Home » ਭਾਰਤ » ਦੇਹਰਾਦੂਨ ਵਿਖ਼ੇ ਨਿਰਮੋਲ ਗੁਰਮਤਿ ਕੈਂਪ 2026 ਸਫਲਤਾਪੂਰਵਕ ਸੰਪੰਨ, ਪ੍ਰਮੁੱਖ ਸ਼ਖਸੀਅਤਾਂ ਦਾ ਸਨਮਾਨ

ਦੇਹਰਾਦੂਨ ਵਿਖ਼ੇ ਨਿਰਮੋਲ ਗੁਰਮਤਿ ਕੈਂਪ 2026 ਸਫਲਤਾਪੂਰਵਕ ਸੰਪੰਨ, ਪ੍ਰਮੁੱਖ ਸ਼ਖਸੀਅਤਾਂ ਦਾ ਸਨਮਾਨ

SHARE ARTICLE

12 Views

ਨਵੀਂ ਦਿੱਲੀ, 9 ਜੂਨ (ਮਨਪ੍ਰੀਤ ਸਿੰਘ ਖਾਲਸਾ):- ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ, ਪਟੇਲ ਨਗਰ, ਦੇਹਰਾਦੂਨ ਵੱਲੋਂ 6 ਤੋਂ 9 ਜੂਨ ਤੱਕ ਆਯੋਜਿਤ ਨਿਰਮੋਲ ਗੁਰਮਤਿ ਕੈਂਪ 2026 ਸਫਲਤਾਪੂਰਵਕ ਸੰਪੰਨ ਹੋ ਗਿਆ। ਚਾਰ ਦਿਨਾਂ ਤੱਕ ਚੱਲੇ ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਭਾਗ ਲਿਆ ਅਤੇ ਗੁਰਮਤਿ ਸਿਧਾਂਤਾਂ, ਸਿੱਖ ਇਤਿਹਾਸ, ਗੁਰਬਾਣੀ ਵਿਚਾਰ ਅਤੇ ਸਿੱਖੀ ਜੀਵਨ ਮੁੱਲਾਂ ਬਾਰੇ ਡੂੰਘੀ ਜਾਣਕਾਰੀ ਹਾਸਲ ਕੀਤੀ। ਕੈਂਪ ਦੌਰਾਨ ਗਿਆਨੀ ਗੁਰਦੇਵ ਸਿੰਘ (ਆਸਟ੍ਰੇਲੀਆ), ਭਾਈ ਅਵਨੀਤ ਸਿੰਘ, ਭਾਈ ਹਰਤੇਰਥ ਸਿੰਘ, ਭਾਈ ਮਹਿਤਾਬ ਸਿੰਘ, ਭਾਈ ਇੰਦਰਪਾਲ ਸਿੰਘ (ਇਮੇਜਿਨਸਿੰਘ), ਡਾ. ਮਨਪ੍ਰੀਤ ਸਿੰਘ, ਭਾਈ ਹਰਵਿੰਦਰ ਸਿੰਘ, ਡਾ. ਪ੍ਰੀਤਮ ਸਿੰਘ (ਯੂਨਾਇਟਡ ਸਿੱਖਸ) ਅਤੇ ਭਾਈ ਜੋਗਿੰਦਰ ਸਿੰਘ ਨੇ ਆਪਣੇ ਵਿਚਾਰਾਂ ਰਾਹੀਂ ਨੌਜਵਾਨਾਂ ਨੂੰ ਗੁਰਮਤਿ, ਸਿੱਖੀ ਅਤੇ ਸਮਾਜ ਸੇਵਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਵੱਖ-ਵੱਖ ਵਿਦਵਾਨਾਂ ਵੱਲੋਂ ਕਰਵਾਏ ਗਏ ਇੰਟਰਐਕਟਿਵ ਸੈਸ਼ਨਾਂ ਨੂੰ ਭਾਗੀਦਾਰਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਕੈਂਪ ਵਿੱਚ ਗੁਰਮਤਿ ਲੈਕਚਰਾਂ, ਕੀਰਤਨ ਸਮਾਗਮਾਂ, ਗੁਰੂ ਇਤਿਹਾਸ, ਸੇਵਾ, ਕੈਲੀਗ੍ਰਾਫੀ, ਸੈਲਫ ਡਿਫੈਂਸ ਟ੍ਰੇਨਿੰਗ ਅਤੇ ਹੋਰ ਵਿਦਿਅਕ ਤੇ ਰਚਨਾਤਮਕ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਨੌਜਵਾਨਾਂ ਨੇ ਉਤਸ਼ਾਹ ਨਾਲ ਇਨ੍ਹਾਂ ਸਰਗਰਮੀਆਂ ਵਿੱਚ ਹਿੱਸਾ ਲੈਂਦਿਆਂ ਆਪਣੇ ਗਿਆਨ ਅਤੇ ਸ਼ਖਸੀਅਤ ਦੇ ਵਿਕਾਸ ਲਈ ਲਾਭਕਾਰੀ ਅਨੁਭਵ ਪ੍ਰਾਪਤ ਕੀਤੇ। ਸਮਾਪਤੀ ਸਮਾਗਮ ਅਤੇ ਕੀਰਤਨ ਦਰਬਾਰ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ। ਇਸ ਮੌਕੇ ਯੂਨਾਇਟਡ ਸਿੱਖਸ ਦੇ ਡਾਇਰੈਕਟਰ ਡਾ. ਪ੍ਰੀਤਮ ਸਿੰਘ ਸਮੇਤ ਪੰਥਕ, ਸਮਾਜਿਕ ਅਤੇ ਮਨੁੱਖਤਾ ਦੀ ਭਲਾਈ ਲਈ ਵਿਸ਼ੇਸ਼ ਸੇਵਾਵਾਂ ਨਿਭਾ ਰਹੀਆਂ ਮੋਹੱਤਵਰ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਦਿਆਂ ਉਨ੍ਹਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਅਜਿਹੀਆਂ ਸ਼ਖਸੀਅਤਾਂ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਸਰੋਤ ਹਨ ਅਤੇ ਉਨ੍ਹਾਂ ਦੇ ਜੀਵਨ ਤੋਂ ਸੇਧ ਲੈ ਕੇ ਸਮਾਜ ਦੀ ਬਿਹਤਰੀ ਲਈ ਯੋਗਦਾਨ ਪਾਇਆ ਜਾ ਸਕਦਾ ਹੈ। ਕੈਂਪ ਦੇ ਪ੍ਰਬੰਧਕਾਂ ਅਤੇ ਯੂਨਾਇਟਡ ਸਿੱਖਸ ਦੇ ਡਾ. ਭਾਈ ਪ੍ਰੀਤਮ ਸਿੰਘ (ਦਿੱਲੀ) ਨੇ ਇਸ ਸਫਲ ਆਯੋਜਨ ਲਈ ਸੇਵਾਦਾਰਾਂ, ਵਿਦਵਾਨਾਂ, ਮਾਪਿਆਂ ਅਤੇ ਸਮੂਹ ਸੰਗਤ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਗੁਰਮਤਿ ਕੈਂਪ ਨੌਜਵਾਨ ਪੀੜ੍ਹੀ ਨੂੰ ਆਪਣੇ ਧਾਰਮਿਕ ਅਤੇ ਸੱਭਿਆਚਾਰਕ ਵਿਰਸੇ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਵਿੱਚ ਅਨੁਸ਼ਾਸਨ, ਸੇਵਾ ਭਾਵਨਾ ਅਤੇ ਚੰਗੇ ਚਰਿੱਤਰ ਦੀ ਉਸਾਰੀ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News