ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫੁਰਮਾਨ ‘ਚਲਿਆ ਪਤਿ ਸਿਉ ਜਨਮੁ ਸਵਾਰ ਵਾਜਾ ਵਾਇਸੀ’ ਅਨੁਸਾਰ, ਗੁਰਸਿੱਖੀ ਜੀਵਨ ਜੀਅ ਕੇ, ਨਾਮ ਬਾਣੀ ਦੇ ਲਾਹੇ ਲੈ ਕੇ ਅਤੇ ਮੌਜੂਦਾ ਸਿੱਖ ਸੰਘਰਸ਼ ਵਿੱਚ ਆਪਣਾ ਹਿੱਸਾ ਪਾ ਕੇ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਦੇ ਜਨਰਲ ਸਕੱਤਰ ਭਾਈ ਮਹਿਲ ਸਿੰਘ ਜੀ ਬੱਬਰ ਗੁਰਪੁਰੀ ਸਿਧਾਰ ਗਏ ਹਨ ।
ਭਾਈ ਸਾਹਿਬ ਨੇ ਪੰਥ ਦੀ ਵੱਖ ਵੱਖ ਖੇਤਰਾਂ ਅੰਦਰ ਬਹੁਤ ਲੰਬਾ ਸਮਾਂ ਸੇਵਾ ਕੀਤੀ । ਉਨ੍ਹਾਂ ਨੇ ਗੁਰੂ ਸਾਹਿਬ ਦੇ ਹੁਕਮਾਂ ਉਤੇ ਪਹਿਰਾ ਦਿੰਦਿਆਂ ਸਿੱਖੀ ਦੀ ਆਨ ਸ਼ਾਨ ਨੂੰ ਕਾਇਮ ਰੱਖਣ ਲਈ ਅਤੇ ਸਿੱਖਾਂ ਦੇ ਅਜ਼ਾਦ ਘਰ ਦੀ ਪ੍ਰਾਪਤੀ ਲਈ ਮੌਜੂਦਾ ਸਿੱਖ ਸੰਘਰਸ਼ ਵਿੱਚ ਅਹਿਮ ਰੋਲ ਨਿਭਾਇਆ । ਭਾਈ ਸਾਹਿਬ ਜ਼ਾਲਮ ਵੱਲੋਂ ਕੀਤੇ ਹਰ ਵਾਰ ਸਾਹਮਣੇ ਅਡੋਲ ਰਹੇ, ਪਰਿਵਾਰ ਉੱਤੇ ਹੋਏ ਜ਼ੁਲਮ ਨੂੰ ਖਿੜੇ ਮੱਥੇ ਸਹਾਰਦਿਆਂ ਆਪਣੇ ਆਖਰੀ ਸਾਹ ਤੱਕ ਸੰਘਰਸ਼ਸ਼ੀਲ ਰਹੇ ।
ਦਾਸ ਦਾ ਪਿਛਲੇ 50 ਸਾਲ ਤੋਂ ਭਾਈ ਸਾਹਿਬ ਦੇ ਨਾਲ ਇੱਕ ਬਹੁਤ ਵਧੀਆ ਪਿਆਰ ਵਾਲਾ ਰਿਸ਼ਤਾ ਸੀ । ਸਾਡੇ ਇਸ ਰਿਸ਼ਤੇ ਦੀ ਸ਼ੁਰੂਆਤ ਅਖੰਡ ਕੀਰਤਨੀ ਜਥੇ ਦੇ ਸਮਾਗਮਾਂ ਵਿੱਚ ਹਾਜਰੀ ਭਰਨ ਤੋਂ ਸ਼ੁਰੂ ਹੋਈ ਸੀ ਜਿੱਥੇ ਸਾਡੀ ਮੁਲਾਕਾਤ ਹੋਈ ਸੀ । ਇਹ ਮੁਲਾਕਾਤ ਬਾਅਦ ਵਿੱਚ ਪਿਆਰ ਅਤੇ ਸਤਿਕਾਰ ਭਰੇ ਇੱਕ ਲੰਬੇ ਰਿਸ਼ਤੇ ਵਿੱਚ ਤਬਦੀਲ ਹੋ ਗਈ । 1978 ਦੇ ਸਾਕੇ ਤੋਂ ਬਾਅਦ ਮੌਜੂਦਾ ਸਿੱਖ ਸੰਘਰਸ਼ ਵਿੱਚ ਵੀ ਅਸੀਂ ਕੱਠਿਆਂ ਪੈਰ ਪਾਇਆ ਸੀ । ਪਿਛਲੇ ਪੰਜਾਹ ਸਾਲਾਂ ਤੋਂ ਇਕੱਠਿਆਂ ਮਿਲ ਕੇ ਅਸੀਂ ਪੰਥਕ ਪਿੜ ਵਿੱਚ ਸੇਵਾ ਕੀਤੀ ।
ਜੂਨ 1984 ਨੂੰ ਜਦੋਂ ਭਾਰਤੀ ਫੌਜ ਨੇ ਸਿੱਖਾਂ ਦੇ ਸਰਬ-ਉੱਚ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਘੇਰਾ ਪਾ ਕੇ ਹਮਲਾ ਕੀਤਾ ਸੀ ਤਾਂ ਉਸ ਸਮੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਕੌਮ ਨੂੰ ਟਰਾਂਸਮੀਟਰ ਰਾਹੀਂ ਸੁਨੇਹਾ ਦੇਣ ਲਈ ਭਾਈ ਸਾਹਿਬ ਵੱਲੋਂ ਟੈਕਨੀਕਲ ਕੋਸ਼ਿਸ਼ ਕੀਤੀ ਸੀ । ਹਮਲੇ ਦੌਰਾਨ ਜਦੋਂ ਭਾਈ ਸਾਹਿਬ ਸੰਤ ਭਿੰਡਰਾਂਵਾਲਿਆਂ ਨੂੰ ਮਿਲਣ ਜਾ ਰਹੇ ਸਨ ਤਾਂ ਫੌਜ ਵੱਲੋਂ ਭਾਰੀ ਗੋਲੀਬਾਰੀ ਕੀਤੀ ਗਈ ਪਰ ਉਹ ਭਾਈ ਸਾਹਿਬ ਨੂੰ ਨੁਕਸਾਨ ਨਹੀਂ ਸੀ ਪਹੁੰਚਾ ਸਕੇ ।
ਭਾਈ ਮਹਿਲ ਸਿੰਘ ਜੀ ਨੂੰ ਜਥੇਦਾਰ ਸੁਖਦੇਵ ਸਿੰਘ ਬੱਬਰ ਦੇ ਵੱਡੇ ਭਰਾਤਾ ਹੋਣ ਕਰਕੇ ਜਥੇਬੰਦੀ ਦੇ ਸਾਰੇ ਸਿੰਘ ਵੱਡੇ ਭਰਾ ਵਾਲਾ ਸਤਿਕਾਰ ਦਿੰਦੇ ਸਨ ਅਤੇ ਸਾਰੇ ਹੀ ਉਹਨਾਂ ਨੂੰ ਸਤਿਕਾਰ ਨਾਲ ‘ਭਾਈ ਸਾਹਿਬ’ ਕਹਿ ਕੇ ਸੰਬੋਧਨ ਕਰਦੇ ਸੀ । ਭਾਈ ਸਾਹਿਬ ਦਾ ਸੁਭਾਅ ਵੀ ਬਹੁਤ ਮਿਲਾਪੜਾ ਸੀ । ਉਹਨਾਂ ਦੇ ਚਲੇ ਜਾਣ ਨਾਲ ਜਿੱਥੇ ਸੰਘਰਸ਼ ਦਾ ਸਾਡਾ ਇੱਕ ਸਾਥੀ ਘੱਟ ਹੋਇਆ ਹੈ ਉੱਥੇ ਅਸੀਂ ਇਕ ਵੱਡੇ ਭਰਾ ਤੋਂ ਵੀ ਵਾਂਝੇ ਹੋ ਗਏ ਹਾਂ ।
ਕੌਮ ਪ੍ਰਤੀ ਫਰਜ ਨੂੰ ਨਿਭਾਉਂਦੇ ਹੋਏ ਗੁਰਪੁਰੀ ਸਿਧਾਰ ਗਏ ਭਾਈ ਸਾਹਿਬ ਨੂੰ ਸਮੁੱਚੀ ਜਥੇਬੰਦੀ ਸ਼ਰਧਾ ਦੇ ਫੁੱਲ ਅਰਪਣ ਕਰਦੀ ਹੈ । ਸਾਡੀ ਸਮੂਹ ਪੰਥ ਦਰਦੀ ਸੰਗਤਾਂ ਨੂੰ ਅਪੀਲ ਹੈ ਕਿ ਉਹ ਭਾਈ ਸਾਹਿਬ ਪ੍ਰਥਾਏ ਵੱਧ ਤੋਂ ਵੱਧ ਸਹਿਜ ਪਾਠ ਸਾਹਿਬ, ਅਖੰਡ ਪਾਠ ਸਾਹਿਬ ਅਤੇ ਕੀਰਤਨ ਸਮਾਗਮ ਆਯੋਜਿਤ ਕਰਨ ਅਤੇ ਉਨ੍ਹਾਂ ਪ੍ਰਤੀ ਗੁਰੂ ਚਰਨਾਂ ਵਿੱਚ ਅਰਦਾਸਾਂ ਕਰਨ ।
ਭਾਈ ਮਹਿਲ ਸਿੰਘ ਬੱਬਰ ਦਾ ਲੰਮਾਂ ਸੰਘਰਸ਼ ਕੌਮ ਲਈ ਇੱਕ ਚਾਨਣ ਮੁਨਾਰਾ ਹੈ । ਉਹਨਾਂ ਦੀ ਸੇਵਾ ਅਤੇ ਅਡੋਲ ਸੰਘਰਸ਼ ਤੋਂ ਸੇਧ ਲੈ ਕੇ ਅਜ਼ਾਦੀ ਪ੍ਰਾਪਤੀ ਦੇ ਸੰਘਰਸ਼ ਵਿੱਚ ਕੁਦਣਾ ਹੀ ਭਾਈ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ।
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।