ਪੁਰਤਗਾਲ, 7 ਅਗਸਤ: (ਹਰਜੀਤ ਸਿੰਘ) “ਜਦੋਂ ਅਸੀਂ ਸ਼ਰਧਾ ਅਤੇ ਪ੍ਰੇਮ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲਿਆਂ ਦੀ ਸੇਵਾ ਕਰਦੇ ਹਾਂ ਤਾਂ ਕੇਵਲ ਰੁਮਾਲਿਆਂ ਦੀ ਹੀ ਮੈਲ ਨਹੀਂ ਉਤਰਦੀ, ਸਗੋਂ ਮਨ ਦੀ ਮੈਲ ਵੀ ਧੁੱਲਦੀ ਹੈ। ਸੇਵਾ ਮਨੁੱਖ ਦੇ ਅੰਦਰ ਨਿਮਰਤਾ, ਸਮਰਪਣ ਅਤੇ ਗੁਰਮਤਿ ਦੀ ਭਾਵਨਾ ਪੈਦਾ ਕਰਦੀ ਹੈ।”
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਕੌਮ ਦੇ ਪ੍ਰਸਿੱਧ ਵਿਦਵਾਨ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਨੇ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਜੀ, ਮੋਇਤਾ (ਪੁਰਤਗਾਲ) ਵਿਖੇ ਕਰਵਾਏ ਗੁਰਮਤਿ ਸਮਾਗਮ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਗੁਰਦੁਆਰੇ ਕੇਵਲ ਮੱਥਾ ਟੇਕਣ ਦੇ ਸਥਾਨ ਨਹੀਂ, ਸਗੋਂ ਮਨੁੱਖਤਾ ਦੀ ਉਸਾਰੀ ਕਰਨ ਵਾਲੇ ਮਹਾਨ ਸਿੱਖਿਆ ਕੇਂਦਰ ਹਨ। ਇੱਥੇ ਮਨੁੱਖ ਭਾਂਡੇ ਮਾਂਜਣੇ, ਝਾੜੂ ਲਾਉਣੇ, ਪੋਚੇ ਲਾਉਣੇ, ਲੰਗਰ ਤਿਆਰ ਕਰਨੇ ਅਤੇ ਵਰਤਾਉਣੇ ਵਰਗੀਆਂ ਸੇਵਾਵਾਂ ਰਾਹੀਂ ਹਉਮੈ ਨੂੰ ਤਿਆਗਣਾ ਅਤੇ ਸਭ ਨੂੰ ਬਰਾਬਰ ਸਮਝਣਾ ਸਿੱਖਦਾ ਹੈ। ਦੁਨੀਆ ਦਾ ਅਮੀਰ ਵਿਅਕਤੀ ਆਪਣੇ ਘਰ ਦੇ ਨੌਕਰ ਨੂੰ ਆਪਣੇ ਨਾਲ ਬਰਾਬਰ ਨਹੀਂ ਬਿਠਾਉਂਦਾ, ਪਰ ਗੁਰੂ ਦੇ ਲੰਗਰ ਵਿੱਚ ਰਾਜਾ ਤੇ ਰੰਕ, ਅਮੀਰ ਤੇ ਗਰੀਬ, ਉੱਚੀ ਤੇ ਨੀਵੀਂ ਜਾਤ ਦਾ ਹਰ ਮਨੁੱਖ ਇੱਕੋ ਪੰਗਤ ਵਿੱਚ ਬੈਠ ਕੇ ਲੰਗਰ ਛਕਦਾ ਹੈ। ਇਹੀ ਗੁਰੂ ਨਾਨਕ ਸਾਹਿਬ ਤੋਂ ਚੱਲੀ ਸਮਾਨਤਾ ਦੀ ਕ੍ਰਾਂਤੀ ਹੈ।
ਭਾਈ ਧੂੰਦਾ ਨੇ ਕਿਹਾ ਕਿ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਹਾੜੀ ਰਾਜਿਆਂ ਨਾਲ ਕੋਈ ਜ਼ਮੀਨ ਜਾਂ ਰਾਜ-ਭਾਗ ਦਾ ਵਿਵਾਦ ਨਹੀਂ ਸੀ। ਉਨ੍ਹਾਂ ਦਾ ਵਿਰੋਧ ਇਸ ਗੱਲ ਕਰਕੇ ਸੀ ਕਿ ਗੁਰੂ ਸਾਹਿਬ ਉਹਨਾਂ ਲੋਕਾਂ ਨੂੰ, ਜਿਨ੍ਹਾਂ ਨੂੰ ਸਮਾਜ ਹੇਠਲਾ ਸਮਝਦਾ ਸੀ ਅਤੇ ਜੋ ਰਾਜਿਆਂ ਦੇ ਘੋੜਿਆਂ ਦੀਆਂ ਤਬੇਲਿਆਂ ਵਿੱਚ ਕੰਮ ਕਰਦੇ ਸਨ, ਆਪਣੇ ਬਰਾਬਰ ਦਾ ਸਨਮਾਨ ਦੇ ਰਹੇ ਸਨ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਸਿਰਫ਼ ਲੰਗਰ ਦੀ ਸੇਵਾ ਹੀ ਨਹੀਂ ਦਿੱਤੀ, ਸਗੋਂ ਸ਼ਸਤਰ ਵਿਦਿਆ ਵੀ ਸਿਖਾਈ ਅਤੇ ਇੱਕੋ ਬਾਟੇ ਵਿੱਚੋਂ ਖੰਡੇ ਦੀ ਪਾਹੁਲ ਛਕਾ ਕੇ ਮਨੁੱਖੀ ਬਰਾਬਰੀ ਦਾ ਅਮਰ ਸੰਦੇਸ਼ ਦਿੱਤਾ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਮਨੁੱਖਤਾ ਨੂੰ ਇੱਕੋ ਬਾਟੇ ਵਿੱਚ ਜੋੜਿਆ ਸੀ, ਪਰ ਅੱਜ ਡੇਰੇਦਾਰੀ ਪ੍ਰਥਾ ਅਤੇ ਪੰਥ ਵਿਰੋਧੀ ਰੁਝਾਨਾਂ ਨੇ ਉਸ ਇੱਕ ਬਾਟੇ ਨੂੰ ਵੀ ਵੰਡਣ ਦਾ ਯਤਨ ਕੀਤਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ ਜਾਤ, ਬਿਰਾਦਰੀ ਜਾਂ ਵਰਗ ਲਈ ਵੱਖਰਾ ਅੰਮ੍ਰਿਤ ਨਹੀਂ ਬਣਾਇਆ ਸੀ, ਪਰ ਅੱਜ ਕੁਝ ਥਾਵਾਂ ’ਤੇ ਖੰਡੇ ਦੀ ਪਾਹੁਲ ਨੂੰ ਵੀ ਵੱਖ-ਵੱਖ ਰੂਪਾਂ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਗੁਰਮਤਿ ਦੀ ਮੂਲ ਭਾਵਨਾ ਦੇ ਉਲਟ ਹੈ।
ਉਨ੍ਹਾਂ ਕਿਹਾ ਕਿ ਗੁਰਬਾਣੀ ਆਧਾਰਿਤ ਸੱਚ ਦੀ ਵਿਚਾਰ ਦਾ ਤਰਕ ਨਾਲ ਜਵਾਬ ਦੇਣਾ ਔਖਾ ਹੁੰਦਾ ਹੈ। ਇਸੇ ਕਰਕੇ ਸੱਚ ਦਾ ਵਿਰੋਧ ਕਰਨ ਵਾਲੇ ਲੋਕ ਅਕਸਰ ਗੁਰਮਤਿ ਦੀ ਰੌਸ਼ਨੀ ਅੱਗੇ ਨਿਰੁੱਤਰ ਹੋ ਜਾਂਦੇ ਹਨ।
ਸਮਾਗਮ ਦੀ ਸ਼ੁਰੂਆਤ ਸ਼ਾਮ ਨੂੰ ਸੋ ਦਰ ਰਹਿਰਾਸ ਸਾਹਿਬ ਦੇ ਪਾਵਨ ਪਾਠ ਨਾਲ ਹੋਈ। ਉਪਰੰਤ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਦਾ ਪ੍ਰਵਾਹ ਚੱਲਿਆ। ਇਸ ਮੌਕੇ ਦੂਰ-ਦੁਰਾਡੇ ਤੋਂ ਪੁੱਜੀਆਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰਬਾਣੀ ਦੇ ਉਪਦੇਸ਼ਾਂ ਨੂੰ ਸਰਵਣ ਕੀਤਾ ਅਤੇ ਗੁਰਮਤਿ ਜੀਵਨ ਦੀ ਪ੍ਰੇਰਣਾ ਪ੍ਰਾਪਤ ਕੀਤੀ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








