ਨਵੀਂ ਦਿੱਲੀ 21 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਸ਼ਿਮਲਾ ਸਮਾਗਮ ਦੌਰਾਨ ਗੁਰੂ ਸਰੂਪ ਪੰਚਾਂ ਵੱਲੋਂ ਦਿੱਤੇ ਗਏ ਹੁਕਮ ਨੂੰ ਸਿਰ ਮੱਥੇ ਮੰਨਦਿਆਂ ਅਖੰਡ ਕੀਰਤਨੀ ਜਥੇ ਦੀ 31 ਮੈਂਬਰੀ ਅਤੇ 5 ਮੈਂਬਰੀ ਕਮੇਟੀ ਨੇ ਸਰਬਸੰਮਤੀ ਨਾਲ ਆਪਣੇ ਆਪ ਨੂੰ ਤੁਰੰਤ ਪ੍ਰਭਾਵ ਨਾਲ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਸੰਬੰਧੀ ਜੱਥੇ ਦੇ ਦਫ਼ਤਰੀ ਇੰਚਾਰਜ ਭਾਈ ਇੰਦਰਪਾਲ ਸਿੰਘ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਇਹ ਫ਼ੈਸਲਾ ਸ਼ਿਮਲਾ ਸਮਾਗਮ ਵਿੱਚ ਹੋਏ ਗੁਰਮਤਿ ਅਨੁਸਾਰ ਲਿਆ ਗਿਆ ਹੈ। ਜਾਰੀ ਕੀਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਦੇ ਨਾਲ ਹੀ ਭਾਰਤ ਅਤੇ ਵਿਸ਼ਵ ਭਰ ਵਿੱਚ ਅਖੰਡ ਕੀਰਤਨੀ ਜਥੇ ਅਧੀਨ ਕੰਮ ਕਰ ਰਹੀਆਂ ਸਮੂਹ ਸਥਾਨਕ, ਖੇਤਰੀ, ਰਜਿਸਟਰਡ, ਗੈਰ-ਰਜਿਸਟਰਡ ਕਮੇਟੀਆਂ, ਟਰੱਸਟ ਅਧੀਨ ਬਣੀਆਂ ਕਮੇਟੀਆਂ ਅਤੇ ਜਥੇਦਾਰਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸ਼ਿਮਲਾ ਸਮਾਗਮ ਵਿੱਚ ਗੁਰੂ ਸਰੂਪ ਪੰਚਾਂ ਵੱਲੋਂ ਹੋਏ ਹੁਕਮ ਨੂੰ ਕਮਾਉਂਦਿਆਂ ਆਪਣੇ ਸਾਰੇ ਅਹੁਦੇ ਅਤੇ ਕਮੇਟੀਆਂ ਖਤਮ ਕਰਕੇ ਗੁਰੂ ਦੀ ਸੰਗਤ ਦੇ ਰੂਪ ਵਿੱਚ ਇਕਜੁੱਟ ਹੋ ਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਜਥੇ ਦੀਆਂ ਸੇਵਾਵਾਂ ਨਿਭਾਉਣ। ਬਿਆਨ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ 31 ਮੈਂਬਰੀ ਕਮੇਟੀ ਦਾ ਕੋਈ ਵੀ ਮੈਂਬਰ ਜੇਕਰ ਕਿਸੇ ਹੋਰ ਕਮੇਟੀ ਜਾਂ ਅਹੁਦੇ ‘ਤੇ ਸੇਵਾ ਨਿਭਾ ਰਿਹਾ ਹੈ ਤਾਂ ਉਹ ਵੀ ਤੁਰੰਤ ਪ੍ਰਭਾਵ ਨਾਲ ਉਸ ਸੇਵਾ ਤੋਂ ਮੁਕਤ ਮੰਨਿਆ ਜਾਵੇਗਾ। ਜਾਰੀ ਬਿਆਨ ਵਿੱਚ ਸੰਗਤ ਨੂੰ ਆਪਸੀ ਮਤਭੇਦ ਭੁਲਾ ਕੇ ਨਿਮਰਤਾ, ਪ੍ਰੇਮ, ਏਕਤਾ ਅਤੇ ਗੁਰਮਤਿ ਦੀ ਭਾਵਨਾ ਨਾਲ ਜਥੇ ਦੀ ਚੜ੍ਹਦੀ ਕਲਾ ਲਈ ਮਿਲਜੁਲ ਕੇ ਸੇਵਾ ਕਰਨ ਦੀ ਅਪੀਲ ਕੀਤੀ ਗਈ ਹੈ। ਬਿਆਨ ਦਾ ਸਮਾਪਨ “ਹੁਕਮ ਗੁਰੂ ਦਾ, ਫ਼ਤਹਿ ਗੁਰੂ ਦੀ” ਦੇ ਸੰਦੇਸ਼ ਨਾਲ ਕੀਤਾ ਗਿਆ। ਇਹ ਬਿਆਨ ਸਮੂਹ ਵਿਸ਼ਵ ਵਿਆਪੀ 31 ਮੈਂਬਰਾਂ ਵੱਲੋਂ ਜਾਰੀ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਅਵਤਾਰ ਸਿੰਘ ਮੱਲੀਆਂ (ਸ੍ਰੀ ਅੰਮ੍ਰਿਤਸਰ)
ਬਲਵਿੰਦਰ ਸਿੰਘ ਮੱਲੀਆਂ ( ਸ੍ਰੀ ਅੰਮ੍ਰਿਤਸਰ)
ਹਰਦੀਪ ਸਿੰਘ ਮੱਲੀਆਂ ( ਸ੍ਰੀ ਅੰਮ੍ਰਿਤਸਰ)
ਸੁਖਦੇਵ ਸਿੰਘ ਮੱਲੀਆਂ ( ਸ੍ਰੀ ਅੰਮ੍ਰਿਤਸਰ )
ਧਨਵੰਤ ਸਿੰਘ ( ਸ੍ਰੀ ਅੰਮ੍ਰਿਤਸਰ )
ਰਵਿੰਦਰ ਸਿੰਘ ਖੰਡੇਵਾਲੇ (ਲੁਧਿਆਣਾ)
ਗੁਰਚਰਨ ਸਿੰਘ ਉੱਚੀ ਮੰਗਲੀ ( ਲੁਧਿਆਣਾ )
ਸੁਖਰਾਜ ਸਿੰਘ (ਬਟਾਲਾ )
ਅਮਨਦੀਪ ਸਿੰਘ ( ਸਿਰਸਾ )
ਕਮਲਜੀਤ ਸਿੰਘ (ਪਠਾਨਕੋਟ)
ਦਵਿੰਦਰ ਸਿੰਘ ( ਜੰਮੂ )
ਇੰਦਰਪਾਲ ਸਿੰਘ ( ਜਲੰਧਰ )
ਬਲਜੀਤ ਸਿੰਘ (ਜਲੰਧਰ)
ਅਮਰਜੀਤ ਸਿੰਘ ਅਲੂਣਾ (ਫ਼ਤਹਿਗੜ੍ਹ ਸਾਹਿਬ)
ਹਰਜੀਤ ਸਿੰਘ (ਖੰਨਾ )
ਅਮਰੀਕ ਸਿੰਘ (ਬਠਿੰਡਾ )
ਅਰਵਿੰਦਰ ਸਿੰਘ ਰਾਜਾ ( ਦਿੱਲੀ )
ਹਰਜਿੰਦਰ ਸਿੰਘ ( ਦਿੱਲੀ )
ਅਰੁਨਪਾਲ ਸਿੰਘ ( ਦਿੱਲੀ ) ਸਮੇਤ ਹੋਰ ਮੈਂਬਰ ਸ਼ਾਮਲ ਹਨ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








