲਈ ਜਾਰੀ ਕੀਤਾ ਗਿਆ ਹੈ।
ਲੰਡਨ ਵਿੱਚ ਕਿਤਾਬ ਰਿਲੀਜ਼ ਕਰਨ ਮੌਕੇ ਹੋਏ ਸਮਾਗਮ ਨੂੰ ਭਾਈ ਅਮਰਜੀਤ ਸਿੰਘ ਖਾਲੜਾ ਅਤੇ ਸ਼ਹੀਦ ਜਸਵੰਤ ਸਿੰਘ ਜੀ ਖਾਲੜਾ ਦੇ ਸਹਿਯੋਗੀ ਰਹੇ ਭਾਈ ਜੋਗਿੰਦਰ ਸਿੰਘ ਬੱਲ ਨੇ ਸੰਬੋਧਨ ਕੀਤਾ। ਦੋਵਾਂ ਬੁਲਾਰਿਆਂ ਨੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਅਣਗੌਲੇ ਪਲਾਂ ਬਾਰੇ ਸਿੱਖ ਸੰਗਤਾਂ ਨੂੰ ਜਾਣਕਾਰੀ ਦਿੱਤੀ। ਇਨ੍ਹਾਂ ਨੇ ਭਾਈ ਖਾਲੜਾ ਦੇ ਜੀਵਨ ਅਤੇ ਸੰਘਰਸ਼ ਬਾਰੇ ਲਿਖੀ ਕਿਤਾਬ ਦੇ ਅੰਗਰੇਜ਼ੀ ਅਨੁਵਾਦ ਦੀ ਵਿਸ਼ੇਸ਼ਤਾ ਬਾਰੇ ਹਾਜਰ ਸਿੱਖ ਨੌਜਵਾਨਾਂ ਨੂੰ ਜਾਣਕਾਰੀ ਦਿੱਤੀ। ਭਾਈ ਅਮਰਜੀਤ ਸਿੰਘ ਖਾਲੜਾ ਨੇ ਆਖਿਆ ਕਿ ਸਾਨੂੰ ਕੇਵਲ ਮਨੁੱਖੀ ਹੱਕਾਂ ਦੇ ਸੰਘਰਸ਼ ਤੱਕ ਹੀ ਸੀਮਤ ਨਹੀ ਰਹਿਣਾਂ ਚਾਹੀਦਾ ਬਲਕਿ ਸਿੱਖ ਸ਼ਹੀਦਾਂ ਦੇ ਸੁਪਨਿਆਂ ਦਾ ਸੰਸਾਰ ਸਿਰਜਣ ਲਈ ਸਿਧਾਂਤਕ ਰਾਜਨੀਤੀ ਨੂੰ ਵੀ ਅੱਗੇ ਵਧਾਉਣਾਂ ਚਾਹੀਦਾ ਹੈ।
ਇਸ ਮੌਕੇ ਤੇ ਹਾਜਰ ਸਨ,ਭਾਈ ਸਤਨਾਮ ਸਿੰਘ,ਭਾਈ ਰਾਜਿੰਦਰ ਸਿੰਘ ਜੋ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਭਰਾਤਾ ਹਨ,ਭਾਈ ਦਰਸ਼ਨ ਸਿੰਘ, ਗੁਰਮੀਤ ਸਿੰਘ ਸਿੱਧੂ ਅਤੇ ਜਗਜੀਤ ਸਿੰਘ ਜੀਤਾ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।