Home » ਨਵੀਂ ਦਿੱਲੀ » ਕਰੋੜਾਂ ਦਾ, ਲਟਕਦੇ ਬਕਾਏ—ਫਿਰ ਦਸੰਬਰ ਦੇ ਸ਼ਹੀਦੀ ਪੁਰਬਾਂ ਲਈ ਕਿੱਥੋਂ ਹੋਵੇਗਾ ਖਰਚਾ.? ਦਿੱਲੀ ਕਮੇਟੀ ਦੇਵੇ ਜਵਾਬ : ਸੰਤ ਮੀਤ ਸਿੰਘ

ਕਰੋੜਾਂ ਦਾ, ਲਟਕਦੇ ਬਕਾਏ—ਫਿਰ ਦਸੰਬਰ ਦੇ ਸ਼ਹੀਦੀ ਪੁਰਬਾਂ ਲਈ ਕਿੱਥੋਂ ਹੋਵੇਗਾ ਖਰਚਾ.? ਦਿੱਲੀ ਕਮੇਟੀ ਦੇਵੇ ਜਵਾਬ : ਸੰਤ ਮੀਤ ਸਿੰਘ

SHARE ARTICLE

62 Views

 

👉 ਕੀ ਇਸ ਵਾਰ ਵੀ ਦਿੱਲੀ ਸਰਕਾਰ ਦੀਆਂ ਦੇਹਲੀਆਂ ’ਤੇ ਗੋਡੇ ਟੇਕ ਕੇ ਅਤੇ ਉਨ੍ਹਾਂ ਦੇ ਖਰਚੇ ’ਤੇ ਪ੍ਰੋਗਰਾਮ ਕਰਵਾ ਕੇ ਪੰਥ ਦੀ ਕਰਵਾਈ ਜਾਵੇਗੀ ਹੇਠੀ.?

ਨਵੀਂ ਦਿੱਲੀ 30 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਕਾਰਗੁਜ਼ਾਰੀ ਅਤੇ ਨਿਰੰਤਰ ਡਿੱਗ ਰਹੇ ਪ੍ਰਬੰਧਕੀ ਮਿਆਰ ’ਤੇ ਵਰ੍ਹਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਨਕਪੁਰੀ ਵਾਰਡ ਨੰਬਰ 32 ਦੇ ਉੱਮੀਦੁਆਰ ਸਰਦਾਰ ਸੰਤ ਮੀਤ ਸਿੰਘ ਨੇ ਮੌਜੂਦਾ ਪ੍ਰਬੰਧਕਾਂ ਦੀਆਂ ਨਾਕਾਮੀਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬੀਤੇ ਸਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਵਰਗੇ ਮਹਾਨ ਅਤੇ ਇਤਿਹਾਸਕ ਦਿਹਾੜੇ ਨੂੰ ਮਨਾਉਣ ਲਈ ਦਿੱਲੀ ਕਮੇਟੀ ਕੋਲ ਨਾ ਤਾਂ ਕੋਈ ਵਿਉਂਤਬੰਦੀ ਸੀ ਅਤੇ ਨਾ ਹੀ ਯੋਗ ਇੰਤਜ਼ਾਮ। ਕਮੇਟੀ ਦੀ ਇਸ ਨਾਕਾਮੀ ਦਾ ਨਤੀਜਾ ਇਹ ਨਿਕਲਿਆ ਕਿ ਦਿੱਲੀ ਸਰਕਾਰ ਨੇ ਆਪਣੀਆਂ ਜੇਬਾਂ ਖੋਲ੍ਹ ਕੇ ਪ੍ਰੋਗਰਾਮ ਕਰਵਾਏ ਅਤੇ ਸਾਰਾ ਸਿਹਰਾ ਆਪਣੇ ਸਿਰ ਬੰਨ੍ਹ ਲਿਆ, ਜੋ ਕਿ ਸਮੁੱਚੀ ਸਿੱਖ ਕੌਮ ਲਈ ਇੱਕ ਬੇਹੱਦ ਚਿੰਤਾਜਨਕ ਅਤੇ ਸ਼ਰਮਸਾਰ ਕਰਨ ਵਾਲੀ ਸਥਿਤੀ ਬਣੀ ਸੀ । ਜੋ ਸਿੱਖ ਕੌਮ ਪੂਰੀ ਦੁਨੀਆ ਵਿੱਚ ਆਪਣੀ ਬੇਮਿਸਾਲ ਸੇਵਾ ਅਤੇ ਵਧੀਆ ਪ੍ਰਬੰਧਾਂ ਲਈ ਜਾਣੀ ਜਾਂਦੀ ਹੈ, ਉਸ ਦੀ ਦਿੱਲੀ ਸਥਿਤ ਮੁੱਖ ਸੰਸਥਾ ਆਪਣੇ ਅਜ਼ੀਮ ਗੁਰੂ ਸਾਹਿਬ ਦੀ ਸ਼ਤਾਬਦੀ ਨੂੰ ਆਪਣੇ ਸਰਪ੍ਰਸਤੀ ਹੇਠ ਮਾਣ-ਸਨਮਾਨ ਨਾਲ ਮਨਾਉਣ ਵਿੱਚ ਪੂਰੀ ਤਰ੍ਹਾਂ ਅਸਮਰੱਥ ਸਾਬਤ ਹੋਈ ਸੀ । ਮੌਜੂਦਾ ਹਾਲਾਤਾਂ ’ਤੇ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਸ. ਸੰਤ ਮੀਤ ਸਿੰਘ ਨੇ ਕਿਹਾ ਕਿ ਪਿਛਲੀਆਂ ਨਾਕਾਮੀਆਂ ਤੋਂ ਸਬਕ ਲੈਣ ਦੀ ਬਜਾਏ ਹੁਣ ਮੁੜ ਦਸੰਬਰ ਮਹੀਨੇ ਵਿੱਚ ਵੱਡੇ-ਵੱਡੇ ਪ੍ਰੋਗਰਾਮ ਕਰਵਾਉਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਜਦਕਿ ਦੂਜੇ ਪਾਸੇ ਕਮੇਟੀ ਦੀ ਵਿੱਤੀ ਹਾਲਤ ਦਿਨ-ਬ-ਦਿਨ ਖ਼ਰਾਬ ਹੁੰਦੀ ਜਾ ਰਹੀ ਹੈ। ਅੱਜ ਹਾਲਾਤ ਇਹ ਹਨ ਕਿ ਗੁਰਦੁਆਰਾ ਸਾਹਿਬਾਨ ਦੇ ਬਿਜਲੀ ਦੇ ਬਿੱਲ ਭਰਨ ਤੱਕ ਦੇ ਪੈਸੇ ਨਹੀਂ ਹਨ, ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਪੀ.ਐੱਫ. ਵਰਗੇ ਬੁਨਿਆਦੀ ਮਾਮਲੇ ਗੰਭੀਰ ਸੰਕਟ ਵਿੱਚ ਫਸੇ ਹੋਏ ਹਨ ਅਤੇ ਸਕੂਲਾਂ ਦੇ ਅਧਿਆਪਕ ਆਪਣੇ ਹੱਕੀ ਬਕਾਏ ਲੈਣ ਲਈ ਅਦਾਲਤਾਂ ਦੇ ਧੱਕੇ ਖਾਣ ਲਈ ਮਜਬੂਰ ਹਨ। ਜਦੋਂ ਕਮੇਟੀ ਪ੍ਰਬੰਧਕ ਆਪ ਮੰਨ ਚੁੱਕੇ ਹਨ ਕਿ ਉਨ੍ਹਾਂ ਦੇ ਸਿਰ ’ਤੇ ਕਰੋੜਾਂ ਰੁਪਏ ਦਾ ਕਰਜ਼ਾ ਚੜ੍ਹਿਆ ਹੋਇਆ ਹੈ, ਤਾਂ ਅਜਿਹੇ ਵਿੱਤੀ ਸੰਕਟ ਦੇ ਦੌਰ ਵਿੱਚ ਦਸੰਬਰ ਦੇ ਇਹ ਭਾਰੀ-ਭਰਕਮ ਪ੍ਰੋਗਰਾਮ ਕਿਸ ਤਰ੍ਹਾਂ ਨੇਪਰੇ ਚਾੜ੍ਹੇ ਜਾਣਗੇ? ਕੀ ਇਸ ਵਾਰ ਵੀ ਦਿੱਲੀ ਸਰਕਾਰ ਦੀਆਂ ਦੇਹਲੀਆਂ ’ਤੇ ਗੋਡੇ ਟੇਕ ਕੇ ਅਤੇ ਉਨ੍ਹਾਂ ਦੇ ਖਰਚੇ ’ਤੇ ਪ੍ਰੋਗਰਾਮ ਕਰਵਾ ਕੇ ਪੰਥ ਦੀ ਹੇਠੀ ਕਰਵਾਈ ਜਾਵੇਗੀ? ਅੰਤ ਵਿਚ ਸ. ਸੰਤ ਮੀਤ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਮਾਮਲਾ ਸਿਰਫ਼ ਪ੍ਰਬੰਧਕਾਂ ਦੀਆਂ ਕੁਰਸੀਆਂ ਤੱਕ ਸੀਮਤ ਨਹੀਂ ਹੈ, ਸਗੋਂ ਇਹ ਪੂਰੀ ਸੰਗਤ ਦੇ ਮਾਣ-ਸਨਮਾਨ ਨਾਲ ਜੁੜਿਆ ਹੋਇਆ ਅਹਿਮ ਮੁੱਦਾ ਹੈ। ਗੁਰੂਘਰਾਂ ਦਾ ਪ੍ਰਬੰਧ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਸਗੋਂ ਸੰਗਤ ਦੀ ਪਵਿੱਤਰ ਅਮਾਨਤ ਹੈ, ਅਤੇ ਇਸ ਅਮਾਨਤ ਵਿੱਚ ਖਿਆਨਤ ਕਰਨ ਵਾਲੇ ਪ੍ਰਬੰਧਕ ਸੰਗਤ ਅੱਗੇ ਜਵਾਬਦੇਹ ਹਨ। ਉਨ੍ਹਾਂ ਮੰਗ ਕੀਤੀ ਕਿ ਪ੍ਰਬੰਧਕ ਤੁਰੰਤ ਸੰਗਤ ਦੇ ਸਾਹਮਣੇ ਆ ਕੇ ਕਮੇਟੀ ਦੀ ਅਸਲ ਵਿੱਤੀ ਸਥਿਤੀ ਨੂੰ ਸਪੱਸ਼ਟ ਕਰਨ, ਕਰਜ਼ੇ ਦਾ ਲੇਖਾ-ਜੋਖਾ ਜਨਤਕ ਕਰਨ, ਬਕਾਏ ਲਟਕਣ ਦੇ ਕਾਰਨ ਦੱਸਣ ਅਤੇ ਇਹ ਖੁਲਾਸਾ ਕਰਨ ਕਿ ਇਨ੍ਹਾਂ ਮਾੜੇ ਹਾਲਾਤਾਂ ਵਿੱਚ ਫੰਡਾਂ ਦਾ ਜੁਗਾੜ ਕਿੱਥੋਂ ਕੀਤਾ ਜਾਵੇਗਾ। ਜਿੰਨਾ ਚਿਰ ਪਿਛਲੀਆਂ ਗੰਭੀਰ ਨਾਕਾਮੀਆਂ ਦੀ ਜਵਾਬਦੇਹੀ ਤੈਅ ਨਹੀਂ ਹੁੰਦੀ ਅਤੇ ਸੰਗਤ ਨੂੰ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਜਾਂਦਾ, ਉੰਨਾ ਚਿਰ ਪ੍ਰਬੰਧਕਾਂ ਦੀ ਇਸ ਮਨਮਾਨੀ ਅਤੇ ਬਦਇੰਤਜ਼ਾਮੀ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਜਾਂਦੀ ਰਹੇਗੀ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News