ਸਟੁਟਗਾਰਟ/ ਕੋਲਨ /ਸਟੁਟਗਾਰਟ (ਜਰਮਨੀ) 6 ਅਗਸਤ (ਖਿੜਿਆ ਪੰਜਾਬ) ਜਰਮਨੀ ਦੀਆਂ ਵੱਖ-ਵੱਖ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨੇ ਕਿਹਾ ਹੈ ਕਿ ਅੱਜ ਦੇ ਸਮੇਂ ਵਿੱਚ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਸਮਝਣ ਅਤੇ ਗੁਰਮਤਿ ਦੀ ਸਹੀ ਵਿਚਾਰ ਸੁਣਨ ਲਈ ਪਹਿਲਾਂ ਨਾਲੋਂ ਵੱਧ ਉਤਸ਼ਾਹ ਦਿਖਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਜਿੱਥੇ ਕੁਝ ਡੇਰੇਦਾਰ ਅਤੇ ਸਵੈ-ਘੋਸ਼ਿਤ ਧਾਰਮਿਕ ਆਗੂ ਵੱਖ-ਵੱਖ ਪ੍ਰਚਾਰ ਰਾਹੀਂ ਸੰਗਤ ਨੂੰ ਗੁਰਬਾਣੀ ਦੀ ਮੂਲ ਸਿੱਖਿਆ ਤੋਂ ਦੂਰ ਲਿਜਾਣ ਅਤੇ ਆਪਣੀਆਂ ਵੱਖਰੀਆਂ ਮਰਿਆਦਾਵਾਂ ਨੂੰ ਉਤਸ਼ਾਹਿਤ ਕਰਨ ਦਾ ਯਤਨ ਕਰ ਰਹੇ ਹਨ, ਉੱਥੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਿਤ ਗੁਰਮਤਿ ਵਿਦਵਾਨ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਨਾਲ ਜੋੜਨ ਲਈ ਨਿਰੰਤਰ ਯਤਨਸ਼ੀਲ ਹਨ।
ਇਸੇ ਕੜੀ ਤਹਿਤ ਸਿੱਖ ਕੌਮ ਦੇ ਪ੍ਰਸਿੱਧ ਗੁਰਮਤਿ ਵਿਦਵਾਨ ਭਾਈ ਸਰਬਜੀਤ ਸਿੰਘ ਧੂੰਦਾ ਇਨ੍ਹੀਂ ਦਿਨੀਂ ਯੂਰਪ ਦੇ ਦੌਰੇ ’ਤੇ ਹਨ। ਉਨ੍ਹਾਂ ਵੱਲੋਂ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ, ਗੁਰਦੁਆਰਾ ਦਸ਼ਮੇਸ਼ ਸ੍ਰੀ ਗੁਰੂ ਸਿੰਘ ਸਭਾ ਕੋਲਨ, ਗੁਰਦੁਆਰਾ ਗੁਰੂ ਨਾਨਕ ਨਿਵਾਸ ਸਟੁੱਟਗਾਰਟ, ਗੁਰਦੁਆਰਾ ਗੁਰੂ ਨਾਨਕ ਮਿਸ਼ਨ ਨਿਉਨਬਰਗ ਅਤੇ ਹੋਰ ਗੁਰਦੁਆਰਾ ਸਾਹਿਬਾਨ ਵਿੱਚ ਗੁਰਬਾਣੀ ਦੀ ਡੂੰਘੀ ਅਤੇ ਤਰਕਸੰਗਤ ਵਿਚਾਰ ਰਾਹੀਂ ਸੰਗਤਾਂ ਨੂੰ ਗੁਰਮਤਿ ਨਾਲ ਜੋੜਿਆ ਜਾ ਰਿਹਾ ਹੈ।
ਪ੍ਰਬੰਧਕ ਕਮੇਟੀਆਂ ਅਨੁਸਾਰ ਭਾਈ ਧੂੰਦਾ ਜੀ ਦੇ ਦੀਵਾਨਾਂ ਵਿੱਚ ਹਰ ਉਮਰ ਵਰਗ ਦੀ ਸੰਗਤ, ਖ਼ਾਸ ਕਰਕੇ ਨੌਜਵਾਨ, ਬੱਚੇ ਅਤੇ ਬੀਬੀਆਂ, ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰ ਰਹੇ ਹਨ। ਦੂਰ-ਦੂਰ ਤੋਂ ਸੰਗਤਾਂ ਦਾ ਉਤਸ਼ਾਹ ਨਾਲ ਪਹੁੰਚਣਾ ਇਸ ਗੱਲ ਦਾ ਪ੍ਰਗਟਾਵਾ ਕਰਦਾ ਹੈ ਕਿ ਸਿੱਖ ਸੰਗਤ ਗੁਰਬਾਣੀ ਦੀ ਵਿਚਾਰ ਨੂੰ ਸਮਝਣ ਅਤੇ ਆਪਣੇ ਜੀਵਨ ਵਿੱਚ ਅਪਣਾਉਣ ਲਈ ਗੰਭੀਰ ਰੁਚੀ ਰੱਖਦੀ ਹੈ।
ਪ੍ਰਬੰਧਕ ਕਮੇਟੀਆਂ ਨੇ ਦੱਸਿਆ ਕਿ ਸਮੇਂ ਦੀ ਸੀਮਤ ਉਪਲਬਧਤਾ ਕਾਰਨ ਭਾਈ ਸਰਬਜੀਤ ਸਿੰਘ ਧੂੰਦਾ ਹਰ ਗੁਰਦੁਆਰਾ ਸਾਹਿਬ ਵਿੱਚ ਇੱਕ ਹੀ ਸਮਾਗਮ ਕਰ ਸਕੇ ਹਨ। ਇਸ ਦੇ ਬਾਵਜੂਦ, ਹਰ ਸਮਾਗਮ ਉਪਰੰਤ ਸੰਗਤਾਂ ਅਤੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਦੁਬਾਰਾ ਯੂਰਪ ਆਉਣ ਅਤੇ ਹੋਰ ਗੁਰਮਤਿ ਸਮਾਗਮਾਂ ਰਾਹੀਂ ਸੰਗਤਾਂ ਨੂੰ ਗੁਰਬਾਣੀ ਦੀ ਵਿਚਾਰ ਦਾ ਲਾਭ ਦੇਣ ਦੀ ਭਰਪੂਰ ਅਪੀਲ ਕੀਤੀ ਜਾ ਰਹੀ ਹੈ।
ਅੰਤ ਵਿੱਚ ਸਿੱਖ ਸੰਸਥਾਵਾਂ ਅਤੇ ਪ੍ਰਬੰਧਕ ਕਮੇਟੀਆਂ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਸਦੀਵੀ ਗੁਰੂ ਮੰਨਦਿਆਂ ਗੁਰਬਾਣੀ ਦੀ ਵਿਚਾਰ ਨਾਲ ਜੁੜਨ, ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨ ਅਤੇ ਪੰਥਕ ਏਕਤਾ ਨੂੰ ਮਜ਼ਬੂਤ ਕਰਨ ਲਈ ਆਪਣਾ ਯੋਗਦਾਨ ਪਾਉਣ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








