ਅੰਮ੍ਰਿਤਸਰ, 27 ਫਰਵਰੀ
ਭਾਰਤ ਮਾਲਾ ਪ੍ਰਾਜੈਕਟ ਹੇਠ ਦਿੱਲੀ ਅੰਮ੍ਰਿਤਸਰ ਕਟੜਾ ਨੈਸ਼ਨਲ ਹਾਈਵੇ ਦੇ ਚੱਲ ਰਹੇ ਕੰਮ ਦੌਰਾਨ ਇੱਥੇ ਅੰਮ੍ਰਿਤਸਰ ਅਤੇ ਤਰਨ ਤਾਰਨ ਵਿਚਾਲੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਕੰਮ ਕਰ ਰਹੀ ਇੱਕ ਕੰਪਨੀ ਨੂੰ ਦਿੱਤਾ ਗਿਆ ਠੇਕਾ ਰੱਦ ਕੀਤੇ ਜਾਣ ਕਾਰਨ ਇਸ ਕੰਮ ਵਿੱਚ ਖੜੋਤ ਆ ਗਈ ਹੈ ਅਤੇ ਇਸ ਦਾ ਪਰਛਾਵਾਂ ਪ੍ਰਾਜੈਕਟ ’ਤੇ ਪੈਣ ਦੀ ਸੰਭਾਵਨਾ ਹੈ। ਜਾਣਕਾਰੀ ਮੁਤਾਬਕ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐਨ ਐਚ ਏ ਆਈ) ਨੇ ਬੀਤੇ ਦਿਨ ਸਬੰਧਤ ਕੰਪਨੀ ਨੂੰ ਇੱਕ ਪੱਤਰ ਭੇਜ ਕੇ ਇਹ ਇਕਰਾਰਨਾਮਾ ਖਤਮ ਕਰਨ ਬਾਰੇ ਸੂਚਿਤ ਕੀਤਾ ਹੈ। ਇਸ ਕੰਪਨੀ ਵੱਲੋਂ ਤਰਨ ਤਾਰਨ ਜ਼ਿਲ੍ਹੇ ਹੇਠ ਆਉਂਦੇ ਪਿੰਡ ਧੂੰਦਾ ਵਿਖੇ ਇਸ ਨੈਸ਼ਨਲ ਹਾਈਵੇ ਸਬੰਧੀ ਕੰਮ ਕੀਤਾ ਜਾ ਰਿਹਾ ਸੀ।
ਐੱਨਐੱਚਏਆਈ ਦੇ ਇਸ ਪ੍ਰਾਜੈਕਟ ਤਹਿਤ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਧੂੰਦਾ ਤੋਂ ਲੈ ਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮਾਨਾਵਾਲਾ ਤੱਕ ਮਾਰਗ ਦੀ ਉਸਾਰੀ ਹੋਣੀ ਹੈ , ਜਿਸ ਦਾ ਕੰਮ ਇਸ ਕੰਪਨੀ ਨੂੰ ਸੌਂਪਿਆ ਗਿਆ ਸੀ। ਹੁਣ ਕੁਝ ਤਕਨੀਕੀ ਕਾਰਨਾਂ ਕਰਕੇ ਇਸ ਕੰਪਨੀ ਕੋਲੋਂ ਉਸਾਰੀ ਸਬੰਧੀ ਕੰਮ ਦਾ ਠੇਕਾ ਰੱਦ ਕਰ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਕੰਪਨੀ ਦੇ ਇੱਕ ਉੱਚ ਅਧਿਕਾਰੀ ਅਬਦੁੱਲਾ ਖਾਨ ਵੱਲੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਕੌਮੀ ਮਾਰਗ ਵਾਸਤੇ ਲੋੜੀਂਦੀ ਜ਼ਮੀਨ ਪ੍ਰਾਪਤ ਨਾ ਹੋਣਾ ਵੀ ਇੱਕ ਕਾਰਨ ਹੈ। ਇਸ ਦੌਰਾਨ ਦੋਵਾਂ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੇ ਇਸ ਕੌਮੀ ਮਾਰਗ ਵਾਸਤੇ ਲੋੜੀਂਦੀ ਜ਼ਮੀਨ ਪ੍ਰਾਪਤ ਨਾ ਹੋਣ ਸਬੰਧੀ ਦੋਸ਼ਾਂ ਨੂੰ ਨਕਾਰਿਆ ਅਤੇ ਕਿਹਾ ਕਿ ਠੇਕਾ ਰੱਦ ਹੋਣ ਦੇ ਹੋਰ ਕਾਰਨ ਹਨ।
ਉਧਰ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਭਾਰਤ ਮਾਲਾ ਪ੍ਰਾਜੈਕਟ ਅਧੀਨ ਅੰਮ੍ਰਿਤਸਰ ਨਾਲ ਕੌਮੀ ਸ਼ਾਹਮਾਰਗ ਨੂੰ ਜੋੜਨ ਦਾ ਪ੍ਰੋਜੈਕਟ ਸੀਗਲ ਇੰਡੀਆ ਲਿਮਟਿਡ ਕੰਪਨੀ ਅਤੇ ਕ੍ਰਿਸ਼ਨਾ ਕੰਸਟਰੰਕਸ਼ਨ ਨੂੰ ਸੌਂਪਿਆ ਗਿਆ ਸੀ ਜੋ ਹੁਣ ਰੱਦ ਕਰ ਦਿੱਤਾ ਹੈ। ਔਜਲਾ ਨੇ ਕਿਹਾ ਕਿ ਉਹ ਪਹਿਲਾਂ ਵੀ ਸੂਬਾ ਸਰਕਾਰ ਨੂੰ ਇਸ ਮਾਮਲੇ ਵੱਲ ਵਧੇਰੇ ਧਿਆਨ ਦੇਣ ਬਾਰੇ ਸੂਚਿਤ ਕਰ ਚੁੱਕੇ ਹਨ ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਨਵੰਬਰ 2023 ਵਿੱਚ ਜਦੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਚੱਲ ਰਹੇ ਕੰਮ ਦੀ ਸਮੀਖਿਆ ਲਈ ਦੌਰਾ ਕੀਤਾ ਸੀ ਤਾਂ ਉਸ ਵੇਲੇ ਵੀ ਪੰਜਾਬ ਸਰਕਾਰ ਨੂੰ ਸੂਚਿਤ ਕੀਤਾ ਗਿਆ ਸੀ ਕਿ ਇਸ ਪ੍ਰੋਜੈਕਟ ਦਾ ਕੰਮ ਸੁਚਾਰੂ ਢੰਗ ਨਾਲ ਨਹੀਂ ਚੱਲ ਰਿਹਾ ਹੈ ਤੇ ਲੋੜੀਦੀ ਜ਼ਮੀਨ ਅਜੇ ਤੱਕ ਐਕੁਆਇਅਰ ਨਹੀਂ ਕੀਤੀ ਗਈ।
ਔਜਲਾ ਨੇ ਕਿਹਾ ਕਿ ਐਨਐਚਏਆਈ ਵੱਲੋਂ 104 ਕਿਲੋਮੀਟਰ ਲੰਬੇ ਪ੍ਰੋਜੈਕਟ ਦਾ ਕੰਮ ਪਹਿਲਾਂ ਹੀ ਰੋਕ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ 293 ਕਿਲੋਮੀਟਰ ਮਾਰਗ ਬਾਰੇ ਵੀ ਚੇਤਾਵਨੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਸੰਸਦ ਵਿੱਚ ਉਠਾਉਣਗੇ ਅਤੇ ਇਸ ਪ੍ਰਾਜੈਕਟ ਨੂੰ ਹਰ ਹਾਲਤ ਵਿੱਚ ਪੂਰਾ ਕਰਵਾਇਆ ਜਾਵੇਗਾ। ਦੱਸਣਯੋਗ ਹੈ ਕਿ ਇਸ ਨੈਸ਼ਨਲ ਹਾਈਵੇ ਦਾ ਕਰੀਬ 399 ਕਿਲੋਮੀਟਰ ਦਾ ਹਿੱਸਾ ਪੰਜਾਬ ਵਿੱਚ ਲੱਗਦਾ ਹੈ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।