Home » ਨਵੀਂ ਦਿੱਲੀ » ਕਿਰਪਾਨ ਦੀ ਮਰਯਾਦਾ ਨਾਲ ਸਮਝੌਤਾ ਨਹੀਂ —‘ਯਾਰੀਆਂ-2’ ਦੇ ਅਦਾਲਤੀ ਫ਼ੈਸਲੇ ’ਤੇ ਸ਼੍ਰੋਮਣੀ ਰਾਗੀ ਸਭਾ ਦਾ ਸਖ਼ਤ ਵਿਰੋਧ

ਕਿਰਪਾਨ ਦੀ ਮਰਯਾਦਾ ਨਾਲ ਸਮਝੌਤਾ ਨਹੀਂ —‘ਯਾਰੀਆਂ-2’ ਦੇ ਅਦਾਲਤੀ ਫ਼ੈਸਲੇ ’ਤੇ ਸ਼੍ਰੋਮਣੀ ਰਾਗੀ ਸਭਾ ਦਾ ਸਖ਼ਤ ਵਿਰੋਧ

SHARE ARTICLE

10 Views

 

👉 ਕਿਰਪਾਨ ਕੋਈ ਆਮ ਚੀਜ਼, ਫ਼ਿਲਮ ਦੀ ਸਜਾਵਟ ਜਾਂ ਕਲਾਕਾਰ ਦੇ ਪਹਿਰਾਵੇ ਦਾ ਹਿੱਸਾ ਨਹੀਂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸਾ ਪੰਥ ਨੂੰ ਬਖ਼ਸ਼ਿਆ ਪਵਿੱਤਰ ਕਕਾਰ ਹੈ

ਨਵੀਂ ਦਿੱਲੀ 12 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ‘ਯਾਰੀਆਂ-2’ ਫ਼ਿਲਮ ਨਾਲ ਸਬੰਧਤ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੇ ਫ਼ੈਸਲੇ ਦੇ ਪੈਰਾ ਨੰਬਰ 14 ਵਿੱਚ ਕਿਰਪਾਨ ਸਬੰਧੀ ਕੀਤੀ ਗਈ ਟਿੱਪਣੀ ’ਤੇ ਸ਼੍ਰੋਮਣੀ ਰਾਗੀ ਸਭਾ ਸ੍ਰੀ ਅੰਮ੍ਰਿਤਸਰ ਨੇ ਸਖ਼ਤ ਇਤਰਾਜ਼ ਅਤੇ ਨਿਖੇਧੀ ਪ੍ਰਗਟ ਕੀਤੀ ਹੈ। ਸਭਾ ਦੇ ਪ੍ਰਧਾਨ ਭਾਈ ਉਂਕਾਰ ਸਿੰਘ ਨੇ ਕਿਹਾ ਕਿ ਸਿੱਖ ਕੌਮ ਲਈ ਕਿਰਪਾਨ ਕੋਈ ਆਮ ਚੀਜ਼, ਫ਼ਿਲਮ ਦੀ ਸਜਾਵਟ ਜਾਂ ਕਲਾਕਾਰ ਦੇ ਪਹਿਰਾਵੇ ਦਾ ਹਿੱਸਾ ਨਹੀਂ, ਬਲਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸਾ ਪੰਥ ਨੂੰ ਬਖ਼ਸ਼ਿਆ ਪਵਿੱਤਰ ਕਕਾਰ ਹੈ। ਇਸ ਨੂੰ ਕੇਵਲ ਮਨੋਰੰਜਨ ਜਾਂ ਕਲਾਤਮਕ ਪ੍ਰਗਟਾਵੇ ਦੇ ਪੈਮਾਨੇ ਨਾਲ ਦੇਖਣਾ ਸਿੱਖ ਧਰਮ ਦੀਆਂ ਮੂਲ ਭਾਵਨਾਵਾਂ ਅਤੇ ਇਤਿਹਾਸਕ ਸੱਚਾਈ ਨਾਲ ਇਨਸਾਫ਼ ਨਹੀਂ ਕਰਦਾ। ਕਿਰਪਾਨ ਉਸ ਗੁਰੂ ਦੀ ਨਿਸ਼ਾਨੀ ਹੈ ਜਿਸ ਨੇ ਮਨੁੱਖਤਾ, ਧਰਮ ਅਤੇ ਹੱਕ-ਸੱਚ ਦੀ ਰੱਖਿਆ ਲਈ ਆਪਣਾ ਸਰਬੰਸ ਵਾਰ ਦਿੱਤਾ। ਭਾਈ ਉਂਕਾਰ ਸਿੰਘ ਨੇ ਕਿਹਾ ਕਿ ਸਿੱਖ ਇਤਿਹਾਸ ਕਿਰਪਾਨ ਦੀ ਮਰਯਾਦਾ ਨੂੰ ਸਿਰਫ਼ ਸ਼ਬਦਾਂ ਨਾਲ ਨਹੀਂ, ਬਲਕਿ ਖ਼ੂਨ ਅਤੇ ਸ਼ਹਾਦਤਾਂ ਨਾਲ ਲਿਖਿਆ ਹੋਇਆ ਇਤਿਹਾਸ ਹੈ। ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਸਾਹਿਬਜ਼ਾਦਿਆਂ ਅਤੇ ਅਣਗਿਣਤ ਸਿੰਘਾਂ-ਸਿੰਘਣੀਆਂ ਨੇ ਧਰਮ ਅਤੇ ਮਨੁੱਖਤਾ ਦੀ ਰੱਖਿਆ ਲਈ ਅਕਹਿ ਤਸੀਹੇ ਸਹੇ ਅਤੇ ਸ਼ਹਾਦਤਾਂ ਦਿੱਤੀਆਂ। ਜਿਸ ਕਕਾਰ ਦੀ ਮਰਯਾਦਾ ਨਾਲ ਸਿੱਖ ਦੀ ਆਤਮਿਕ ਅਤੇ ਇਤਿਹਾਸਕ ਪਛਾਣ ਜੁੜੀ ਹੋਈ ਹੈ, ਉਸ ਨੂੰ ਫ਼ਿਲਮੀ ਦ੍ਰਿਸ਼ ਦਾ ਸਾਮਾਨ ਸਮਝਣਾ ਸਿੱਖਾਂ ਦੇ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਹੈ। ਸਭਾ ਨੇ ਸਪੱਸ਼ਟ ਕੀਤਾ ਕਿ ਅਦਾਲਤਾਂ ਦਾ ਸਤਿਕਾਰ ਆਪਣੀ ਥਾਂ ਹੈ, ਪਰ ਸਿੱਖ ਕੌਮ ਨੂੰ ਆਪਣੇ ਧਾਰਮਿਕ ਅਸੂਲਾਂ, ਕਕਾਰਾਂ ਅਤੇ ਭਾਵਨਾਵਾਂ ਬਾਰੇ ਆਪਣੀ ਅਸਹਿਮਤੀ ਦਰਜ ਕਰਵਾਉਣ ਦਾ ਪੂਰਾ ਅਧਿਕਾਰ ਹੈ। ਸ਼੍ਰੋਮਣੀ ਰਾਗੀ ਸਭਾ ਨੇ ਕਿਹਾ ਕਿ ਸਿੱਖ ਧਰਮ ਦੇ ਪੰਜ ਕਕਾਰਾਂ ਦੀ ਮਰਯਾਦਾ ਨੂੰ ਕਿਸੇ ਵੀ ਕੀਮਤ ’ਤੇ ਹਲਕਾ ਨਹੀਂ ਲਿਆ ਜਾ ਸਕਦਾ। ਜੇਕਰ ਕੋਈ ਵਿਅਕਤੀ ਧਾਰਮਿਕ ਕਕਾਰ ਦੀ ਵਰਤੋਂ ਉਸ ਦੀ ਮਰਯਾਦਾ ਅਤੇ ਧਾਰਮਿਕ ਸੰਦਰਭ ਤੋਂ ਹਟ ਕੇ ਕਰਦਾ ਹੈ ਤਾਂ ਇਸ ਨਾਲ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਣਾ ਸੁਭਾਵਿਕ ਹੈ। ਸ਼੍ਰੋਮਣੀ ਰਾਗੀ ਸਭਾ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਉਂਕਾਰ ਸਿੰਘ ਦੇ ਨਾਲ ਭਾਈ ਸ਼ੁਭਦੀਪ ਸਿੰਘ, ਭਾਈ ਅਮਨਦੀਪ ਸਿੰਘ, ਭਾਈ ਸਤਨਾਮ ਸਿੰਘ ਕੋਹਾੜਕਾ, ਭਾਈ ਕਾਰਜ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਗੁਰਵਿੰਦਰ ਸਿੰਘ ਅਨੰਦਪੁਰੀ, ਭਾਈ ਪਲਵਿੰਦਰ ਸਿੰਘ, ਭਾਈ ਸਤਿੰਦਰਬੀਰ ਸਿੰਘ, ਭਾਈ ਨਵਨੀਤ ਸਿੰਘ, ਭਾਈ ਕੰਵਲਦੀਪ ਸਿੰਘ, ਭਾਈ ਬਿਕਰਮਜੀਤ ਸਿੰਘ, ਭਾਈ ਕਰਨੈਲ ਸਿੰਘ ਅਤੇ ਭਾਈ ਗੁਰਕੀਰਤ ਸਿੰਘ ਨੇ ਸਾਂਝੇ ਤੌਰ ’ਤੇ ਕਿਹਾ ਕਿ ਕਿਰਪਾਨ ਸਿੱਖ ਦੀ ਸ਼ਾਨ, ਗੁਰੂ ਦੀ ਬਖ਼ਸ਼ਿਸ਼ ਅਤੇ ਸ਼ਹੀਦਾਂ ਦੀ ਅਮਾਨਤ ਹੈ—ਇਸ ਦੀ ਮਰਯਾਦਾ ਨੂੰ ਮਨੋਰੰਜਨ ਦੀ ਵਸਤੂ ਬਣਾਉਣ ਜਾਂ ਇਸ ਦੀ ਧਾਰਮਿਕ ਪਛਾਣ ਨੂੰ ਹਲਕਾ ਕਰਕੇ ਪੇਸ਼ ਕਰਨ ਦੀ ਕਿਸੇ ਵੀ ਕੋਸ਼ਿਸ਼ ਦਾ ਸਿੱਖ ਕੌਮ ਵੱਲੋਂ ਸ਼ਾਂਤਮਈ, ਜਮਹੂਰੀ ਅਤੇ ਕਾਨੂੰਨੀ ਢੰਗ ਨਾਲ ਡਟ ਕੇ ਵਿਰੋਧ ਕੀਤਾ ਜਾਵੇਗਾ। ਸਭਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਕਿਰਪਾਨ ਦੀ ਮਰਯਾਦਾ ਸਬੰਧੀ ਕੀਤੀ ਗਈ ਇਸ ਟਿੱਪਣੀ ਵਿਰੁੱਧ ਇਕਜੁੱਟ ਹੋ ਕੇ ਸਖ਼ਤ ਤੇ ਸਪੱਸ਼ਟ ਵਿਰੋਧ ਦਰਜ ਕਰਵਾਇਆ ਜਾਵੇ। ਆਗੂਆਂ ਨੇ ਕਿਹਾ ਕਿ ਇਹ ਸਮਾਂ ਆਪਸੀ ਵਖਰੇਵਿਆਂ ਤੋਂ ਉੱਪਰ ਉੱਠ ਕੇ ਗੁਰੂ ਸਾਹਿਬ ਵੱਲੋਂ ਬਖ਼ਸ਼ੇ ਕਕਾਰਾਂ ਦੀ ਮਰਯਾਦਾ ਅਤੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਦੀ ਰਾਖੀ ਲਈ ਇੱਕ ਸਾਂਝੀ ਤੇ ਮਜ਼ਬੂਤ ਆਵਾਜ਼ ਬੁਲੰਦ ਕਰਨ ਦਾ ਹੈ। ਸਭਾ ਨੇ ਕਿਹਾ ਕਿ ਇਹ ਕਿਸੇ ਇੱਕ ਫ਼ਿਲਮ ਦਾ ਮਾਮਲਾ ਨਹੀਂ, ਸਗੋਂ ਸਿੱਖ ਧਾਰਮਿਕ ਪਛਾਣ ਅਤੇ ਕਕਾਰਾਂ ਦੀ ਮਰਯਾਦਾ ਨੂੰ ਸਮਝਣ ਦਾ ਸਵਾਲ ਹੈ। ਕਿਰਪਾਨ ’ਤੇ ਟਿੱਪਣੀ ਕਰਨ ਤੋਂ ਪਹਿਲਾਂ ਉਸ ਇਤਿਹਾਸ ਨੂੰ ਪੜ੍ਹਨਾ ਪਵੇਗਾ, ਜਿਸ ਇਤਿਹਾਸ ਵਿੱਚ ਸਿੱਖਾਂ ਨੇ ਆਪਣਾ ਖ਼ੂਨ ਵਹਾ ਕੇ ਇਸ ਮਰਯਾਦਾ ਨੂੰ ਜਿਉਂਦਾ ਰੱਖਿਆ ਹੈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News