ਅੰਮ੍ਰਿਤਸਰ 18 ਅਕਤੂਬਰ (ਖਿੜਿਆ ਪੰਜਾਬ) ਪਿਛਲਝਾਤ ਤੁਹਾਨੂੰ ਤੁਹਾਡੇ ਗਹਿਰੇ ਅਤੀਤ ਵੱਲ ਲੈ ਤੁਰਦੀ ਹੈl ਫ਼ਖ਼ਰਨੁਮਾ ਅਤੀਤ ਆਪਣੇ ਦੈਵੀ ਕਰਮਾਂ ਦੀ ਰਹਿਤਲ ਵਿੱਚ ਨਿਸ਼ਾਨਦੇਹਿਤ ਹੁੰਦਾ, ਖੁਦ-ਬ-ਖੁਦ ਸੁਨਹਿਰੀ ਭਾਅ ਮਾਰਦਾ ਹੈl ਇਨਸਾਨ ਦੀ ਮੌਜੂਦਾ ਹੋਂਦ ਤੇ ਹੋਣੀ ਦੀ ਪਿੱਠਭੂਮੀ ਵਿੱਚ ਮੁਖ਼ਤਲਿਫ਼ ਕਾਰਕ ਕਿਰਿਆਸ਼ੀਲ ਹੁੰਦੇ ਹਨl ਉਸ ਦਾ ਸਮੁੱਚਾ ਵਜੂਦ ਕਈ ਜੁੱਗਾਂ ਦੀ ਬਜ਼ੁਰਗਾਨ ਤਪੱਸਿਆ ਤੇ ਹੀਲ-ਹੁੱਜਤ ਦਾ ਸ਼ੀਰੀਂ ਫਲ ਹੈl ਆਪਣੇ ਨਿੱਜ ’ਚੋਂ ਖੁਦ ਦਾ ਨਿਕਟ ਅਥਵਾ ਦੂਰ ਭੂਤ ਵੇਖਣਾ ਹੋਵੇ ਤਾਂ ਬੀਤੇ ਕਾਲ ਦੇ ਕੰਧਾੜੇ ’ਤੇ ਸਵਾਰ ਹੋ ਅਮੁੱਕ ਯਾਤਰਾ ਦੇ ਪਾਂਧੀ ਬਣਨਾ ਪੈਂਦਾ ਹੈl
ਬੀਤੀਆਂ ਬਾਤਾਂ ਮੌਖਿਕ ਰੂਪ ਵਿੱਚ ਲੋਕ-ਮਨਾਂ ਤੇ ਪਰੰਪਰਕ ਵਿਧੀ-ਵਿਧਾਨ ’ਚੋਂ ਸਿੱਧੇ-ਅਸਿੱਧੇ ਰੂਪ ਵਿੱਚ ਸੁਸਜਿਤ ਤੇ ਅੰਕੁਰਿਤ ਹੁੰਦੀਆ ਹਨl ਇਸ ਤੋਂ ਇਲਾਵਾ ਤਾਮੀਰਤ ਸਥਾਨ, ਸਮਾਰਕ ਤੇ ਯਾਦਗਾਰਾਂ ਵੀ ਕਿਸੇ ਹੱਦ ਤੱਕ ਤਵਾਰੀਖ਼ ਦੀ ਚੁੱਪ-ਅਚੁੱਪ ਵਿਆਖਿਆ ਕਰਦੀਆਂ ਹਨl ਜਗਿਆਸੂ ਬਿਰਤੀ ਸੰਗ ਡੂੰਘੇ ਹੋ ਨਿਹਾਰੀਏ ਤੇ ਕੁਝ ਢੰਢੋਲਣ ਵੱਲ ਅਗਰਸਰ ਹੋਈਏ ਤਾਂ ਘਟਨਾਵਾਂ ਆਪਣੇ ਆਪ ਬੋਲਣ ਲਗਦੀਆਂ, ਤੁਹਾਡੇ ਨਾਲ ਗੁਫ਼ਤਗੂ ਰਚਾਉਂਦੀਆਂ ਨੇl ਕਈ ਕੜੀਆਂ ਜੁੜਦੀਆਂ ਭਾਸਦੀਆਂ ਨੇ ਤੇ ਗੱਲ ਕਿਸੇ ਤਣ-ਪੱਤਣ ਅਪੜਦੀ ਨਜ਼ਰ ਆਉਂਦੀ ਹੈl
ਇਸੇ ਸੋਚ ਅਧੀਨ ਇਤਿਹਾਸ ਦੀਆਂ ਪੈੜਾਂ ਦੀ ਨਿਸ਼ਾਨਦੇਹੀ ਕਰਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚਾਰ ਵਿਦਿਆਰਥੀਆਂ ਸੁਰਿੰਦਰ ਸਿੰਘ, ਸਤਨਾਮ ਸਿੰਘ ਗੁਰਪ੍ਰੀਤ ਸਿੰਘ ਤੇ ਦਲਜੀਤ ਸਿੰਘ ਦੁਆਰਾ ਬੀਤੇ ਦਿਨੀਂ ਅਜਨਾਲਾ ਤਹਿਸੀਲ ਵਿਚਲੇ ਧਾਰਮਿਕ ਤੇ ਇਤਿਹਾਸਿਕ ਸਥਾਨਾਂ ਦਾ ਦੋ ਦਿਨਾ ਦੌਰਾ ਕੀਤਾ ਗਿਆ ਅਤੇ ਖੋਜ ਲਈ ਲੋੜੀਂਦੇ ਤੱਥ ਇਕੱਤਰ ਕੀਤੇ ਗਏ।
ਇਸ ਯਾਤਰਾ ਦੌਰਾਨ ਖੋਜਾਰਥੀਆਂ ਨੇ ਗੁ. ਮਲ੍ਹਾ ਸਾਹਿਬ (ਮੀਰਾਂਕੋਟ ਖੁਰਦ), ਗੁ. ਜਨਮ ਅਸਥਾਨ ਸ਼ਹੀਦ ਭਾਈ ਮਹਿਤਾਬ ਸਿੰਘ ਜੀ (ਮੀਰਾਂਕੋਟ ਖੁਰਦ), ਗੁ. ਭਾਈ ਅਮਰ ਸਿੰਘ ਜੀ (ਮੀਰਾਂਕੋਟ ਕਲਾਂ), ਗੁ. ਸ਼ਹੀਦ ਬਾਬਾ ਨੱਥਾ ਖਹਿਰਾ ਜੀ (ਮੀਰਾਂਕੋਟ ਕਲਾਂ), ਗੁ. ਰੇਰੂ ਸਾਹਿਬ ਪਾ: ਪੰਜਵੀਂ (ਲੋਹਾਰਕਾ ਕਲਾਂ), ਗੁ. ਪੰਜਵੀਂ ਪਾਤਸ਼ਾਹੀ (ਮੱਲੂ ਨੰਗਲ), ਦਰਗਾਹ ਪੀਰ ਬਾਬਾ ਹਾਜੀ ਸ਼ਾਹ ਜੀ (ਜਗਦੇਵ ਕਲਾਂ), ਯਾਦਗਾਰੀ ਸਰੋਵਰ ਮਹਾਰਾਜਾ ਰਣਜੀਤ ਸਿੰਘ ਜੀ (ਜਗਦੇਵ ਕਲਾਂ), ਗੁ. ਮਹਾਰਾਜਾ ਰਣਜੀਤ ਸਿੰਘ ਜੀ (ਜਗਦੇਵ ਕਲਾਂ), ਗੁ. ਬਾਬਾ ਰਾਮ ਆਸਰਾ ਜੀ (ਸੰਤੂ ਨੰਗਲ), ਗੁ. ਬਾਬਾ ਮੋਹਰ ਸਿੰਘ ਜੀ ਮਹਿਲ ਜੰਡਿਆਲਾ (ਸੰਤੂ ਨੰਗਲ), ਗੁ. ਬਾਬਾ ਲੰਗਰ ਭਗਤ ਸਾਹਿਬ ਜੀ (ਕੰਦੋਵਾਲੀ), ਗੁ. ਡੇਰਾ ਸਾਹਿਬ (ਚੇਤਨਪੁਰਾ), ਗੁ. ਗੁਰੂ ਕਾ ਬਾਗ ਪਾ: ਪੰਜਵੀਂ ਅਤੇ ਨੌਵੀਂ (ਘੁੱਕੇਵਾਲੀ), ਗੁ. ਬਾਉਲੀ ਸਾਹਿਬ (ਘੁੱਕੇਵਾਲੀ), ਗੁ. ਮੋਰਚਾ ਸਾਹਿਬ (ਹਰਸ਼ਾ ਛੀਨਾ), ਗੁ. ਦਮਦਮਾ ਸਾਹਿਬ ਪਾ: ਛੇਵੀਂ (ਭਿੰਡੀਆ ਔਲਖ), ਗੁ. ਬੇਰ ਸਾਹਿਬ ਪਾ: ਪਹਿਲੀ (ਧਰਮਕੋਟ), ਗੁ. ਗੁਰੂ ਨਾਨਕ ਸਾਹਿਬ ਜੀ (ਸੌੜੀਆਂ), ਗੁ. ਬਾਬੇ ਦੀ ਬੇਰ ਪਾ: ਪਹਿਲੀ (ਵੈਰੋਕੇ) ਆਦਿਕ ਧਾਰਮਿਕ ਤੇ ਇਤਿਹਾਕ ਸਥਾਨਾਂ ਦੇ ਦਰਸ਼ਨ ਦੀਦਾਰੇ ਕੀਤੇ ਅਤੇ ਯਾਦਗਾਰੀ ਥਾਂਵਾਂ ਨੂੰ ਨਿਹਾਰਿਆ।
ਖੋਜਾਰਥੀਆਂ ਦੀ ਟੀਮ ਦੇ ਮੈਂਬਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਮਾਝੇ ਵਿਚਲੇ ਧਾਰਮਿਕ ਤੇ ਇਤਿਹਾਸਿਕ ਸਥਾਨਾਂ ਦੀ ਸਾਡੀ ਇਹ ਪੰਜਵੀਂ ਯਾਤਰਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਾਡੀਆਂ ਇਨ੍ਹਾਂ ਯਾਤਰਾਵਾਂ ਦਾ ਮੰਤਵ ਖੇਤਰੀ ਖੋਜ-ਕਾਰਜ ਜ਼ਰੀਏ ਨਵੇਂ ਤੱਥਾਂ ਦੀ ਖੋਜ ਪੜਤਾਲ ਕਰਨਾ ਤੇ ਪ੍ਰਮਾਣਿਕ ਨਤੀਜਿਆਂ ਤੱਕ ਰਸਾਈ ਕਰਨਾ ਹੈ। ਖੋਜਾਰਥੀ ਸਤਨਾਮ ਸਿੰਘ ਨੇ ਕਿਹਾ ਕਿ ਬਦਲਦੇ ਸਮਿਆਂ ਸੰਗ ਇਤਿਹਾਸ ਵਿੱਚ ਕਈ ਵਖਰੇਵੇਂ ਤੇ ਤਬਦੀਲੀਆਂ ਆ ਜਾਂਦੀਆਂ ਹਨ, ਜਿਸ ਨਾਲ ਯਥਾਰਥ ਧੁੰਦਲਾ ਹੋਣ ਲਗਦਾ ਹੈ। ਅਸਲੀਅਤ ਤੱਕ ਪਹੁੰਚਣ ਲਈ ਖੇਤਰੀ ਸਰਵੇਖਣ ਹੀ ਕਾਰਗਰ ਤਰੀਕਾ ਹੈ। ਇਸ ਖੋਜ ਦੌਰੇ ਦੌਰਾਨ ਖੋਜਾਰਥੀਆਂ ਨੇ ਮੱਲੂ ਨੰਗਲ ਦੀ ਲਾਇਬਰੇਰੀ ਵਿੱਚ ਮੌਜੂਦ ਹੱਥ-ਲਿਖਤਾਂ ਦਾ ਅਧਿਐਨ ਕੀਤਾ ਤੇ ਪ੍ਰਬੰਧਕਾਂ ਨੂੰ ਇਨ੍ਹਾਂ ਦੇ ਸਾਂਭ-ਸੰਭਾਲ ਦੇ ਨੁਕਤਿਆਂ ਤੋਂ ਜਾਣੂੰ ਕਰਵਾਇਆ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।