Home » ਨਵੀਂ ਦਿੱਲੀ » ਸ਼ਹੀਦ ਭਾਈ ਦਿਲਾਵਰ ਸਿੰਘ ਦੇ ਸ਼ਹਾਦਤ ਦਿਹਾੜੇ ’ਤੇ ਸਮਾਗਮ ਸਜਾਉਣ ਵਾਲੇ ਪ੍ਰਬੰਧਕਾਂ ਤੇ ਹਾਜ਼ਰੀ ਭਰਨ ਵਾਲੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ: ਪੰਥਕ ਜੱਥੇਬੰਦੀਆਂ ਜਰਮਨੀ

ਸ਼ਹੀਦ ਭਾਈ ਦਿਲਾਵਰ ਸਿੰਘ ਦੇ ਸ਼ਹਾਦਤ ਦਿਹਾੜੇ ’ਤੇ ਸਮਾਗਮ ਸਜਾਉਣ ਵਾਲੇ ਪ੍ਰਬੰਧਕਾਂ ਤੇ ਹਾਜ਼ਰੀ ਭਰਨ ਵਾਲੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ: ਪੰਥਕ ਜੱਥੇਬੰਦੀਆਂ ਜਰਮਨੀ

SHARE ARTICLE

11 Views

👉ਸ਼ਹੀਦ ਭਾਈ ਦਿਲਾਵਰ ਸਿੰਘ ਦੇ ਸ਼ਹਾਦਤ ਦਿਹਾੜੇ ’ਤੇ ਕੌਮੀ ਜਜ਼ਬੇ ਨੂੰ ਪ੍ਰਣਾਮ

ਨਵੀਂ ਦਿੱਲੀ 31 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਸ਼ਾਂਤੀ ਦੇ ਦੂਤ, ਜ਼ੁਲਮ, ਜਬਰ ਅਤੇ ਬੇਇਨਸਾਫ਼ੀ ਦੀਆਂ ਜੜ੍ਹਾਂ ਹਿਲਾ ਕੇ ਕੌਮ ਲਈ ਸ਼ਹੀਦੀ ਦਾ ਜਾਮ ਪੀਣ ਵਾਲੇ ਅਮਰ ਸ਼ਹੀਦ ਭਾਈ ਦਿਲਾਵਰ ਸਿੰਘ ਦੇ ਸ਼ਹਾਦਤ ਦਿਹਾੜੇ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਦੇਸ਼-ਵਿਦੇਸ਼ ਦੇ ਵੱਖ-ਵੱਖ ਅਸਥਾਨਾਂ ’ਤੇ ਸ਼ਹੀਦੀ ਸਮਾਗਮ ਉਲੀਕਣ ਵਾਲੇ ਜੁਝਾਰੂ ਪ੍ਰਬੰਧਕਾਂ ਅਤੇ ਹਾਜ਼ਰੀ ਭਰ ਕੇ ਸ਼ਹੀਦਾਂ ਨੂੰ ਸੀਸ ਝੁਕਾਉਣ ਵਾਲੀਆਂ ਸਮੂਹ ਸੰਗਤਾਂ ਦਾ ਜਰਮਨੀ ਦੀਆਂ ਸਮੂਹ ਪੰਥਕ ਜੱਥੇਬੰਦੀਆਂ ਵੱਲੋਂ ਤਹਿ ਦਿਲੋਂ ਧੰਨਵਾਦ ਅਤੇ ਜ਼ੋਰਦਾਰ ਫ਼ਤਿਹ ਬੁਲਾਈ ਜਾਂਦੀ ਹੈ! ਇੰਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜਰਮਨੀ ਦੀਆਂ ਪੰਥਕ ਜੱਥੇਬੰਦੀਆਂ ਦੇ ਸਮੂਹ ਬੁਲਾਰਿਆਂ ਨੇ ਸਾਂਝੇ ਤੌਰ ਤੇ ਕਿਹਾ ਸ਼ਹੀਦਾਂ ਦੀ ਯਾਦ ਕੋਈ ਇੱਕ ਦਿਨ ਦੀ ਮਹਿਜ਼ ਰਸਮ ਨਹੀਂ, ਇਹ ਤਾਂ ਸਾਡੀਆਂ ਰਗਾਂ ਵਿੱਚ ਵਗਦੇ ਅਣਖੀਲੇ ਲਹੂ, ਸਿਦਕ, ਕੁਰਬਾਨੀ ਅਤੇ ਕੌਮੀ ਸੋਚ ਦੀ ਉਹ ਮਿਸਾਲ ਹੈ ਜਿਸ ਨੂੰ ਅਗਲੀ ਪੀੜ੍ਹੀ ਦੇ ਸੀਨੇ ਵਿੱਚ ਬਾਲ਼ ਕੇ ਰੱਖਣਾ ਸਾਡਾ ਇਤਿਹਾਸਕ ਫ਼ਰਜ਼ ਹੈ। ਸਾਡੇ ਅਮਰ ਸ਼ਹੀਦ ਸਿੰਘਾਂ, ਸਿੰਘਣੀਆਂ, ਭੁਜੰਗੀਆਂ ਅਤੇ ਬਜ਼ੁਰਗਾਂ ਦੇ ਪਵਿੱਤਰ ਲਹੂ ਨਾਲ ਲਿਖੇ ਗਏ ਅਣਖੀਲੇ ਇਤਿਹਾਸ ਦੀ ਅਸਲ ਤਸਵੀਰ ਨੂੰ ਵਿਸ਼ਵ ਦੇ ਕੋਨੇ-ਕੋਨੇ ਤੱਕ ਪਹੁੰਚਾਉਣਾ ਅੱਜ ਦੀ ਸਭ ਤੋਂ ਵੱਡੀ ਲੋੜ ਹੈ। ਓਨ੍ਹਾ ਕਿਹਾ ਪੰਥਕ ਜੱਥੇਬੰਦੀਆਂ ਜਰਮਨੀ ਇਹ ਪੂਰਨ ਆਸ ਕਰਦੀਆਂ ਹਨ ਕਿ ਸ਼ਹੀਦਾਂ ਦਾ ਡੁੱਲ੍ਹਿਆ ਇੱਕ-ਇੱਕ ਖ਼ੂਨ ਦਾ ਕਤਰਾ ਸਾਡੀ ਨਵੀਂ ਪੀੜ੍ਹੀ ਅੰਦਰ ਉਹ ਅੱਗ ਅਤੇ ਚਾਨਣ ਦੀ ਚਿੰਗਾਰੀ ਭਰੇਗਾ, ਜੋ ਸਾਡੀ ਨੌਜਵਾਨੀ ਨੂੰ ਆਪਣੇ ਗੌਰਵਮਈ ਇਤਿਹਾਸ, ਵਿਰਸੇ ਅਤੇ ਹੱਕਾਂ ਲਈ ਮਰ-ਮਿਟਣ ਦਾ ਜਜ਼ਬਾ ਦੇਵੇਗੀ। ਆਓ, ਗੁਲਾਮੀ ਦੀਆਂ ਜੰਜੀਰਾਂ ਨੂੰ ਵਿਚਾਰਧਾਰਕ, ਸ਼ਾਂਤਮਈ ਅਤੇ ਜਮਹੂਰੀ ਸੰਘਰਸ਼ ਰਾਹੀਂ ਤੋੜ ਕੇ, ਖ਼ਾਲਿਸਤਾਨ ਦੀ ਸਥਾਪਨਾ ਦੀ ਕੌਮੀ ਤਾਂਘ ਨੂੰ ਵਿਸ਼ਵ ਭਾਈਚਾਰੇ ਸਾਹਮਣੇ ਪੂਰੀ ਦ੍ਰਿੜ੍ਹਤਾ ਅਤੇ ਲੋਕਤੰਤਰਿਕ ਤਾਕਤ ਨਾਲ ਬੁਲੰਦ ਕਰੀਏ।
ਸ਼ਹੀਦਾਂ ਦੀ ਯਾਦ ਨੂੰ ਸਿਰਫ਼ ਸਮਾਗਮਾਂ ਤੱਕ ਸੀਮਤ ਨਾ ਰੱਖਦਿਆਂ, ਉਨ੍ਹਾਂ ਦੇ ਅਸੂਲਾਂ, ਅਟੱਲ ਇਰਾਦਿਆਂ ਅਤੇ ਅਜ਼ੀਮ ਕੁਰਬਾਨੀਆਂ ਤੋਂ ਪ੍ਰੇਰਨਾ ਲੈ ਕੇ ਪੰਥਕ ਚੜ੍ਹਦੀ ਕਲਾ, ਹੱਕ-ਸੱਚ ਅਤੇ ਕੌਮੀ ਆਜ਼ਾਦੀ ਦੀ ਆਵਾਜ਼ ਨੂੰ ਹੋਰ ਪ੍ਰਚੰਡ ਕਰੀਏ—ਇਹੀ ਸਾਡੇ ਮਹਾਨ ਸ਼ਹੀਦਾਂ ਨੂੰ ਸੱਚੀ ਅਤੇ ਸੱਚੇ ਦਿਲੋਂ ਸਰਧਾਂਜਲੀ ਹੋਵੇਗੀ। ਇਸ ਮੌਕੇ ਜਰਮਨੀ ਦੀਆਂ ਪ੍ਰਮੁੱਖ ਪੰਥਕ ਜਥੇਬੰਦੀਆਂ ਦੇ ਆਗੂਆਂ ਵਿੱਚ ਬੱਬਰ ਖ਼ਾਲਸਾ ਜਰਮਨੀ ਦੇ ਜਥੇਦਾਰ ਭਾਈ ਰੇਸ਼ਮ ਸਿੰਘ ਬੱਬਰ, ਭਾਈ ਅਵਤਾਰ ਸਿੰਘ ਬੱਬਰ, ਭਾਈ ਰਾਜਿੰਦਰ ਸਿੰਘ ਬੱਬਰ, ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਗੁਰਦਿਆਲ ਸਿੰਘ ਲਾਲੀ, ਦਲ ਖਾਲਸਾ ਇੰਟਰਨੈਸ਼ਨਲ ਜਰਮਨੀ ਦੇ ਪ੍ਰਧਾਨ ਭਾਈ ਹਰਮੀਤ ਸਿੰਘ, ਭਾਈ ਅੰਗਰੇਜ਼ ਸਿੰਘ, ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਲਖਵਿੰਦਰ ਸਿੰਘ ਮੱਲ੍ਹੀ, ਭਾਈ ਸੁਖਵਿੰਦਰ ਸਿੰਘ ਕਲੋਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਦੇ ਪ੍ਰਧਾਨ ਭਾਈ ਹੀਰਾ ਸਿੰਘ ਮੱਤੇਵਾਲ ਅਤੇ ਭਾਈ ਰਾਜਵਿੰਦਰ ਸਿੰਘ ਰਾਜੂ ਸ਼ਾਮਲ ਸਨ। ਆਗੂਆਂ ਨੇ ਕਿਹਾ ਕਿ ਸ਼ਹੀਦਾਂ ਦੀ ਯਾਦ ਨੂੰ ਸਿਜਦਾ ਕਰਨਾ ਸਾਡੀ ਪੰਥਕ ਜ਼ਿੰਮੇਵਾਰੀ ਹੈ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਸਿੱਖ ਇਤਿਹਾਸ ਦੀ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਅਜਿਹੇ ਉਪਰਾਲੇ ਨਿਰੰਤਰ ਜਾਰੀ ਰਹਿਣੇ ਚਾਹੀਦੇ ਹਨ। ਸ਼ਹੀਦ ਭਾਈ ਦਿਲਾਵਰ ਸਿੰਘ – ਅਮਰ ਰਹੇ, ਪੰਥਕ ਚੜ੍ਹਦੀ ਕਲਾ – ਜ਼ਿੰਦਾਬਾਦ!

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News