ਨਵੀਂ ਦਿੱਲੀ, 3 ਜੂਨ (ਮਨਪ੍ਰੀਤ ਸਿੰਘ ਖਾਲਸਾ):- ਅਕਾਲ ਤਖਤ ਸਾਹਿਬ ਸਿੱਖ ਕੌਮ ਵਿੱਚ ਮੀਰੀ-ਪੀਰੀ ਦਾ ਸਰਬਉੱਚ ਅਸਥਾਨ ਹੈ, ਹਰ ਗੁਰਸਿੱਖ ਦਾ ਸਮਰਪਿਤ ਹੋਣਾ ਨੈਤਿਕ ਫਰਜ਼ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਕੇ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਜਨਰਲ ਸਕੱਤਰ ਸਤਿੰਦਰ ਪਾਲ ਸਿੰਘ ਮੰਗੂਵਾਲ ਅਤੇ ਮੈਂਬਰ ਮਨਜੀਤ ਸਿੰਘ ਸਮਰਾ ਨੇ ਕਿਹਾ ਕਿ ਜਥੇਦਾਰ ਸਾਹਿਬ ਨਾਲ ਸਹਿਮਤੀ-ਅਸਿਹਮਤੀ ਅਤਿ ਸੰਵੇਦਨਸ਼ੀਲ ਅਤੇ ਗੰਭੀਰ ਵਿਸ਼ੇ ਹਨ। ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਰਾਏ ਸਾਹਿਬ ਵੱਲੋਂ ਅਕਾਲ ਤਖਤ ਸਾਹਿਬ ਦੀ ਸਿਰਜਨਾ ਕਰਨ ਤੋਂ ਲੈ ਕੇ ਚੱਲੀਆਂ ਆ ਰਹੀਆਂ ਮਰਿਯਾਦਾਵਾਂ ਅਤੇ ਪ੍ਰੰਪਰਾਵਾ ਅਨੁਸਾਰ ਹੀ ਨਿਯੁਕਤੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਨਿਯੁਕਤੀ ਦੌਰਾਨ ਜਾਂ ਵਿਚਰਦੇ ਸਮੇਂ ਉਨ੍ਹਾਂ ਵਿੱਚ ਕਿਸੇ ਹੋਈ ਕਮੀ ਜਾਂ ਅਣਗਹਿਲੀ ਪ੍ਰਤੀ ਆਪਣੇ ਵਿਚਾਰ ਯੋਗ ਢੰਗ ਨਾਲ ਪਹੁੰਚਾਉਣੇ ਚਾਹੀਦੇ ਹਨ। ਇਸ ਸਚਾਈ ਤੋਂ ਕੋਈ ਵੀ ਇਨਕਾਰੀ ਨਹੀਂ ਹੋ ਸਕਦਾ ਕਿ ਅਕਾਲ ਤਖਤ ਸਾਹਿਬ, ਇਸਦੇ ਸਕੱਤਰੇਤ ਤੇ ਹੋਰ ਸਭ ਸੰਸਾਧਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ (ਅੰਮ੍ਰਿਤਸਰ) ਵੱਲੋਂ ਨਿਯੁਕਤ ਕੀਤੇ ਜਾ ਰਹੇ ਜਥੇਦਾਰ ਸਾਹਿਬਾਨ ਕੋਲ ਹੀ ਚਲੇ ਆ ਰਹੇ ਹਨ। ਸ਼੍ਰੋਮਣੀ ਕਮੇਟੀ ਦਾ ਫਰਜ ਬਣਦਾ ਹੈ ਕਿ ਉਹ ਨਿਰਪੱਖ ਹੋ ਕੇ ਕੌਮੀ ਭਾਵਨਾਵਾਂ ਦੀ ਤਰਜਮਾਨੀ ਕਰੇ ਅਤੇ ਹਰ ਸਿੱਖ ਅਤੇ ਸਿੱਖ ਸੰਸਥਾਵਾਂ ਨੂੰ ਵੀ ਬੇਨਤੀ ਹੈ ਕਿ ਕੋਈ ਵੀ ਐਸੀ ਕਾਰਵਾਈ ਨਾਂ ਕੀਤੀ ਜਾਵੇ ਜਿਸ ਨਾਲ ਕੌਮ ਹੋਰ ਖੇਰੂੰ ਖੇਰੂੰ ਹੋਵੇ, ਹਾਕਮਾਂ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਲਾਗੂ ਕਰਵਾਉਣ ਵਿੱਚ ਸਹਾਈ ਨਾ ਹੋਈਏ। ਜੂਨ 1984 ਵਿੱਚ ਵਾਪਰੇ ਘੱਲੂਘਾਰੇ ਦੌਰਾਨ ਹੋਏ ਸ਼ਹੀਦਾਂ ਨੂੰ ਪੰਥਕ ਰਵਾਇਤਾਂ ਅਨੁਸਾਰ ਸ਼ਰਧਾਂਜ਼ਲੀ ਭੇਂਟ ਕਰੀਏ ਕੌਮੀ ਹੱਕਾਂ ਦੀ ਪ੍ਰਾਪਤੀ ਲਈ ਏਕਤਾ ਲਈ ਸੁਹਿਰਦ ਯਤਨ ਕਰੀਏ, ਸੱਤਾ ਪਰਾਪਤੀ ‘ਤੇ ਹੋਰ ਪਦਾਰਥਵਾਦ ਦੀ ਹਵਸ ਖਾਤਰ ਪੰਥ ਵਿਰੋਧੀ ਤਾਕਤਾਂ ਨਾਲ ਸਾਂਝ ਰੱਖਣ ਵਾਲਿਆਂ ਨੂੰ ਵੀ ਬੇਨਤੀਆਂ ਕਰੀਏ ਕਿ ਗੁਰੂ ਸਾਹਿਬ ਦੀ ਸ਼ਰਨ ਵਿੱਚ ਆ ਕੇ ਬੇਦਾਵੇ ਪੜਵਾਉ ਅਤੇ ਅਰਦਾਸ ਵਿੱਚ ਪੜ੍ਹੇ ‘ਤੇ ਬੋਲੇ ਜਾਂਦੇ ਦੋਹਿਰੇ ਖੁਆਰ ਹੋਏ ਸਭ ਮਿਲੇਗੇ ਬਚੇ ਸ਼ਰਨ ਜੋ ਹੋਏ ਨੂੰ ਸਾਕਾਰ ਕਰਨ ਲਈ ਸੁਹਿਰਦ ਯਤਨ ਕਰੀਏ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।