ਖਾਲੜਾ 24 ਅਗਸਤ (ਖਿੜਿਆ ਪੰਜਾਬ) ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ -ਇ-ਦਸਤਾਰ ਲਹਿਰ ਵੱਲੋਂ ਗੁਰੂ ਅਮਰਦਾਸ ਜੀ ਦੇ ਪਰਉਪਕਾਰੀ ਆਗਿਆਕਾਰੀ ਸੇਵਾ ਪੁੰਜ ਭਾਈ ਮਾਈ ਦਾਸ ਜੀ ਦੀ ਸਲਾਨਾ ਯਾਦ ਨੂੰ ਸਮਰਪਿਤ ਗੁਰਦੁਆਰਾ ਮੰਜੀ ਸਾਹਿਬ ਪਿੰਡ ਨਾਰਲੀ ਦੇ ਮੁੱਖ ਸੇਵਾਦਾਰ ਬਾਬਾ ਹਕੀਕਤ ਸਿੰਘ ਜੀ, ਹੈਡ ਗ੍ਰੰਥੀ ਭਾਈ ਗੁਰਸਾਹਿਬ ਸਿੰਘ, ਸ਼ਿੰਗਾਰਾ ਸਿੰਘ ,ਰਛਪਾਲ ਸਿੰਘ ,ਸਰਦੂਲ ਸਿੰਘ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੱਚਿਆਂ ਦੀ ਧਾਰਮਿਕ ਮੁਕਾਬਲੇ ( ਦਸਤਾਰ, ਦੁਮਾਲਾ, ਗੁਰਬਾਣੀ ਕੰਠ ਅਤੇ ਸੁੰਦਰ ਲਿਖਾਈ) ਕਰਵਾਏ ਗਏ, ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਖਾਲੜਾ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਨਾਰਲੀ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੜਕੀਆਂ ਖਾਲੜਾ, ਸ਼ਹੀਦ ਭਗਤ ਸਿੰਘ ਸੀਨੀਅਰ ਸੈਕੈਂਡਰੀ ਸਕੂਲ ਭਿੱਖੀਵਿੰਡ, ਗੁਰੂਕੁਲ ਸਕੂਲ ਭਿੱਖੀਵਿੰਡ ਅਤੇ ਇਲਾਕੇ ਦੇ ਆਸ ਪਾਸ ਦੇ 200 ਤੋਂ ਵੱਧ ਲੜਕੇ ਲੜਕੀਆਂ ਅਤੇ ਸੰਗਤਾਂ ਨੇ ਹਿੱਸਾ ਲਿਆ। ਸੁਸਾਇਟੀ ਵੱਲੋਂ ਉਚੇਚੇ ਤੌਰ ਤੇ ਪਹੁੰਚੇ ਵਾਈਸ ਕਨਵੀਨਰ ਭਾਈ ਹਰਜੀਤ ਸਿੰਘ ਆਸਟਰੇਲੀਆ ਅਤੇ ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ। ਉਨਾਂ ਬੱਚਿਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜਿਸ ਸਮੇਂ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿਖੇ ਬਾਉਲੀ ਦਾ ਨਿਰਮਾਣ ਆਰੰਭ ਕੀਤਾ, ਉਸ ਸਮੇਂ ਭਾਰਤ ਦੇ ਵੱਖ-ਵੱਖ ਕੋਨਿਆਂ ਤੋਂ ਗੁਰਸਿੱਖ ਅਤੇ ਸੰਗਤਾਂ ਨੇ ਤਨ ਮਨ ਧਨ ਨਾਲ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ। ਬੋਲੀ ਦੀ ਸੇਵਾ ਦੀ ਸਮਾਪਤੀ ਤੋਂ ਉਪਰੰਤ ਪੰਜਾਬ ਦੇ ਵੱਖ ਵੱਖ ਖਿਤਿਆਂ ਵਿੱਚ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਦੇਖਦਿਆਂ ਹੋਇਆਂ 22 ਕੇਂਦਰ ਸਥਾਪਿਤ ਕੀਤੇ ਗਏ ਜਿਨਾਂ ਵਿੱਚੋਂ ਪਿੰਡ ਨਾਰਲੀ ਦੇ ਭਾਈ ਮਾਈ ਦਾਸ ਜੀ ਨੂੰ ਮੰਜੀ ਦੀ ਬਖਸ਼ਿਸ਼ ਕਰਕੇ ਇਲਾਕੇ ਦਾ ਪ੍ਰਚਾਰਕ ਨਿਯੁਕਤ ਕੀਤਾ ਗਿਆ। ਆਪਣੀ ਲਿਆਕਤ ਅਤੇ ਗੁਰੂ ਜੀ ਦੀ ਰਹਿਮਤ ਸਦਕਾ ਬੇਅੰਤ ਸੰਗਤਾਂ ਨੂੰ ਉਹਨਾਂ ਨੇ ਗੁਰੂ ਦੇ ਲੜ ਲਾਇਆ । ਸੰਗਤਾਂ ਨੂੰ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਸਵਾਲ ਪੁੱਛੇ ਗਏ ਜਿਨਾਂ ਦਾ ਜਵਾਬ ਦੇਣ ਵਾਲਿਆਂ ਨੂੰ ਮੌਕੇ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਦਸਤਾਰ ਦੁਮਾਲਾ ਮੁਕਾਬਲੇ ਵਿੱਚ ਕੋਆਰਡੀਨੇਟਰ ਹਰਪ੍ਰੀਤ ਸਿੰਘ ਪੱਟੀ, ਜਗਦੀਸ਼ ਸਿੰਘ ਭਿੱਖੀਵਿੰਡ, ਸਾਜਨ ਪ੍ਰੀਤ ਸਿੰਘ ਮੱਖੀ ਕਲਾਂ, ਗੁਰਬਾਣੀ ਕੰਠ ਮੁਕਾਬਲੇ ਵਿੱਚ ਪ੍ਰਚਾਰਕ ਸੁਖਵਿੰਦਰ ਸਿੰਘ ਖਾਲੜਾ ਗ੍ਰੰਥੀ ਗੁਰਦੁਆਰਾ ਭਾਈ ਜਵਾਹਰ ਗੰਗ ਸਿੰਘ ਭਾਈ ਦਿਲਬਾਗ ਸਿੰਘ ਡੱਲ, ਸੁੰਦਰ ਲਿਖਾਈ ਮੁਕਾਬਲੇ ਵਿੱਚ ਭਾਈ ਹਰਚਰਨ ਸਿੰਘ ਉਬੋਕੇ ਮੀਤ ਸਕੱਤਰ, ਭਾਈ ਗੁਰਜੰਟ ਸਿੰਘ ਭਿੱਖੀਵਿੰਡ ਜੋਨਲ ਇੰਚਾਰਜ ਅਤੇ ਮੀਤ ਪ੍ਰਧਾਨ ਭਾਈ ਹੀਰਾ ਸਿੰਘ ਸੋਹਲ ਨੇ ਜੱਜਮੈਂਟ ਦੀ ਭੂਮਿਕਾ ਬਾਖੂਬੀ ਨਿਭਾਈ। ਦਸਤਾਰ , ਦੁਮਾਲਾ ਮੁਕਾਬਲੇ ਵਿੱਚ ਪਹਿਲੇ ਦੂਸਰੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਸੀਲਡਾਂ ਅਤੇ ਦਸਤਾਰਾਂ ਅਤੇ ਬਾਕੀ ਮੁਕਾਬਲਿਆਂ ਵਿੱਚ ਪਹਿਲੇ ਦੂਸਰੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਸੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਲਾਕੇ ਦੀਆਂ ਨਾਮਵਰ ਸ਼ਖਸ਼ੀਅਤਾਂ ਭਾਈ ਬਲਰਾਜ ਸਿੰਘ ਗਿੱਲ ਅਤੇ ਰਛਪਾਲ ਸਿੰਘ ਨੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਹਰੇਕ ਪੱਖ ਤੋਂ ਸਹਿਯੋਗ ਕਰਨ ਦਾ ਭਰੋਸਾ ਦਵਾਇਆ ਅਤੇ ਇਹਨਾਂ ਯਤਨਾਂ ਨੂੰ ਨਿਰੰਤਰ ਜਾਰੀ ਰੱਖਣ ਲਈ ਪ੍ਰੇਰਤ ਕੀਤਾ। ਫੋਨ ਰਾਹੀਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ ਖਜਾਨਚੀ ਮਨਦੀਪ ਸਿੰਘ ਘੋਲੀਆ ਕਲਾਂ ਹਰਜੀਤ ਸਿੰਘ ਲਹਿਰੀ ਆਕਾਸ਼ਦੀਪ ਸਿੰਘ ਪੱਟੀ ਨੇ ਸਕੂਲਾਂ ਤੋਂ ਅਤੇ ਪਿੰਡਾਂ ਸ਼ਹਿਰਾਂ ਤੋਂ ਆਪਣੇ ਬੱਚਿਆਂ ਨੂੰ ਇਹਨਾਂ ਮੁਕਾਬਲਿਆਂ ਵਿੱਚ ਭੇਜਣ ਵਾਲੇ ਪ੍ਰਿੰਸੀਪਲ ਅਧਿਆਪਕ ਸਾਹਿਬਾਨ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕੀਤਾ। ਅਖੀਰ ਤੇ ਸੰਗਤਾਂ ਨੇ ਗੁਰੂ ਕੇ ਲੰਗਰ ਦਾ ਭਰਪੂਰ ਆਨੰਦ ਮਾਣਿਆ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।