ਬੇਗਮ ਪੁਰਾ ਸਹਰ ਕੋ ਨਾਉ ॥
ਦੂਖੁ ਅੰਦੋਹੁ ਨਹੀ ਤਿਹਿ ਠਾਉ ॥
ਨਾਂ ਤਸਵੀਸ ਖਿਰਾਜੁ ਨ ਮਾਲੁ ॥
ਖਉਫੁ ਨ ਖਤਾ ਨ ਤਰਸੁ ਜਵਾਲੁ ॥੧॥
ਅਬ ਮੋਹਿ ਖੂਬ ਵਤਨ ਗਹ ਪਾਈ ॥
ਊਹਾਂ ਖੈਰਿ ਸਦਾ ਮੇਰੇ ਭਾਈ ॥੧॥ ਰਹਾਉ ॥
ਭਗਤੀ ਲਹਿਰ ਦੇ ਸ਼ਰੋਮਣੀ ਭਗਤ ਰਵਿਦਾਸ ਜੀ ਦਾ 647ਵਾਂ ਪ੍ਰਕਾਸ਼ ਉਤਸਵ ਸੰਸਾਰ ਅੰਦਰ ਬਹੁਤ ਹੀ ਸ਼ਰਧਾ ਤੇ ਭਾਵਨਾਂ ਨਾਲ ਮਨਾਇਆਂ ਜਾ ਰਿਹਾ ਹੈ । ਭਗਤ ਰਵਿਦਾਸ ਜੀ ਬ੍ਰਹਮਣਵਾਦ ਵੱਲੋਂ ਪਾਈ ਵਰ੍ਹਣ ਵੰਡ ਦੀ ਅਖੌਤੀ ਨੀਵੀਂ ਸ਼ੁਦਰ ਜਾਤੀ ਨਾਲ ਸਬੰਧਤ ਸਨ । ਜਿਨ੍ਹਾਂ ਤੇ ਬ੍ਰਹਮਣਵਾਦ ਨੇ ਅਕਾਲ ਪੁਰਖ ਦੀ ਬੰਦਗੀ ਕਰਨ ਤੇ ਪਾਬੰਦੀ ਲਾਈ ਹੋਈ ਸੀ ਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਨੂੰ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਜਾਦੇ ਸਨ । ਭਗਤ ਰਵਿਦਾਸ ਜੀ “ ਨੀਚ ਜਾਤ ਹਰਿ ਜਪਤਿਆ ਉਤਮ ਪਦਵੀ ਪਾਏ ਦੇ ਮਹਾਂ ਵਾਕ ਅਨੁਸਾਰ ਅਕਾਲ ਪੁਰਖ ਦੀ ਬੰਦਗੀ ਕਰਕੇ ਉਸ ਨਾਲ ਇਕਮਿਕ ਹੋ ਗਏ ਤੇ ਜੋ ਉਹਨਾਂ ਨੂੰ ਰੱਬੀ ਗਿਆਨ ਪ੍ਰਾਪਤ ਹੋਇਆ ਉਹ ਪੰਜਵੇਂ ਗੁਰੂ ਨਾਨਕ ਦੀ ਜੋਤ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਕੇ ਬ੍ਰਹਮਣਵਾਦ ਦੇ ਪਾਏ ਊਚ ਨੀਚ, ਜਾਤ-ਪਾਤ ਦੇ ਪਾਖੰਡਵਾਦ ਨੂੰ ਸਦੀਵੀਂ ਤੌਰ ਤੇ ਖਤਮ ਕਰ ਦਿੱਤਾ ਸੀ । ਦਸਵੇਂ ਗੁਰੂ ਨਾਨਕ ਦੀ ਜੋਤ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਦੀ ਪਾਹੁਲ ਦੇਣ ਸਮੇਂ ਇੱਕੋ ਬਾਟੇ ਵਿੱਚੋਂ ਪਾਹੁਲ ਛਕਾ ਕੇ ਸਭ ਨੂੰ ਗੁਰ ਭਾਈ ਬਣਾਉਣ ਤੇ ਮਨੁੱਖੀ ਜੀਵਨ ਜਾਂਚ ਦੇ ਖਜ਼ਾਨੇ ਛੇ ਗੁਰੂ ਸਾਹਿਬਾਨਾਂ, 15 ਭਗਤਾਂ, 11 ਭੱਟਾਂ ਤੇ ਤਿੰਨ ਗੁਰਸਿੱਖਾਂ ਦੇ ਰੱਬੀ ਗਿਆਨ ਦੇ ਭੰਡਾਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਕੇ ਸਮੂਹ ਖਾਲਸਾ ਪੰਥ ਨੂੰ ਇਸ ਦੇ ਲੜ ਲਾਇਆ । ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਰਵਿਦਾਸ ਜੀ ਦੇ 16 ਰਾਗਾਂ ਵਿੱਚ 40 ਸ਼ਬਦ ਹਨ ।ਜਿਨ੍ਹਾਂ ਵਿੱਚ ਭਗਤ ਜੀ ਦੇ ਰੱਬੀ ਗਿਆਨ ਤੇ ਬ੍ਰਹਮਣਵਾਦ ਦੇ ਪਾਖੰਡਵਾਦ ਤੇ ਮਾਰੀ ਚੋਟ ਸਾਫ ਝਲਕਾਂ ਮਾਰਦੀ ਹੈ । ਅੱਜ ਸ਼ੈਤਾਨ ਬ੍ਰਿਤੀ ਦੇ ਮਾਲਕ ਬ੍ਰਹਮਣਵਾਦ ਨੇ ਭਗਤ ਰਵਿਦਾਸ ਜੀ ਦੇ ਜੀਵਨ ਬਾਰੇ ਮਨਘੜ੍ਹਤ ਸਾਖੀਆਂ ਘੜ੍ਹਕੇ ਭਗਤ ਰਵਿਦਾਸ ਜੀ ਦਾ ਗੁਰੂ ਬ੍ਰਾਹਮਣ ਤੇ ਉਹਨਾਂ ਨੂੰ ਮੂਰਤੀ ਪੂਜਕ, ਕਰਮਕਾਂਡੀ, ਕਰਾਮਾਤੀ ਦਿਖਾਇਆ ਜਾ ਰਿਹਾ ਹੈ ਤੇ ਇੱਥੋਂ ਤੱਕ ਭਗਤ ਰਵਿਦਾਸ ਜੀ ਦੀ ਜਾਤ ਨਾਲ ਸਬੰਧਤ ਲੋਕ ਵੀ ਭਗਤ ਰਵਿਦਾਸ ਜੀ ਦੇ ਮੁਖਾਰਬਿੰਦ ਤੋ ਉਚਾਰੀ ਰੱਬੀ ਬਾਣੀ ਨੂੰ ਆਪ ਪੜ੍ਹਣ , ਵੀਚਾਰਨ ਤੇ ਉਸ ਉੱਪਰ ਚੱਲਣ ਦੀ ਬਜਾਏ ਬ੍ਰਹਮਣਵਾਦ ਦੇ ਵਿਛਾਏ ਜਾਲ ਵਿੱਚ ਉਲਝਦਾ ਸਾਫ ਨਜ਼ਰ ਆਉਦਾ ਹੈ । ਦੂਜੇ ਪਾਸੇ ਜੇਕਰ ਕੋਈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਿਰ ਝੁਕਾਉਣ ਤੇ ਖੰਡੇ ਦੀ ਪਾਹੁਲ ਲੈਣ ਵਾਲਾ ਸਿੱਖ ਜਾਤ ਦਾ ਅਭਿਮਾਨ ਕਰਦਾ ਹੈ ਉਹ ਗੁਰੂ ਦਾ ਸਿੱਖ ਨਹੀ ਹੋ ਸਕਦਾ । ਧਰਮ ਦੇ ਨਾ ਤੇ ਮਨੁੱਖਤਾ ਦੀ ਲੁੱਟ ਕਰਨ ਵਾਲੇ ਬ੍ਰਹਮਣਵਾਦ ਨੇ, ਮਨੁੱਖੀ ਬਰਾਤਬਰਤਾ ਵਾਲੇ ਸਿੱਖ ਧਰਮ ਵਿੱਚ, ਜਿੱਥੇ ਆਪਣੀ ਸੋਚ ਤੇ ਆਪਣੇ ਹੱਥ ਠੋਕੇ ਫਿੱਟ ਕਰ ਦਿੱਤੇ ਹਨ। ਉਥੇ ਦੂਜੇ ਪਾਸੇ ਰਵਿਦਾਸ ਭਾਈਚਾਰੇ ਵਿੱਚ ਵੀ ਭਗਤ ਰਵਿਦਾਸ ਜੀ ਦੇ ਨਾ ਤੇ ਸਿਰਫ ਇਸ ਜਾਤ ਨਾਲ ਸਬੰਧਤ ਲੋਕਾਂ ਨੂੰ ਭਗਤ ਰਵਿਦਾਸ ਜੀ ਦੀ ਗੁਰਬਾਣੀ ਸਿਧਾਤ ਨੂੰ ਸਮਝਣ ਦੀ ਬਜਾਏ ,ਬ੍ਰਹਮਵਾਦੀ ਸੋਚ ਵੱਲੋ ਲਿਖੀਆਂ ਸਾਖੀਆਂ ਸੁਣਾਕੇ ਅਸਲ ਗੁਰਬਾਣੀ ਸਿਧਾਤ ਤੋਂ ਕੋਹਾ ਦੂਰ ਕੀਤਾ ਜਾ ਰਿਹਾ ਤੇ ਸਿੱਖ ਪੰਥ ਨਾਲੋਂ ਤੋੜਨ ਵਾਲਾ ਜ਼ਹਿਰ ਘੋਲਿਆ ਜਾ ਰਿਹਾ ਹੈ । ਅੱਜ ਰਵਿਦਾਸ ਭਾਈਚਾਰੇ ਨਾਲ ਸਬੰਧਤ ਵੀਰ ਜੋ ਜਾਣੇ ਜਾਂ ਅਣਜਾਣੇ ਸਿਆਸੀ ਲੋਕਾਂ ਜਿਹਨਾਂ ਦਾ ਮਕਸਦ ਸਿਰਫ ਕੁਰਸੀ, ਪਾੜੋ ਤੇ ਰਾਜ ਕਰੋ ਦੀ ਨੀਤੀ ਤੇ ਚਲਣ ਵਾਲੇ ਸਿੱਖ ਪੰਥ ਦੇ ਦੁਸ਼ਮਣਾਂ ਦੀਆਂ ਚਾਲਾਂ ਵਿੱਚ ਘਿਰਕੇ ਸਿੱਖੀ ਵਿੱਚ ਨਾ ਬਰਾਬਰੀ ਦਾ ਬਹਾਨਾ ਬਣਾਉਣ ਵਾਲੇ ਵੀਰਾਂ ਨੂੰ ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਵਾਂਗ ਗੁਰਮਤਿ ਸਿਧਾਤਾਂ ਨੂੰ ਆਪਣਾਉਣ ਦੀ ਲੋੜ ਹੈ। ਉਸ ਵਕਤ ਵੀ ਪੁਜਾਰੀਆਂ ਨੇ ਸ੍ਰੀ ਦਰਬਾਰ ਸਾਹਿਬ ਵਿੱਚ ਦਲਿਤਾਂ ਦੀ ਦੇਗ ਤੇ ਅਰਦਾਸ ਦੀ ਮਨਾਹੀ ਕਰ ਦਿੱਤੀ ਸੀ ਤਾਂ ਗਿਆਨੀ ਦਿੱਤ ਸਿੰਘ ਜੀ ,ਪ੍ਰੋ. ਗੁਰਮੁੱਖ ਸਿੰਘ ਜੀ ਨੇ ਸਿੰਘ ਸਭਾ ਲਹਿਰ ਇਹਨਾਂ ਆਈਆਂ ਗਿਰਾਵਾਟਾਂ ਦੇ ਖਿਲਾਫ ਚਲਾਈ ਸੀ। ਜਿਸ ਨੇ ਬਹੁਤ ਹੀ ਸੁਧਾਰਵਾਦੀ ਕੰਮ ਕੀਤੇ ਤੇ ਇਸੇ ਹੀ ਲਹਿਰ ਵਿੱਚੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਦ ਵਿੱਚ ਆਈ ਸੀ । ਜੇਕਰ ਅੱਜ ਧਰਮ ਦੇ ਬੁਰਕੇ ਵਿੱਚ ਸਿਆਸੀ ਆਧਰਮਿਕ ਲੋਕ ਕਾਬਜ਼ ਹੋਕੇ ਸਿੱਖੀ ਸਿਧਾਤਾਂ ਤੋਂ ਉਲਟ ਕੰਮ ਕਰਦੇ ਹਨ ਤਾਂ ਰਵਿਦਾਸ ਭਾਈਚਾਰੇ ਨੂੰ ਗੁਰਮਤਿ ਸਿਧਾਤਾਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਬਖਸ਼ੇ ਖੰਡੇ ਬਾਟੇ ਦੀ ਪਾਹੁਲ ਲੈ ਕੇ ਇਸ ਦੇ ਖਿਲਾਫ ਸੁਧਾਰ ਲਹਿਰ ਚਲਾਉਣ ਦੀ ਲੋੜ ਹੈ ਨਾ ਕਿ ਵੱਖਰਾ ਗ੍ਰੰਥ ਤੇ ਪੰਥ ਚਲਾਉਣ ਦੀ । ਸੋ ਭਗਤ ਰਵਿਦਾਸ ਜੀ ਦੇ 647ਵਾਂ ਜਨਮ ਉਤਸਵ ਨੂੰ ਮਨਾਉਦੇ ਹੋਏ ਇਲਾਹੀ ਗੁਰਬਾਣੀ ਨੂੰ ਆਪ ਪੜ੍ਹਨ ਤੇ ਵੀਚਾਰਨ ਦੀ ਕੋਸ਼ਿਸ਼ ਕਰਕੇ ਉਸ ਤੋਂ ਸੇਧ ਲੈ ਕੇ ਆਪਣਾ ਜੀਵਨ ਬਸਰ ਕਰਨ ਦੀ ਕੋਸ਼ਿਸ਼ ਕਰੀਏ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।