Home » ਜੀਵਨ ਸ਼ੈਲੀ » “ ਰਕਤ ਨਾਲ ਲਿਖਿਆ ਸੱਚ, ਅਮਰ ਰੂਹਾਂ ਦੀ ਜਿੱਤੀ ਜੰਗ” ਜੂਨ 84 ਦੇ ਖੂਨੀ ਘੱਲੂਘਾਰੇ ਦੇ ਸ਼ਹੀਦਾਂ ਨੂੰ ਕੋਟਿਨ ਕੋਟਿ ਪ੍ਰਣਾਮ ! ਲੇਖਾਕ ਗੁਰਚਰਨ ਸਿੰਘ ਗੁਰਾਇਆ

“ ਰਕਤ ਨਾਲ ਲਿਖਿਆ ਸੱਚ, ਅਮਰ ਰੂਹਾਂ ਦੀ ਜਿੱਤੀ ਜੰਗ” ਜੂਨ 84 ਦੇ ਖੂਨੀ ਘੱਲੂਘਾਰੇ ਦੇ ਸ਼ਹੀਦਾਂ ਨੂੰ ਕੋਟਿਨ ਕੋਟਿ ਪ੍ਰਣਾਮ ! ਲੇਖਾਕ ਗੁਰਚਰਨ ਸਿੰਘ ਗੁਰਾਇਆ

SHARE ARTICLE

15 Views

ਰਕਤ ਦੀ ਰਾਹ ਕਦੇ ਵੀ ਆਸਾਨ ਨਹੀਂ ਹੁੰਦੀ। ਇਹ ਕੋਈ ਐਸਾ ਮਾਰਗ ਨਹੀਂ ਜਿਸ ਉੱਤੇ ਹਰ ਕੋਈ ਸੌਖਿਆਂ ਚੱਲ ਸਕੇ। ਇਹ ਰਾਹ ਤਿਆਗ, ਸਬਰ, ਅਡੋਲ ਵਿਸ਼ਵਾਸ ਅਤੇ ਆਤਮਿਕ ਉਚਾਈ ਦੀ ਮੰਗ ਕਰਦੀ ਹੈ। ਇਸ ਰਾਹ ‘ਤੇ ਕਦਮ ਰੱਖਣ ਵਾਲੇ ਨੂੰ ਆਪਣੇ ਸੁਖ ਅਰਾਮ, ਆਪਣੇ ਪਰਿਵਾਰ ਅਤੇ ਇੱਥੋਂ ਤੱਕ ਕਿ ਆਪਣੀ ਜ਼ਿੰਦਗੀ ਤੱਕ ਨੂੰ ਵੀ ਧਰਮ, ਸੱਚ ਅਤੇ ਮਨੁੱਖਤਾ ਦੇ ਚਰਨਾਂ ਵਿੱਚ ਸਮਰਪਿਤ ਕਰਨ ਲਈ ਤਿਆਰ ਹੋਣਾ ਪੈਂਦਾ ਹੈ। ਇਸੇ ਲਈ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਨੇ ਇਸ ਮਾਰਗ ‘ਤੇ ਚੱਲਣ ਲਈ “ਸੀਸ ਤਲੀ ਤੇ ਧਰ ਕੇ ਆਉਣ” ਦਾ ਉਪਦੇਸ਼ ਦਿੱਤਾ ਸੀ। ਇਹ ਕੇਵਲ ਸ਼ਬਦ ਨਹੀਂ ਸਨ, ਸਗੋਂ ਇੱਕ ਐਸੀ ਜੀਵਨ-ਰਹਿਣੀ ਦਾ ਐਲਾਨ ਸੀ ਜਿਸ ਵਿੱਚ ਸੱਚ ਲਈ ਸਭ ਕੁਝ ਵਾਰ ਦੇਣਾ ਹੀ ਅਸਲ ਜਿੱਤ ਮੰਨੀ ਜਾਂਦੀ ਹੈ।

ਇਸ ਰਾਹ ਨੂੰ ਅੱਗੇ ਵਧਾਉਂਦਿਆਂ ਗੁਰੂ ਅਰਜਨ ਸਾਹਿਬ ਜੀ ਨੇ ਤੱਤੀ ਤਵੀ ‘ਤੇ ਬੈਠ ਕੇ ਸ਼ਹਾਦਤ ਦਿੱਤੀ। ਉਹਨਾਂ ਦਾ ਸਰੀਰ ਤਪਦਾ ਰਿਹਾ, ਪਰ ਉਹਨਾਂ ਦੀ ਰੂਹ ਅਡੋਲ ਰਹੀ। ਇਹ ਸ਼ਹਾਦਤ ਸਿਰਫ਼ ਇੱਕ ਵਿਅਕਤੀ ਦੀ ਮੌਤ ਨਹੀਂ ਸੀ, ਸਗੋਂ ਇਹ ਜ਼ੁਲਮ ਦੇ ਖ਼ਿਲਾਫ਼ ਸੱਚ ਦੀ ਅਮਰ ਘੋਸ਼ਣਾ ਸੀ। ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਨੇ ਮਨੁੱਖੀ ਧਾਰਮਿਕ ਅਜ਼ਾਦੀ ਦੀ ਰੱਖਿਆ ਲਈ ਦਿੱਲੀ ਵਿੱਚ ਆਪਣਾ ਸੀਸ ਕੁਰਬਾਨ ਕਰ ਦਿੱਤਾ। ਉਹਨਾਂ ਨੇ ਆਪਣੇ ਲਈ ਨਹੀਂ, ਸਗੋਂ ਉਸ ਮਨੁੱਖਤਾ ਲਈ ਸ਼ਹਾਦਤ ਦਿੱਤੀ ਜਿਸਦਾ ਧਰਮ ਅਤੇ ਵਿਸ਼ਵਾਸ ਜ਼ਬਰਦਸਤੀ ਖੋਹਿਆ ਜਾ ਰਿਹਾ ਸੀ। ਇਤਿਹਾਸ ਵਿੱਚ ਇਹ ਉਦਾਹਰਨ ਵਿਰਲੀ ਹੈ ਕਿ ਕੋਈ ਆਪਣਾ ਧਰਮ ਨਹੀਂ, ਦੂਸਰੇ ਦੇ ਧਰਮ ਦੀ ਅਜ਼ਾਦੀ ਬਚਾਉਣ ਲਈ ਆਪਣਾ ਸੀਸ ਦੇ ਦੇਵੇ।

ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਵੇਲੇ ਆਪਣੇ ਸਿੱਖਾਂ ਅੱਗੇ ਪੰਜ ਸੀਸ ਮੰਗੇ। ਉਹ ਪਲ ਸਿਰਫ਼ ਇਕ ਇਮਤਿਹਾਨ ਨਹੀਂ ਸੀ; ਉਹ ਮਨੁੱਖੀ ਰੂਹ ਦੀ ਸਭ ਤੋਂ ਵੱਡੀ ਪਰਖ ਸੀ। ਉਸ ਪਰਚੇ ਵਿਚੋਂ ਪੰਜ ਪਿਆਰੇ ਪਾਸ ਹੋ ਕੇ ਨਿਕਲੇ, ਕਿਉਂਕਿ ਉਹਨਾਂ ਨੇ ਪਹਿਲਾਂ ਆਪਣੀ ਰੂਹ ਦੀ ਜੰਗ ਜਿੱਤੀ ਹੋਈ ਸੀ। ਉਹ ਡਰ, ਮੋਹ, ਅਹੰਕਾਰ ਅਤੇ ਮੌਤ ਤੋਂ ਉੱਪਰ ਉੱਠ ਚੁੱਕੇ ਸਨ। ਉਹਨਾਂ ਨੇ ਭਗਤੀ ਅਤੇ ਸ਼ਕਤੀ, ਮੀਰੀ ਅਤੇ ਪੀਰੀ ਦੇ ਸਿਧਾਂਤ ਨੂੰ ਆਪਣੀ ਜ਼ਿੰਦਗੀ ਵਿੱਚ ਵਸਾ ਲਿਆ ਸੀ। ਉਹ ਜਾਣਦੇ ਸਨ ਕਿ ਜਿਹੜਾ ਮਨੁੱਖ ਰੱਬ ਨਾਲ ਜੁੜ ਜਾਂਦਾ ਹੈ, ਉਹ ਮੌਤ ਤੋਂ ਵੀ ਨਹੀਂ ਡਰਦਾ।

ਇਹ ਲੜੀ ਸਿਰਫ਼ ਇਤਿਹਾਸ ਤੱਕ ਸੀਮਿਤ ਨਹੀਂ ਰਹੀ; ਇਹ ਅੱਜ ਤੱਕ ਜਾਰੀ ਹੈ। ਸਿੱਖ ਇਤਿਹਾਸ ਦਾ ਹਰ ਪੰਨਾ ਇਸ ਗੱਲ ਦਾ ਗਵਾਹ ਹੈ ਕਿ ਰਕਤ ਦੀ ਇਸ ਰਾਹ ਵਿੱਚੋਂ ਉਹੀ ਪਾਸ ਹੋ ਕੇ ਨਿਕਲੇ ਹਨ ਜਿਨ੍ਹਾਂ ਦੀ ਰੂਹ ਜਾਗਦੀ ਸੀ। ਜਿਨ੍ਹਾਂ ਦੇ ਅੰਦਰ ਧਰਮ ਲਈ ਜੀਉਣ ਅਤੇ ਮਰਣ ਦਾ ਹੌਸਲਾ ਸੀ। ਇਹ ਰਾਹ ਸਿਰਫ਼ ਤਲਵਾਰ ਚੁੱਕਣ ਦੀ ਨਹੀਂ, ਸਗੋਂ ਆਪਣੇ ਅੰਦਰਲੇ ਡਰ, ਲਾਲਚ ਅਤੇ ਕਮਜ਼ੋਰੀਆਂ ਨੂੰ ਮਾਰਣ ਦੀ ਰਾਹ ਹੈ।

ਮਨੁੱਖਤਾ ਲਈ ਦਿੱਤੇ ਗਏ ਇਹ ਰਕਤ ਦੇ ਬਲੀਦਾਨ ਉਹ ਬਲੀਦਾਨ ਹਨ ਜਿੱਥੇ ਧਰਤੀ ਲਾਲ ਹੋ ਕੇ ਵੀ ਸ਼ਰਮਾਂਦੀ ਨਹੀਂ, ਸਗੋਂ ਮਾਣ ਕਰਦੀ ਹੈ। ਕਿਉਂਕਿ ਇਹ ਖੂਨ ਕਿਸੇ ਜ਼ੁਲਮ, ਲਾਲਚ ਜਾਂ ਫਤਹਿ ਲਈ ਨਹੀਂ ਵਗਿਆ ਹੁੰਦਾ; ਇਹ ਸੱਚ, ਇਨਸਾਫ਼ ਅਤੇ ਮਨੁੱਖੀ ਮਰਯਾਦਾ ਦੀ ਰੱਖਿਆ ਲਈ ਵਗਦਾ ਹੈ। ਇਹ ਰਕਤ ਇਤਿਹਾਸ ਦੇ ਪੰਨਿਆਂ ‘ਤੇ ਨਹੀਂ, ਕੌਮਾਂ ਦੀਆਂ ਰੂਹਾਂ ‘ਤੇ ਲਿਖਿਆ ਜਾਂਦਾ ਹੈ।

ਪਰ ਇਸ ਰਾਹ ਦੇ ਨਾਲ-ਨਾਲ ਇੱਕ ਹੋਰ ਜੰਗ ਵੀ ਚਲਦੀ ਹੈ—ਰੂਹਾਂ ਦੀ ਜੰਗ। ਇਹ ਜੰਗ ਸਿਰਫ਼ ਤਲਵਾਰਾਂ, ਬੰਦੂਕਾਂ ਜਾਂ ਜੰਗ ਦੇ ਮੈਦਾਨਾਂ ਵਿੱਚ ਨਹੀਂ ਲੜੀ ਜਾਂਦੀ। ਇਹ ਮਨੁੱਖ ਦੇ ਅੰਦਰ ਲੜੀ ਜਾਂਦੀ ਹੈ। ਇਹ ਸੱਚ ਅਤੇ ਝੂਠ, ਧਰਮ ਅਤੇ ਅਧਰਮ, ਨਿਡਰਤਾ ਅਤੇ ਡਰ, ਅਸੂਲ ਅਤੇ ਸਮਝੌਤੇ ਦੇ ਵਿਚਕਾਰ ਦੀ ਜੰਗ ਹੈ। ਇਹ ਉਹ ਜੰਗ ਹੈ ਜਿਸ ਵਿੱਚ ਮਨੁੱਖ ਨੂੰ ਆਪਣੇ ਆਪ ਉੱਤੇ ਜਿੱਤ ਹਾਸਲ ਕਰਨੀ ਪੈਂਦੀ ਹੈ।
ਰਕਤ ਦੀ ਰਾਹ ਸਰੀਰਾਂ ਨੂੰ ਸ਼ਹੀਦ ਕਰਦੀ ਹੈ, ਪਰ ਰੂਹਾਂ ਦੀ ਜੰਗ ਉਹਨਾਂ ਸ਼ਹੀਦਾਂ ਨੂੰ ਅਮਰ ਕਰ ਦਿੰਦੀ ਹੈ। ਕਿਉਂਕਿ ਸਰੀਰ ਤਾਂ ਮਿੱਟੀ ਵਿੱਚ ਮਿਲ ਜਾਂਦੇ ਹਨ, ਪਰ ਉਹ ਰੂਹਾਂ ਜਿਨ੍ਹਾਂ ਨੇ ਸੱਚ ਲਈ ਲੜਨਾ ਸਿੱਖ ਲਿਆ ਹੋਵੇ, ਉਹ ਕਦੇ ਨਹੀਂ ਮਰਦੀਆਂ। ਉਹ ਪੀੜੀਆਂ ਨੂੰ ਜਗਾਉਂਦੀਆਂ ਹਨ, ਕੌਮਾਂ ਨੂੰ ਹੌਸਲਾ ਦਿੰਦੀਆਂ ਹਨ ਅਤੇ ਮਨੁੱਖਤਾ ਨੂੰ ਇਹ ਯਾਦ ਦਿਵਾਉਂਦੀਆਂ ਹਨ ਕਿ ਸੱਚ ਦੀ ਰਾਹ ਭਾਵੇਂ ਰਕਤ ਮੰਗਦੀ ਹੋਵੇ, ਪਰ ਅਖ਼ੀਰਕਾਰ ਉਹੀ ਰਾਹ ਇਨਸਾਨ ਨੂੰ ਅਮਰਤਾ ਵੱਲ ਲੈ ਜਾਂਦੀ ਹੈ।
ਅੱਜ ਵੀ ਜਦੋਂ ਜੂਨ 1984 ਦਾ ਖੂਨੀ ਘੱਲੂਘਾਰੇ ਦੀ 42 ਵਰ੍ਹੇਗੰਢ ਤੇ ਯਾਦ ਕਰਦਿਆ ਹੋਇਆ ਸਿੱਖ ਕੌਮ ਦਾ ਹਿਰਦਾ ਵੇਦਨਾ, ਵਿਛੋੜੇ ਅਤੇ ਮਾਣ ਦੀਆਂ ਭਾਵਨਾਵਾਂ ਨਾਲ ਭਰ ਜਾਂਦਾ ਹੈ। ਉਸ ਸਮੇਂ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹੋਏ ਹਮਲੇ ਨੇ ਕੇਵਲ ਇਮਾਰਤਾਂ ਨੂੰ ਹੀ ਨਿਸ਼ਾਨਾ ਨਹੀਂ ਬਣਾਇਆ, ਸਗੋਂ ਕਰੋੜਾਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਸਵੈਮਾਣ ਨੂੰ ਵੀ ਗਹਿਰੀ ਸੱਟ ਮਾਰੀ। ਅਨੇਕਾਂ ਨਿਰਦੋਸ਼ ਸੰਗਤਾਂ, ਜੋ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਨਤਮਸਤਕ ਹੋਣ ਪਹੁੰਚੀਆਂ ਸਨ, ਇਸ ਖੂਨੀ ਸਾਕੇ ਵਿੱਚ ਸ਼ਹੀਦ ਹੋਈਆਂ ।

ਉਸ ਔਖੇ ਅਤੇ ਇਤਿਹਾਸਕ ਸਮੇਂ ਵਿੱਚ ਅਨੇਕਾਂ ਸਿੰਘਾਂ ਨੇ ਖਾਲਸਾਈ ਰਵਾਇਤਾਂ ਨੂੰ ਦੁਹਰਾਉਂਦਿਆਂ ਹੋਇਆ ਅਦੁੱਤੀ ਹਿੰਮਤ, ਅਡੋਲ ਵਿਸ਼ਵਾਸ ਅਤੇ ਦ੍ਰਿੜਤਾ ਦਾ ਭਾਰਤੀ ਫੌਜਾਂ ਨੂੰ ਮੂੰਹ ਤੋੜ ਜੁਵਾਬ ਦਿੱਤਾ। ਉਹਨਾਂ ਨੇ ਆਪਣੇ ਵਿਸ਼ਵਾਸ, ਆਪਣੀ ਪਛਾਣ ਅਤੇ ਆਪਣੇ ਅਸੂਲਾਂ ਦੀ ਰੱਖਿਆ ਲਈ ਹਰ ਤਰ੍ਹਾਂ ਦੀ ਕੁਰਬਾਨੀ ਸਵੀਕਾਰ ਕੀਤੀ। ਉਹਨਾਂ ਦੇ ਵਗਾਏ ਰਕਤ ਨੇ ਇਹ ਸਾਬਤ ਕੀਤਾ ਕਿ ਸਰੀਰਾਂ ਨੂੰ ਮਾਰਿਆ ਜਾ ਸਕਦਾ ਹੈ, ਪਰ ਸੱਚ, ਸਿਦਕ ਅਤੇ ਆਤਮਿਕ ਅਡੋਲਤਾ ਨੂੰ ਨਹੀਂ।

ਜੂਨ 1984 ਦੇ ਸਮੂਹ ਸ਼ਹੀਦ ਸਿੰਘਾਂ, ਸਿੰਘਣੀਆਂ ਅਤੇ ਨਿਰਦੋਸ਼ ਸ਼ਰਧਾਲੂਆਂ ਦੀ ਯਾਦ ਸਿੱਖ ਇਤਿਹਾਸ ਦਾ ਅਮਿੱਟ ਅਧਿਆਇ ਹੈ। ਉਹ ਮਹਾਨ ਰੂਹਾਂ, ਜਿਨ੍ਹਾਂ ਨੇ ਆਪਣੇ ਲਹੂ ਨਾਲ ਸੱਚ, ਅਣਖ ਅਤੇ ਆਜ਼ਾਦੀ ਦੀ ਇਬਾਰਤ ਲਿਖੀ, ਅੱਜ ਵੀ ਕੌਮ ਦੀ ਚੇਤਨਾ ਵਿੱਚ ਜੀਵੰਤ ਹਨ। ਉਹਨਾਂ ਦੀ ਕੁਰਬਾਨੀ ਸਿਰਫ਼ ਇਤਿਹਾਸ ਦਾ ਹਿੱਸਾ ਨਹੀਂ, ਸਗੋਂ ਆਉਣ ਵਾਲੀਆਂ ਪੀੜੀਆਂ ਲਈ ਹੌਸਲੇ, ਸਿਦਕ ਅਤੇ ਸੱਚ ਪ੍ਰਤੀ ਅਡੋਲਤਾ ਦਾ ਸਦੀਵੀ ਸੰਦੇਸ਼ ਹੈ।
ਜੂਨ 1984 ਦੇ ਘੱਲੂਘਾਰੇ ਦੇ ਸਮੂਹ ਮਹਾਨ ਸ਼ਹੀਦ ਰੂਹਾਂ ਨੂੰ ਕੋਟਿਨ-ਕੋਟਿ ਪ੍ਰਣਾਮ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਹੈਨਰੀ ਨੋਵਾਕ ਕਤਲ ਮਾਮਲੇ ਯੂਕੇ ਗ੍ਰਹਿ ਮੰਤਰੀ ਨੂੰ ਭੇਜੇ ਗਏ ਪੱਤਰ ਵਿੱਚ ਸੀਪੀਐਸ ਅਤੇ ਪੁਲਿਸ ਦੀਆਂ ਗੰਭੀਰ ਗਲਤੀਆਂ ਬੇਨਕਾਬ ਕਰਣ ਦੀ ਮੰਗ 👉 ਪੁਲਿਸ ਦੀ ਨਾਕਾਮੀ ਦਿਗਵਾ ਵੱਲੋਂ ਵਰਤਿਆ ਗਿਆ ਕਤਲ ਦਾ ਹਥਿਆਰ ਸਿੱਖ ਧਰਮ ਦੇ ਪੰਜ ਕਕਾਰਾਂ ਵਿੱਚੋਂ ਇੱਕ ਪਵਿੱਤਰ ਕਿਰਪਾਨ ਨਹੀਂ