ਫਰੈਂਕਫੋਰਟ 15 ਦਸੰਬਰ (ਖਿੜਿਆ ਪੰਜਾਬ) ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਦੇ ਹਫਤਾਵਰੀ ਦੀਵਾਨ ਵਿੱਚ ਵੱਖ ਵੱਖ ਬੁਲਾਰਿਆਂ ਵੱਲੋਂ ਆਪਣੇ ਵਿਚਾਰ ਦਿੰਦਿਆਂ 2 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਤੇ ਇਸ ਦੀ ਜੁੰਡਲੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਨਮੁੱਖ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ, ਸਿੱਖ ਨੌਜਵਾਨੀ ਦਾ ਘਾਣ ਕਰਨ ਵਾਲੇ ਜ਼ਾਲਮ ਪੁਲਿਸ ਵਾਲਿਆਂ ਦੀ ਪੁਸ਼ਤਪਨਾਹੀ, ਸਿਰਸੇ ਵਾਲੇ ਸਾਧ ਨੂੰ ਆਪਣੇ ਮੁਲਾਜ਼ਮ ਜਥੇਦਾਰਾਂ ਤੋਂ ਬਿਨਾਂ ਮੰਗਿਆਂ ਮੁਆਫ਼ੀ ਵਰਗੇ ਆਪਣੇ ਬੱਜਰ ਗੁਨਾਹਾਂ ਨੂੰ ਕਬੂਲ ਕਰਕੇ ਗੁਰੂ ਗ੍ਰੰਥ ਤੇ ਪੰਥ ਨਾਲ ਪਿਆਰ ਕਰਨ ਵਾਲੇ ਜੋ ਲੰਬੇ ਅਰਸੇ ਤੋਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਇਹਨਾਂ ਦੀ ਜੀ ਹਜ਼ੂਰੀ ਜੁੰਡਲੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿੱਖਾਂ ਦੀਆਂ ਸਿਰਮੌਰ ਸੰਸਥਾਂ ਨੂੰ ਆਪਣੇ ਰਾਜਸੀ ਲਾਲਸਾਵਾਂ ਦੀ ਖ਼ਾਤਰ ਇਹਨਾਂ ਮਹਾਨ ਸੰਸਥਾਵਾਂ ਦੇ ਸਿਧਾਂਤਾਂ ਦਾ ਰੱਜ ਕੇ ਘਾਣ ਹੀ ਨਹੀਂ ਕੀਤਾ ਸਗੋਂ ਇਹਨਾਂ ਦੀ ਆਪਣੇ ਵਿਰੋਧੀਆਂ ਲਈ ਰੱਜ ਕੇ ਇਸਤੇਮਾਲ ਕਰਨ ਦੇ ਲਗਾਏ ਗਏ ਦੋਸ਼ਾਂ ਤੇ ਮੋਹਰ ਲਗਾਈ ਹੈ ।
ਅਕਾਲੀ ਦਲ ਦੇ ਲੀਡਰਾਂ ਦੇ ਇਹਨਾਂ ਗੁਨਾਹਾਂ ਕਰਕੇ ਸਿੱਖ ਕੌਮ ਨੇ ਇਹਨਾਂ ਦੀਆਂ ਕੁਰਸੀ ਪ੍ਰਾਪਤ ਕਰਨ ਦੀਆਂ ਲਾਲਸਾਵਾਂ ਨੂੰ ਨਿਕਾਰ ਦਿੱਤੇ ਜਾਣ ਕਰਕੇ ਇਹਨਾਂ ਦੀ ਮਜਬੂਰੀ ਬਣ ਗਈ ਸੀ ਤਾਂ ਹੀ ਇਹਨਾਂ ਨੇ ਬੱਜਰ ਗੁਨਾਹ ਨੂੰ ਮੰਨ ਲਿਆ । ਅਕਾਲ ਤਖਤ ਸਾਹਿਬ ਤੋਂ ਬਾਦਲ ਦਲ ਵੱਲੋਂ ਬਣਾਏ ਜਥੇਦਾਰਾਂ ਵੱਲੋਂ ਜੋ ਧਾਰਮਿਕ ਸਜ਼ਾ ਦਿੱਤੀ ਗਈ ਤੇ ਉਸ ਸਜ਼ਾ ਦੇ ਨਾਮ ਹੇਠ ਜੋ ਡਰਾਮਾ ਕੀਤਾ ਜਾ ਰਿਹਾ ਸੀ ਉਸ ਨੂੰ ਸਿੱਖ ਕੌਮ ਦੀ ਅਜ਼ਾਦੀ ਦੇ ਸਿਪਾਹ ਸਲਾਰ ਭਾਈ ਨਰੈਣ ਸਿੰਘ ਚੌੜਾ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਹੋਇਆਂ ਇੱਕ ਖੜਾਕ ਕਰਕੇ ਨੰਗਾ ਕਰ ਦਿੱਤਾ । ਭਾਈ ਨਰਾਇਣ ਸਿੰਘ ਦੇ ਚੁੱਕੇ ਕਦਮ ਨਾਲ ਇਹਨਾਂ ਦੰਭੀਆਂ ਦੀ ਅਸਲੀਅਤ ਬਾਹਰ ਲਿਆ ਦਿੱਤੀ ।
ਬਾਦਲਾਂ ਦੇ ਚਾਪਲੂਸ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ ਅੰਤਰਿੰਗ ਕਮੇਟੀ ਨੇ ਭਾਈ ਨਰੈਣ ਸਿੰਘ ਚੌੜਾ ਨੂੰ ਜੋ ਪੰਥ ਵਿੱਚੋਂ ਛੇਕਣ ਦਾ ਮਤਾ ਪਾਇਆ ਹੈ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਦੀ ਪ੍ਰਬੰਧਕ ਕਮੇਟੀ ਦੇ ਭਾਈ ਗੁਰਦਿਆਲ ਸਿੰਘ ਲਾਲੀ, ਭਾਈ ਅਨੂਪ ਸਿੰਘ, ਭਾਈ ਗੁਰਚਰਨ ਸਿੰਘ ਗੁਰਾਇਆ ਤੇ ਭਾਈ ਹੀਰਾ ਸਿੰਘ ਮੱਤੇਵਾਲ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਤੇ ਸੰਗਤਾਂ ਕੋਲੋਂ ਜੈਕਾਰਿਆਂ ਨਾਲ ਪ੍ਰਵਾਨਗੀ ਲੈਂਦਿਆਂ ਹੋਇਆਂ ਜਥੇਦਾਰਾਂ ਨੂੰ ਚੇਤੰਨ ਕੀਤਾ ਕਿ ਭਾਈ ਚੌੜਾ ਨੂੰ ਛੇਕਣ ਦਾ ਫੈਸਲਾ ਕਰਨ ਤੋਂ ਪਹਿਲਾ ਬਾਦਲਾਂ ਦੇ ਮੁਲਾਜ਼ਮ ਜਥੇਦਾਰ ਗੁਰਬਚਨ ਸਿੰਘ ਵੱਲੋਂ ਸਿਰਸੇ ਵਾਲੇ ਨੂੰ ਦਿੱਤੀ ਮੁਆਫ਼ੀ ਤੋਂ ਬਾਅਦ ਜੋ ਹਸ਼ਰ ਹੋਇਆ ਸੀ ਉਸ ਨੂੰ ਯਾਦ ਰੱਖਣ । ਬੁਲਾਰਿਆਂ ਨੇ ਵਿਚਾਰ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਪ੍ਰਤੀ ਵਰਤੀ ਭੱਦੀਸ਼ਬਦਾਲੀ ਜੱਗ ਜ਼ਾਹਰ ਹੋ ਚੁੱਕੀ ਹੈ ਤੇ ਇਸੇ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਪ੍ਰਤੀ ਬਾਦਲਾਂ ਦੇ ਆਈ ਟੀ ਸੈੱਲ ਵੱਲੋ ਬਹੁਤ ਨੀਵੇਂ ਪੱਧਰ ਦੇ ਕੀਤੇ ਜਾ ਰਹੇ ਪ੍ਰਚਾਰ ਨੇ ਸਾਬਤ ਕਰ ਦਿੱਤਾ ਕਿ ਬਾਦਲਾਂ ਤੇ ਇਹਨਾਂ ਦੀ ਜੁੰਡਲੀ ਨੇ ਬੀਤੇ ਤੋਂ ਕੋਈ ਸਬਕ ਨਹੀਂ ਸਿੱਖਿਆ ।
ਇਸ ਮੌਕੇ ਭਾਈ ਨਰੈਣ ਸਿੰਘ ਚੌੜਾ ਦੇ ਹੱਕ ਵਿੱਚ 18 ਦਸਬੰਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਕੀਤੇ ਜਾ ਰਹੇ ਪੰਥਕ ਇੱਕਠ ਵਿੱਚ ਸਮੂਹ ਪੰਥ ਦਰਦੀਆਂ ਨੂੰ ਵੱਧ ਤੋਂ ਵੱਧ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।