Home » ਨਵੀਂ ਦਿੱਲੀ » ਪੰਜਾਬ ਨਸ਼ਿਆਂ ਦੇ ਅੱਗ ਦੀ ਲਪੇਟ ਵਿਚ, ਭਗਵੰਤ ਮਾਨ ਚਲੇ ਪੈਰਿਸ ਦੀ ਸੈਰ ’ਤੇ—ਸਰਨਾ

ਪੰਜਾਬ ਨਸ਼ਿਆਂ ਦੇ ਅੱਗ ਦੀ ਲਪੇਟ ਵਿਚ, ਭਗਵੰਤ ਮਾਨ ਚਲੇ ਪੈਰਿਸ ਦੀ ਸੈਰ ’ਤੇ—ਸਰਨਾ

SHARE ARTICLE

7 Views

 

ਨਵੀਂ ਦਿੱਲੀ, 20 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਅਕਾਲੀ ਆਗੂ ਪਰਮਜੀਤ ਸਿੰਘ ਸਰਨਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰਸਤਾਵਿਤ ਫਰਾਂਸ ਦੌਰੇ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਜਦੋਂ ਪੰਜਾਬ ਨਸ਼ਿਆਂ ਦੀ ਅੱਗ ’ਚ ਸੜ ਰਿਹਾ ਹੈ, ਪਰਿਵਾਰ ਆਪਣੇ ਬੱਚੇ ਗੁਆ ਰਹੇ ਹਨ ਅਤੇ ਲੋਕ ਸਰਕਾਰ ਤੋਂ ਜਵਾਬ ਮੰਗ ਰਹੇ ਹਨ, ਤਾਂ ਮੁੱਖ ਮੰਤਰੀ ਨੂੰ ਪੈਰਿਸ ਜਾਣ ਦਾ ਸਮਾਂ ਕਿਵੇਂ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੀ ਮਾਨ ਨੂੰ ਇਹ ਵੀ ਪਤਾ ਹੈ ਕਿ ਸਿੱਖ ਸਾਮਰਾਜ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਨੇ 1893 ਵਿੱਚ ਪੈਰਿਸ ’ਚ ਆਖਰੀ ਸਾਹ ਲਏ ਸਨ, ਪਰ ਅੱਜ ਤੱਕ ਉਸ ਥਾਂ ’ਤੇ ਉਨ੍ਹਾਂ ਦੀ ਯਾਦ ਵਿੱਚ ਕੋਈ ਯਾਦਗਾਰੀ ਤਖਤੀ ਤੱਕ ਨਹੀਂ ਲੱਗੀ। ਸਰਨਾ ਨੇ ਕਿਹਾ ਕਿ ਮਾਨ ਦਾ ਫਰਾਂਸ ਦੌਰਾ ਮਾਰਕਫੈੱਡ ਦੀ ਸਿਆਲ (ਐਸ ਆਈ ਏ ਐਲ) ਫੂਡ ਪ੍ਰਦਰਸ਼ਨੀ ਵਿੱਚ ਸ਼ਮੂਲੀਅਤ ਨਾਲ ਜੁੜਿਆ ਹੋਇਆ ਹੈ, ਪਰ ਪੰਜਾਬ ਦੇ ਗੰਭੀਰ ਨਸ਼ਾ ਸੰਕਟ ਵਿਚਾਲੇ ਸਰਕਾਰ ਦੀਆਂ ਤਰਜੀਹਾਂ ’ਤੇ ਸਵਾਲ ਖੜ੍ਹੇ ਹੋਣੇ ਸੁਭਾਵਿਕ ਹਨ। ਉਨ੍ਹਾਂ ਮਾਨ ਨੂੰ ਪੈਰਿਸ ਵਿੱਚ ਪੱਤਰਕਾਰ ਹਰਮੀਤ ਸ਼ਾਹ ਸਿੰਘ ਵੱਲੋਂ ਬਣਾਇਆ ਗਿਆ ਇਤਿਹਾਸਕ ਵਾਕਿੰਗ-ਹਿਸਟਰੀ ਵਲੌਗ ਦੇਖਣ ਦੀ ਚੁਣੌਤੀ ਦਿੱਤੀ, ਜਿਸ ਵਿੱਚ ਮਹਾਰਾਜਾ ਦਲੀਪ ਸਿੰਘ ਦੇ ਆਖਰੀ ਪਤੇ ਅਤੇ ਉਨ੍ਹਾਂ ਦੀ ਮੌਤ ਨਾਲ ਸਬੰਧਤ ਦੋ ਵੱਖ-ਵੱਖ ਹਵਾਲਿਆਂ ਦੀ ਜਾਣਕਾਰੀ ਸਾਹਮਣੇ ਆਉਂਦੀ ਹੈ। ਸਰਨਾ ਨੇ ਸਵਾਲ ਕੀਤਾ ਕਿ ਕੀ ਮੁੱਖ ਮੰਤਰੀ ਆਪਣੇ ਫਰਾਂਸ ਦੌਰੇ ਦੌਰਾਨ ਉਸ ਥਾਂ ’ਤੇ ਜਾਣ ਲਈ ਕੁਝ ਸਮਾਂ ਕੱਢਣਗੇ ਅਤੇ ਫਰਾਂਸੀਸੀ ਅਧਿਕਾਰੀਆਂ ਕੋਲ ਮਹਾਰਾਜਾ ਦਲੀਪ ਸਿੰਘ ਦੀ ਯਾਦ ਵਿੱਚ ਢੁੱਕਵੀਂ ਯਾਦਗਾਰ ਜਾਂ ਤਖਤੀ ਲਗਾਉਣ ਦਾ ਮੁੱਦਾ ਉਠਾਉਣਗੇ। ਉਨ੍ਹਾਂ ਕਿਹਾ ਕਿ ਜੇ ਪੈਰਿਸ ਵਿੱਚ ਰਾਜਕੁਮਾਰੀ ਡਾਇਨਾ ਨਾਲ ਜੁੜੇ ਸਥਾਨ ਨੂੰ ਯਾਦਗਾਰ ਰਾਹੀਂ ਸਨਮਾਨ ਦਿੱਤਾ ਜਾ ਸਕਦਾ ਹੈ ਤਾਂ ਸਿੱਖ ਸਾਮਰਾਜ ਦੇ ਆਖਰੀ ਮਹਾਰਾਜਾ, ਜਿਸ ਨੇ ਉਸੇ ਸ਼ਹਿਰ ਵਿੱਚ ਆਖਰੀ ਸਾਹ ਲਏ, ਨੂੰ ਉਨ੍ਹਾਂ ਦੀ ਇਤਿਹਾਸਕ ਪਛਾਣ ਅਨੁਸਾਰ ਸਨਮਾਨ ਕਿਉਂ ਨਹੀਂ ਮਿਲ ਸਕਦਾ। ਸਰਨਾ ਨੇ ਤਨਜ਼ ਕਰਦਿਆਂ ਕਿਹਾ ਕਿ ਮਾਨ ਸ਼ਾਇਦ ਆਪਣੇ “ਪੈਰਿਸ ਦੌਰੇ” ਵਿੱਚ ਇਸ ਇਤਿਹਾਸਕ ਮੁੱਦੇ ਲਈ ਸਮਾਂ ਨਾ ਕੱਢਣ, ਪਰ ਅਕਾਲੀ ਦਲ ਇਹ ਮਾਮਲਾ ਦਿੱਲੀ ਸਥਿਤ ਫਰਾਂਸੀਸੀ ਦੂਤਾਵਾਸ ਕੋਲ ਉਠਾਏਗਾ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇਤਿਹਾਸ ਦਾ ਮਾਮਲਾ ਨਹੀਂ, ਸਗੋਂ ਫਰਾਂਸ ਦੀ ਧਰਤੀ ’ਤੇ ਸਿੱਖ ਵਿਰਾਸਤ ਦੀ ਪਛਾਣ ਅਤੇ ਸਨਮਾਨ ਨਾਲ ਜੁੜਿਆ ਮੁੱਦਾ ਹੈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News