Home » ਨਵੀਂ ਦਿੱਲੀ » ਅਮਰੀਕੀ ਕਾਂਗਰਸ ’ਚ ਗੂੰਜੀ ਸਿੱਖਾਂ ਦੀ ਆਵਾਜ਼: ਕਾਂਗਰਸਮੈਨ ਮੀਕਸ ਸਾਹਮਣੇ ਟਰਾਂਸਨੈਸ਼ਨਲ ਰਿਪ੍ਰੈਸ਼ਨ, ਨਸਲੀ ਪੱਖਪਾਤ ਤੇ ਧਾਰਮਿਕ ਆਜ਼ਾਦੀ ਦੇ ਉਠਾਏ ਮੁੱਦੇ

ਅਮਰੀਕੀ ਕਾਂਗਰਸ ’ਚ ਗੂੰਜੀ ਸਿੱਖਾਂ ਦੀ ਆਵਾਜ਼: ਕਾਂਗਰਸਮੈਨ ਮੀਕਸ ਸਾਹਮਣੇ ਟਰਾਂਸਨੈਸ਼ਨਲ ਰਿਪ੍ਰੈਸ਼ਨ, ਨਸਲੀ ਪੱਖਪਾਤ ਤੇ ਧਾਰਮਿਕ ਆਜ਼ਾਦੀ ਦੇ ਉਠਾਏ ਮੁੱਦੇ

SHARE ARTICLE

14 Views

 

ਨਵੀਂ ਦਿੱਲੀ 29 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਕਾਕਸ ਕਮੇਟੀ ਯੂਐੱਸਏ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਯੂਐੱਸਏ ਵੱਲੋਂ ਨਿਊਯਾਰਕ ਦੇ ਪੰਜਵੇਂ ਕਾਂਗਰੈਸ਼ਨਲ ਜ਼ਿਲ੍ਹੇ ਦੇ ਕਾਂਗਰਸਮੈਨ ਗ੍ਰੈਗਰੀ ਡਬਲਯੂ. ਮੀਕਸ ਲਈ ਸਾਂਝਾ ਫੰਡਰੇਜ਼ਿੰਗ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਸਿੱਖ ਭਾਈਚਾਰੇ ਦੇ ਆਗੂਆਂ, ਪੰਥਕ ਜਥੇਬੰਦੀਆਂ ਦੇ ਪ੍ਰਤੀਨਿਧੀਆਂ ਅਤੇ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕੀਤੀ। ਕਾਂਗਰਸਮੈਨ ਮੀਕਸ ਨੇ ਨਾਗਰਿਕ ਅਧਿਕਾਰਾਂ, ਧਾਰਮਿਕ ਆਜ਼ਾਦੀ ਅਤੇ ਘੱਟਗਿਣਤੀ ਭਾਈਚਾਰਿਆਂ ਦੀ ਸੁਰੱਖਿਆ ਨਾਲ ਸਬੰਧਤ ਮੁੱਦਿਆਂ ’ਤੇ ਵਿਚਾਰ ਸਾਂਝੇ ਕੀਤੇ ਅਤੇ ਸਿੱਖ ਭਾਈਚਾਰੇ ਵੱਲੋਂ ਉਠਾਏ ਸਵਾਲਾਂ ਦੇ ਜਵਾਬ ਦਿੱਤੇ। ਡਾ. ਅਮਰਜੀਤ ਸਿੰਘ ਨੇ ਅਮਰੀਕੀ ਨਾਗਰਿਕ ਅਧਿਕਾਰ ਲਹਿਰ ਦੇ ਆਗੂ ਡਾ. ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਸੰਘਰਸ਼ ਦਾ ਹਵਾਲਾ ਦਿੰਦਿਆਂ ਬਰਾਬਰੀ, ਇਨਸਾਫ਼ ਅਤੇ ਘੱਟਗਿਣਤੀਆਂ ਦੇ ਅਧਿਕਾਰਾਂ ਦੀ ਰੱਖਿਆ ਨੂੰ ਅਮਰੀਕੀ ਲੋਕਤੰਤਰ ਦੀ ਬੁਨਿਆਦੀ ਜ਼ਿੰਮੇਵਾਰੀ ਦੱਸਿਆ। ਸਮਾਗਮ ਦੌਰਾਨ ਸਿੱਖ ਭਾਈਚਾਰੇ ਨਾਲ ਸਬੰਧਤ ਕਈ ਗੰਭੀਰ ਮਸਲੇ ਕਾਂਗਰਸਮੈਨ ਮੀਕਸ ਸਾਹਮਣੇ ਰੱਖੇ ਗਏ। ਵਿਦੇਸ਼ੀ ਸਰਕਾਰਾਂ ਵੱਲੋਂ ਅਮਰੀਕੀ ਧਰਤੀ ’ਤੇ ਸਿੱਖ ਕਾਰਕੁਨਾਂ ਅਤੇ ਆਗੂਆਂ ਨੂੰ ਕਥਿਤ ਤੌਰ ’ਤੇ ਨਿਸ਼ਾਨਾ ਬਣਾਉਣ, ਧਮਕਾਉਣ ਅਤੇ ਹਿੰਸਕ ਸਾਜ਼ਿਸ਼ਾਂ ਦੇ ਦੋਸ਼ਾਂ ਸਬੰਧੀ ਫੈਡਰਲ ਪੱਧਰ ’ਤੇ ਠੋਸ ਕਾਰਵਾਈ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਆਰ.ਐੱਸ.ਐੱਸ. ਨਾਲ ਸਬੰਧਤ ਗਤੀਵਿਧੀਆਂ ਅਤੇ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਜਾਰੀ ਵਿਵਾਦਿਤ “ਮਿਸਟਰ ਸਿੰਘ” ਪੋਸਟ ਦਾ ਮਾਮਲਾ ਵੀ ਉਠਾਇਆ ਗਿਆ। ਬੁਲਾਰਿਆਂ ਨੇ ਕਿਹਾ ਕਿ ਸਰਕਾਰੀ ਸੰਚਾਰ ਵਿੱਚ ਕਿਸੇ ਇੱਕ ਵਿਅਕਤੀ ਦੇ ਮਾਮਲੇ ਨੂੰ ਸਮੁੱਚੇ ਸਿੱਖ ਭਾਈਚਾਰੇ ਜਾਂ “ਸਿੰਘ” ਪਛਾਣ ਨਾਲ ਜੋੜਨਾ ਭੇਦਭਾਵ ਅਤੇ ਨਸਲੀ ਪੱਖਪਾਤ ਦੀਆਂ ਚਿੰਤਾਵਾਂ ਪੈਦਾ ਕਰਦਾ ਹੈ। ਸਿੱਖ ਨੌਜਵਾਨ ਪੀੜ੍ਹੀ ਦੀ ਨੁਮਾਇੰਦਗੀ ਕਰਦਿਆਂ ਅਵਿਨਾਸ਼ ਕੌਰ ਨੇ ਵੀ ਕਾਂਗਰਸਮੈਨ ਨੂੰ ਅਹਿਮ ਸਵਾਲ ਪੁੱਛੇ, ਜਿਨ੍ਹਾਂ ਦੇ ਉਨ੍ਹਾਂ ਵੱਲੋਂ ਜਵਾਬ ਦਿੱਤੇ ਗਏ। ਸਮਾਗਮ ਵਿੱਚ ਸੰਯੁਕਤ ਰਾਜ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਕਮਿਸ਼ਨ ਦੇ ਚੇਅਰ ਡਾ. ਆਸਿਫ ਮਹਿਮੂਦ, ਨਵ-ਨਿਯੁਕਤ ਫੈਡਰਲ ਕਮਿਸ਼ਨਰ ਡਾ. ਗੁਨੀਸ਼ਾ ਕੌਰ ਅਤੇ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਡਾ. ਗੁਨੀਸ਼ਾ ਕੌਰ ਦੀ ਹਾਜ਼ਰੀ ਨੂੰ ਫੈਡਰਲ ਪੱਧਰ ’ਤੇ ਸਿੱਖ ਨੁਮਾਇੰਦਗੀ ਦੇ ਮਹੱਤਵਪੂਰਨ ਪੱਖ ਵਜੋਂ ਦਰਸਾਇਆ ਗਿਆ। ਆਯੋਜਕਾਂ ਨੇ ਕਿਹਾ ਕਿ ਸਮਾਗਮ ਦਾ ਮਕਸਦ ਸਿਰਫ਼ ਰਾਜਨੀਤਿਕ ਫੰਡ ਇਕੱਠਾ ਕਰਨਾ ਨਹੀਂ, ਸਗੋਂ ਸਿੱਖ ਭਾਈਚਾਰੇ ਦੀ ਲੋਕਤੰਤਰਿਕ ਭਾਗੀਦਾਰੀ ਮਜ਼ਬੂਤ ਕਰਨਾ ਅਤੇ ਚੁਣੇ ਹੋਏ ਨੁਮਾਇੰਦਿਆਂ ਤੱਕ ਸਿੱਖ ਮਸਲਿਆਂ ਦੀ ਆਵਾਜ਼ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣਾ ਹੈ। ਉਨ੍ਹਾਂ ਸਿੱਖ ਭਾਈਚਾਰੇ ਨੂੰ ਵੋਟਰ ਰਜਿਸਟ੍ਰੇਸ਼ਨ, ਨਾਗਰਿਕ ਭਾਗੀਦਾਰੀ ਅਤੇ ਨੀਤੀ-ਨਿਰਧਾਰਕਾਂ ਨਾਲ ਸਿੱਧੇ ਸੰਪਰਕ ਰਾਹੀਂ ਮਨੁੱਖੀ ਅਧਿਕਾਰਾਂ, ਧਾਰਮਿਕ ਆਜ਼ਾਦੀ ਅਤੇ ਬਰਾਬਰੀ ਦੇ ਮੁੱਦਿਆਂ ’ਤੇ ਆਪਣੀ ਆਵਾਜ਼ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News