”
ਨਵੀਂ ਦਿੱਲੀ, 26 ਸਤੰਬਰ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ’ਤੇ ਤਿੱਖਾ ਹਮਲਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਅਤੇ ਗੁਰੂਬਾਣੀ ਰਿਸਰਚ ਫਾਊਂਡੇਸ਼ਨ ਦੇ ਮੁਖੀ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਗੁਰੂਘਰਾਂ ਦੇ ਬਿਜਲੀ ਬਿੱਲਾਂ ਦੀ ਅਦਾਇਗੀ, ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਪੀ ਐਫ ਵਰਗੀਆਂ ਬੁਨਿਆਦੀ ਜ਼ਿੰਮੇਵਾਰੀਆਂ ਵੀ ਜੇ ਸੰਕਟ ਵਿੱਚ ਆ ਜਾਣ ਤਾਂ ਇਹ ਸਿਰਫ਼ ਵਿੱਤੀ ਸਮੱਸਿਆ ਨਹੀਂ, ਸਗੋਂ ਪ੍ਰਬੰਧਕਾਂ ਦੀ ਜਵਾਬਦੇਹੀ ਦਾ ਗੰਭੀਰ ਮਾਮਲਾ ਹੈ। ਉਨ੍ਹਾਂ ਕਿਹਾ ਕਿ ਗੁਰੂਘਰਾਂ ਦੀ ਗੋਲਕ ਸੰਗਤ ਦੀ ਅਮਾਨਤ ਹੈ ਅਤੇ ਇਸ ਅਮਾਨਤ ਦਾ ਹਿਸਾਬ ਦੇਣਾ ਹਰ ਅਹੁਦੇਦਾਰ ਦੀ ਜ਼ਿੰਮੇਵਾਰੀ ਹੈ। ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਜੇਕਰ ਕਮੇਟੀ ਕੋਲ ਗੁਰੂਘਰਾਂ ਦੇ ਬਿਜਲੀ ਬਿੱਲਾਂ, ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਪੀ.ਐਫ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਲੋੜੀਂਦੇ ਸਰੋਤਾਂ ਸਬੰਧੀ ਸੰਕਟ ਪੈਦਾ ਹੋ ਰਿਹਾ ਹੈ ਤਾਂ ਸੰਗਤ ਨੂੰ ਇਸ ਦਾ ਪੂਰਾ ਵਿੱਤੀ ਚਿੱਠਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕਰੋੜਾਂ ਰੁਪਏ ਦੀਆਂ ਦੇਣਦਾਰੀਆਂ ਕਿਵੇਂ ਵਧੀਆਂ, ਆਮਦਨ ਕਿੱਥੇ ਖਰਚ ਹੋਈ ਅਤੇ ਵਿੱਤੀ ਪ੍ਰਬੰਧਨ ਵਿੱਚ ਕਿਹੜੀਆਂ ਕਮੀਆਂ ਰਹੀਆਂ। ਉਨ੍ਹਾਂ ਕਿਹਾ, “ਗੁਰੂ ਦੀ ਗੋਲਕ ਕਿਸੇ ਦੀ ਨਿੱਜੀ ਜਾਗੀਰ ਨਹੀਂ। ਸੰਗਤ ਦੇ ਪੈਸੇ ਦੀ ਇੱਕ-ਇੱਕ ਪਾਈ ਦਾ ਹਿਸਾਬ ਜਨਤਕ ਹੋਣਾ ਚਾਹੀਦਾ ਹੈ।” ਉਨ੍ਹਾਂ ਮੰਗ ਕੀਤੀ ਕਿ 2002 ਤੋਂ ਹੁਣ ਤੱਕ ਦੀਆਂ ਆਡਿਟ ਰਿਪੋਰਟਾਂ, ਆਮਦਨ-ਖਰਚੇ ਦੇ ਵੇਰਵੇ ਅਤੇ ਸਾਰੀਆਂ ਵੱਡੀਆਂ ਦੇਣਦਾਰੀਆਂ ਦਾ ਰਿਕਾਰਡ ਸੰਗਤ ਸਾਹਮਣੇ ਰੱਖਿਆ ਜਾਵੇ। ਜੇ ਕਿਸੇ ਜਾਂਚ ਵਿੱਚ ਕਿਸੇ ਵਿਅਕਤੀ ਵੱਲੋਂ ਕਮੇਟੀ ਦੇ ਪੈਸੇ ਦੀ ਗਲਤ ਵਰਤੋਂ ਜਾਂ ਨਿੱਜੀ ਲਾਭ ਲੈਣ ਦੀ ਪੁਸ਼ਟੀ ਹੁੰਦੀ ਹੈ ਤਾਂ ਕਾਨੂੰਨ ਅਨੁਸਾਰ ਜਵਾਬਦੇਹੀ ਤੈਅ ਕਰਕੇ ਦੋਸ਼ੀ ਵਿਅਕਤੀਆਂ ਦੀਆਂ ਜਾਇਦਾਦਾਂ ਜ਼ਬਤ/ਕੁਰਕ ਕਰਵਾਉਣ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਕਾਨੂੰਨ ਅਨੁਸਾਰ ਵਸੂਲੀ ਕਰਕੇ ਕਮੇਟੀ ਦੀਆਂ ਦੇਣਦਾਰੀਆਂ ਦੀ ਅਦਾਇਗੀ ਲਈ ਰਕਮ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਅਹੁਦਾ ਛੱਡ ਕੇ ਜਵਾਬਦੇਹੀ ਤੋਂ ਬਚਣ ਦਾ ਰਸਤਾ ਨਹੀਂ ਮਿਲਣਾ ਚਾਹੀਦਾ। ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਅਹੁਦੇ ਆਉਂਦੇ-ਜਾਂਦੇ ਰਹਿੰਦੇ ਹਨ, ਪਰ ਗੁਰੂਘਰ ਦੀ ਅਮਾਨਤ ਦਾ ਹਿਸਾਬ ਸੰਗਤ ਅਤੇ ਇਤਿਹਾਸ ਦੋਵਾਂ ਨੂੰ ਦੇਣਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਕਮੇਟੀ ਤੁਰੰਤ ਬਿਜਲੀ ਬਿੱਲਾਂ, ਮੁਲਾਜ਼ਮਾਂ ਦੀਆਂ ਤਨਖਾਹਾਂ, ਪੀ ਐਫ ਅਤੇ ਹੋਰ ਸਾਰੀਆਂ ਦੇਣਦਾਰੀਆਂ ਦਾ ਪੂਰਾ ਚਿੱਠਾ ਜਾਰੀ ਕਰੇ ਅਤੇ 2002 ਤੋਂ ਅੱਜ ਤੱਕ ਦਾ ਵਿੱਤੀ ਰਿਕਾਰਡ ਸੰਗਤ ਸਾਹਮਣੇ ਰੱਖੇ। ਉਨ੍ਹਾਂ ਕਿਹਾ ਕਿ ਸੰਗਤ ਨੂੰ ਹਿਸਾਬ ਚਾਹੀਦਾ ਹੈ, ਦਸਤਾਵੇਜ਼ ਚਾਹੀਦੇ ਹਨ ਅਤੇ ਜਿੱਥੇ ਕਾਨੂੰਨ ਅਨੁਸਾਰ ਜ਼ਿੰਮੇਵਾਰੀ ਸਾਬਤ ਹੋਵੇ, ਉੱਥੇ ਜਵਾਬਦੇਹੀ ਅਤੇ ਕਾਨੂੰਨੀ ਵਸੂਲੀ ਵੀ ਹੋਣੀ ਚਾਹੀਦੀ ਹੈ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








